ਸੰਪਾਦਕੀ- ਰਾਸ਼ਟਰਪਤੀ ਟਰੰਪ ਦਾ ਕਿੰਗ ਆਫ ਅਮਰੀਕਾ ਵਾਲਾ ਵਿਵਹਾਰ ਵਿਸ਼ਵ ਲਈ ਚਿੰਤਾਜਨਕ…

-ਸੁਖਵਿੰਦਰ ਸਿੰਘ ਚੋਹਲਾ-

ਅਮਰੀਕਾ ਦੇ ਦੂਸਰੀ ਵਾਰ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਨੇ ਆਪਣੇ ਅਹੁਦੇ ਦਾ ਹਲਫ ਲੈਂਦਿਆਂ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਅਤੇ ਸੁਨਹਿਰੀ ਯੁਗ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ ਕੁਝ ਅਜਿਹੀਆਂ ਗੱਲਾਂ ਵੀ ਕੀਤੀਆਂ ਹਨ ਜਿਹਨਾਂ ਤੋਂ ਉਹਨਾਂ ਦੇ ਆਉਣ ਵਾਲੇ ਚਾਰ ਸਾਲ ਦੀ ਕਾਰਜ ਪ੍ਰਣਾਲੀ ਦੀ ਨਿਸ਼ਾਨਦੇਹੀ ਕਰਨੀ ਕੋਈ ਔਖੀ ਨਹੀਂ। ਉਹਨਾਂ ਨੇ ਆਪਣੇ ਅੱਖੜ ਤੇ ਹੰਗੜਊ ਵਿਹਾਰ ਦਾ ਝਲਕਾਰਾ ਦਿੰਦਿਆਂ ਗੈਰ ਕਨੂੰਨੀ ਪ੍ਰਵਾਸ ਨੂੰ ਸਖਤੀ ਨਾਲ ਰੋਕਣ ਲਈ ਮੈਕਸੀਕੋ ਦੀ ਸਰਹੱਦ ਤੇ ਐਮਰਜੈਂਸੀ ਲਾਗੂ ਕਰਨ, ਅਮਰੀਕੀ ਸਰਹੱਦ ਤੇ ਸ਼ਰਨ ਮੰਗਣ ਵਾਲਿਆਂ ਨੂੰ ਇਨਕਾਰ ਕਰਨ, ਹਜਾਰਾਂ ਗੈਰ ਕਨੂੰਨੀ ਪਰਵਾਸੀਆਂ ਨੂੰ ਫੜਨ ਤੇ ਡਿਪੋਰਟ ਕਰਨ ਦੀ ਪ੍ਰਕਿਰਿਆ ਦੇ ਸੁਰੱਖਿਆਂ ਏਜੰਸੀਆਂ ਨੂੰ ਅਧਿਕਾਰ ਦੇਣ ਤੋਂ ਇਲਾਵਾ ਜਨਮ ਆਧਾਰਿਤ ਨਾਗਰਿਕਤਾ ਦੇ ਅਧਿਕਾਰ ਨੂੰ ਖਤਮ ਕਰਨ ਤੇ ਥਰਡ ਜੈਂਡਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਨ ਨਾਲ ਜਿਥੇ ਲੋਕਾਂ ਵਿਚ ਤਰਥੱਲੀ ਜਿਹੀ ਮਚਾ ਦਿੱਤੀ ਹੈ, ਉਥੇ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਦੀ ਮੈਂਬਰਸ਼ਿਪ ਵਾਪਿਸ ਲੈਣ ਅਤੇ ਵਾਤਵਰਣ ਦੀ ਸੰਭਾਲ ਲਈ ਪੈਰਿਸ ਸੰਧੀ ਨੂੰ ਤੋੜਨ ਦੇ ਐਲਾਨਾਂ ਨੇ ਵਿਸ਼ਵ ਭਰ ਨੂੰ ਅਮਰੀਕਾ ਦੇ ਨਿਰਕੁੰਸ਼ ਰਾਜ ਤੰਤਰ ਵੱਲ ਵਧਣ ਦੇ ਸੰਕੇਤ ਦਿੱਤੇ ਹਨ। ਕਹਿਣ ਨੂੰ ਤਾਂ ਰਾਸ਼ਟਰਪਤੀ ਟਰੰਪ ਨੇ ਅਮਰੀਕਾ ਲਈ ਸੁਨਹਿਰੀ ਯੁਗ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ ਪਰ ਉਹਨਾਂ ਰਾਸ਼ਟਰਪਤੀ ਬਣਦਿਆਂ ਹੀ ਜਿਹੜੇ ਪਹਿਲੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਉਸ ਨਾਲ ਹਰ ਪਾਸੇ ਇਕ ਡਰ ਤੇ ਸ਼ੰਕਾ ਵਾਲਾ ਮਾਹੌਲ ਬਣ ਗਿਆ ਹੈ। ਰਾਸ਼ਟਰਪਤੀ ਅਹੁਦੇ ਦਾ ਹਲਫ ਲੈਣ ਤੋਂ ਪਹਿਲਾਂ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਦੀਆਂ ਵਸਤਾਂ ਉਪਰ 25 ਪ੍ਰਤੀਸ਼ਤ ਟੈਰਿਫ ਲਗਾਉਣ ਦੀਆਂ ਜੋ ਧਮਕੀਆਂ ਦਾ ਮਾਹੌਲ ਬਣਾਇਆਂ ਸੀ ਭਾਵੇਂਕਿ ਉਹਨਾਂ ਨੇ ਆਪਣੇ ਪਹਿਲੇ ਹੁਕਮਾਂ ਵਿਚ ਅਜਿਹਾ ਕੁਝ ਨਹੀ ਕੀਤਾ ਪਰ ਸੰਕੇਤ ਦਿੱਤੇ ਹਨ ਕਿ ਉਹ ਫਰਵਰੀ ਮਹੀਨੇ ਅਜਿਹਾ ਕੁਝ ਕਰ ਸਕਦੇ ਹਨ।

ਉਹ ਪਿਛਲੇ ਸਮੇਂ ਤੋਂ ਕੈਨੇਡਾ ਉਪਰ ਗੈਰ ਕਨੂੰਨੀ ਪ੍ਰਵਾਸ ਤੇ ਡਰੱਗ ਵਪਾਰ ਨੂੰ ਰੋਕਣ ਲਈ ਸਰਹੱਦ ਉਪਰ ਸਖਤੀ ਨਾ ਕੀਤੇ ਜਾਣ ਦਾ ਖਮਿਆਜਾ ਭੁਗਤਣ ਲਈ 25 ਪ੍ਰਤੀਸ਼ਤ ਟੈਰਿਫ ਲਗਾਉਣ ਦੀਆਂ ਧਮਕੀਆਂ ਨੂੰ ਜਾਇਜ਼ ਠਹਿਰਾਉਂਦੇ ਰਹੇ ਹਨ। ਉਹ ਇਥੋਂ ਤੱਕ ਵੀ ਕਹਿੰਦੇ ਰਹੇ ਹਨ ਕਿ ਕੈਨੇਡਾ ਨੂੰ ਆਪਣੇ ਬਚਾਅ ਅਤੇ ਸੁਰੱਖਿਆ ਲਈ ਅਮਰੀਕਾ ਦੀ 51ਵੀਂ ਸਟੇਟ ਬਣ ਚਾਹੀਦਾ ਹੈ। ਉਹਨਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਕਈ ਵਾਰ ਗਵਰਨਰ ਜਨਰਲ ਆਫ ਕੈਨੇਡਾ ਕਹਿਕੇ ਸੰਬੋਧਨ ਕਰਨ ਵਿਚ ਕੋਈ ਝਿਜਕ ਮਹਿਸੂਸ ਨਹੀਂ ਕੀਤੀ।

ਅਮਰੀਕੀ ਰਾਸ਼ਟਰਪਤੀ ਵਲੋਂ ਕੈਨੇਡਾ ਖਿਲਾਫ ਭਾਰੀ ਭਰਕਮ ਟੈਕਸ ਲਗਾਏ ਜਾਣ ਦੀਆਂ ਧਮਕੀਆਂ ਦੇ ਦਰਮਿਆਨ ਕੈਨੇਡਾ ਸਰਕਾਰ ਅਤੇ ਸੂਬਿਆਂ ਦੇ ਪ੍ਰੀਮੀਅਰਾਂ ਨੇ ਰਾਸ਼ਟਰਪਤੀ ਟਰੰਪ ਨਾਲ ਕਈ ਵਾਰ ਰਾਬਤਾ ਬਣਾਇਆ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸਭ ਦੋਵਾਂ ਮੁਲਕਾਂ ਦੇ ਆਵਾਮ ਅਤੇ ਆਪਸੀ ਸਬੰਧਾਂ ਦੇ ਹਿੱਤ ਵਿਚ ਨਹੀ ਪਰ ਟਰੰਪ ਨੇ ਕਿਤੇ ਵੀ ਉਹਨਾਂ ਨੂੰ ਅਜਿਹਾ ਨਾ ਕਰਨ ਦਾ ਭਰੋਸਾ ਨਹੀ ਦਿੱਤਾ। ਕੈਨੇਡੀਅਨ ਸਿਆਸਤਦਾਨਾਂ ਤੇ ਆਰਥਿਕ ਮਾਹਿਰਾਂ ਦੀ ਰਾਇ ਹੈ ਕਿ ਰਾਸ਼ਟਰਪਤੀ ਟਰੰਪ ਦੇ ਤਾਜਾ ਹੁਕਮਾਂ ਨੂੰ ਵੇਖਦਿਆਂ ਮੰਨਿਆ ਜਾ ਸਕਦਾ ਹੈ ਕਿ ਉਹ ਕੈਨੇਡਾ ਖਿਲਾਫ ਟੈਰਿਫ ਵਾਲੇ ਡਰਾਵੇ ਨੂੰ ਸੱਚ ਕਰਕੇ ਵਿਖਾ ਸਕਦੇ ਹਨ। ਅਜਿਹਾ ਖਦਸ਼ਾ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੀ ਪ੍ਰਗਟਾ ਚੁੱਕੇ ਹਨ। ਕੈਨੇਡਾ ਜੋ ਕਿ ਅਮਰੀਕਾ ਨੂੰ ਵੱਡੇ ਪੱਧਰ ਤੇ ਤੇਲ,ਗੈਸ, ਖਣਿਜਾਂ ਤੇ ਹੋਰ ਕੀਮਤੀ ਵਸਤਾਂ ਦਾ ਵੱਡਾ ਬਰਾਮਦਕਾਰ ਹੈ,ਨੂੰ ਅਮਰੀਕਾ ਦੇ ਟੈਰਿਫ ਖਤਰੇ ਖਿਲਾਫ ਵਪਾਰਕ ਪੇਸ਼ਬੰਦੀਆਂ ਦੇ ਹਰ ਪਹਿਲੂ ਉਪਰ ਵਿਚਾਰ ਕਰਨ ਦੀ ਲੋੜ ਹੈ। ਕੈਨੇਡਾ ਦੇ ਕੁਝ ਕੰਸਰਵੇਟਿਵ ਆਗੂਆਂ ਵਲੋਂ ਟਰੰਪ ਦੇ ਸਖਤ ਵਿਵਹਾਰ ਨੂੰ ਲੈਕੇ ਪ੍ਰਧਾਨ ਮੰਤਰੀ ਟਰੂਡੋ ਉਪਰ ਤਨਜ਼ ਕੱਸੇ ਜਾ ਰਹੇ ਸਨ। ਉਹਨਾਂ ਦਾ ਵਿਚਾਰ ਹੈ ਕਿ ਟਰੰਪ ਵਲੋਂ ਕੈਨੇਡਾ ਖਿਲਾਫ ਟੈਰਿਫ ਲਗਾਉਣ ਦੀਆਂ ਗੱਲਾਂ ਟਰੂਡੋ ਸਰਕਾਰ ਦੀਆਂ ਗਲਤ ਨੀਤੀਆਂ ਦਾ ਸਿੱਟਾ ਹਨ। ਕੰਸਰਵੇਟਿਵ ਆਗੂਆਂ ਦੇ ਇਹਨਾਂ ਦੋਸ਼ਾਂ ਵਿਚ ਟਰੰਪ ਦੀ ਲਿਬਰਲਾਂ ਖਿਲਾਫ ਬਦਲਾਲਊ ਸੋਚ ਨੂੰ ਸਮਝਿਆ ਜਾ ਰਿਹਾ ਸੀ ਕਿਉਂਕਿ ਲਿਬਰਲ ਆਗੂਆਂ ਵਲੋਂ ਰਾਸ਼ਟਰਪਤੀ ਚੋਣ ਦੌਰਾਨ ਟਰੰਪ ਦੀ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਦੀ ਮਦਦ ਕਰਨਾ ਤੇ ਫਿਰ ਪ੍ਰਧਾਨ ਮੰਤਰੀ ਟਰੂਡੋ ਵਲੋਂ ਇਹ ਬਿਆਨ ਦੇਣਾ ਕਿ ਅਮਰੀਕੀ ਲੋਕਾਂ ਨੇ ਕਮਲਾ ਹੈਰਿਸ ਦੀ ਥਾਂ ਟਰੰਪ ਦੀ ਚੋਣ ਕਰਨ ਵਿਚ ਵੱਡੀ ਗਲਤੀ ਕੀਤੀ, ਨੂੰ ਟਰੰਪ ਦੀ ਨਾਰਾਜ਼ਗੀ ਵਜੋਂ ਵੇਖਿਆ ਜਾ ਰਿਹਾ ਸੀ। ਪਰ ਹੁਣ ਰਾਸ਼ਟਰਪਤੀ ਟਰੰਪ ਵਲੋਂ ਜਾਰੀ ਕੀਤੇ ਆਪਣੇ ਐਗਜੈਕਟਿਵ ਨਿਰਦੇਸ਼ਾਂ ਤੋਂ ਸਮਝਿਆ ਜਾ ਸਕਦਾ ਹੈ ਕਿ ਉਹਨਾਂ ਨੇ ਬਾਇਡਨ ਪ੍ਰਸ਼ਾਸਨ ਦੇ 80 ਦੇ ਕਰੀਬ ਕਨੂੰਨਾਂ ਨੂੰ ਦਬਦੀਲ ਕਰਦਿਆਂ ਕਿਹੜਾ ਰਾਹ ਚੁਣਿਆ ਹੈ। ਅਮਰੀਕਾ ਵਿਚ ਗੈਰ ਕਨੂੰਨੀ ਪਰਵਾਸੀਆਂ ਦੇ ਦਾਖਲੇ ਬਾਰੇ ਸਖਤੀ ਅਪਨਾਉਣ ਜਾਂ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਦੇ ਯਤਨਾਂ ਨੂੰ ਕਿਸੇ ਕਨੂੰਨੀ ਚਾਰਾਜੋਈ ਵਜੋਂ ਵੇਖਿਆ ਜਾ ਸਕਦਾ ਹੈ ਪਰ ਉਹਨਾਂ ਵਲੋਂ ਲਿੰਗਕ ਪਛਾਣ ਵਿਚ ਥਰਡ ਜੈਂਡਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਨ ਮਾਨਵੀ ਹੱਕਾਂ ਦੀ ਵੱਡੀ ਉਲੰਘਣਾ ਹੈ। ਅਮਰੀਕਾ ਵਿਚ ਟਰਾਂਸਜੈਂਡਰ ਜਾਂ ਥਰਡ ਜੈਂਡਰ ਦੀ ਵੱਡੀ ਆਬਾਦੀ ਦੇ ਜੀਵਨ ਦੇ ਮੁਢਲੇ ਅਧਿਕਾਰ ਉਪਰ ਹੀ ਪ੍ਰਸ਼ਨ ਚਿੰਨ ਲਗਾ ਦਿੱਤਾ ਗਿਆ ਹੈ। ਟਰੰਪ ਵਲੋਂ ਜਨਮ ਆਧਾਰਿਤ ਨਾਗਰਿਕਤਾ ਨੂੰ ਖਤਮ ਕੀਤੇ ਜਾਣ ਦਾ ਹੁਕਮ ਵੀ ਮਨੁੱਖ ਦੇ ਜਨਮ ਸਿੱਧ ਅਧਿਕਾਰ ਉਪਰ ਵੱਡਾ ਹਮਲਾ ਹੈ। ਭਾਵੇਂਕਿ ਅਮਰੀਕਾ ਦੇ 20 ਦੇ ਕਰੀਬ ਸੂਬਿਆਂ ਨੇ ਰਾਸ਼ਟਰਪਤੀ ਦੇ ਇਸ ਹੁਕਮ ਨੂੰ ਅਦਾਲਤ ਵਿਚ ਚੁਣੌਤੀ ਦੇ ਦਿੱਤੀ ਹੈ ਪਰ ਇਸ ਨਾਲ ਲੱਖਾਂ ਕੱਚੇ ਕਾਮਿਆਂ ਨੂੰ ਆਪਣੀ ਔਲਾਦ ਦੇ ਭਵਿੱਖ ਨੂੰ ਲੈਕੇ ਵੱਡੀ ਚਿੰਤਾ ਵਿਚ ਪਾ ਦਿੱਤਾ ਹੈ। ਇਸ ਹੁਕਮ ਦੇ ਕਨੂੰਨ ਦਾ ਰੂਪ ਅਖਤਿਆਰ ਕੀਤੇ ਜਾਣ ਤੋਂ ਪਹਿਲਾਂ ਹਜਾਰਾਂ ਗਰਭਵਤੀ ਮਾਵਾਂ ਵਲੋਂ ਸਮੇਂ ਤੋ ਪਹਿਲਾਂ ਸਜੇਰੀਅਨ ਅਪ੍ਰੇਸ਼ਨ ਰਾਹੀਂ ਬੱਚਾ ਪੈਦਾ ਕਰਨ ਦੇ ਦਿਲ ਕੰਬਾਊ ਫੈਸਲੇ ਲਏ ਜਾ ਰਹੇ ਹਨ। ਸੋਚਿਆ ਜਾ ਸਕਦਾ ਹੈ ਕਿ ਦੁਨੀਆ ਨੂੰ ਮਾਨਵੀ ਤੇ ਜਮਹੂਰੀ ਹੱਕਾਂ ਦਾ ਪਾਠ ਪੜਾਉਣ ਵਾਲਾ ਮਹਾਨ ਮੁਲਕ ਆਪਣੇ ਮੁਲਕ ਵਿਚ ਵਸਦੇ ਲੋਕਾਂ ਨਾਲ ਕਿਹੋ ਜਿਹਾ ਅਮਾਨਵੀ ਵਰਤਾਅ ਕਰਨ ਜਾ ਰਿਹਾ ਹੈ। ਇਸਤੋਂ ਵੀ ਅੱਗੇ ਟਰੰਪ ਵਲੋਂ ਵਿਸ਼ਵ ਸਿਹਤ ਸੰਸਥਾ ਦੀ ਮੈਂਬਰਸ਼ਿਪ ਖਤਮ ਕਰਨ ਦਾ ਫੈਸਲਾ ਇਹ ਦੱਸਣ ਲਈ ਕਾਫੀ ਹੈ ਕਿ ਵਿਸ਼ਵ ਸਾਹਵੇਂ ਕਿਸੇ ਵੀ ਆਫਤ ਦੇ ਮੁਕਾਬਲੇ ਲਈ ਅਮਰੀਕਾ ਹੁਣ ਦੁਨੀਆਂ ਦੇ ਨਾਲ ਨਹੀ ਹੈ। ਟਰੰਪ ਦਾ ਤਰਕ ਹੈ ਕਿ ਅਮਰੀਕਾ ਵਿਸ਼ਵ ਸਿਹਤ ਸੰਗਠਨ ਨੂੰ ਹਰ ਸਾਲ 500 ਮਿਲੀਅਨ ਡਾਲਰ ਦਾ ਫੰਡ ਦਿੰਦਾ ਹੈ ਜਦੋਂਕਿ ਕੇਵਲ 39 ਮਿਲੀਅਨ ਡਾਲਰ ਫੰਡ ਦੇਣ ਵਾਲਾ ਚੀਨ ਬਰਾਬਰ ਦੀਆਂ ਸਹੂਲਤਾਂ ਲੈ ਰਿਹਾ ਹੈ। ਉਹਨਾਂ ਵਲੋਂ ਕੋਵਿਡ ਦੌਰਾਨ ਵੀ ਵਿਸ਼ਵ ਸਿਹਤ ਸੰਗਠਨ ਤੇ ਸਹੀ ਤਰੀਕੇ ਨਾਲ ਕੰਮ ਨਾ ਕਰਨ ਦੇ ਦੋਸ਼ ਲਗਾਏ ਹਨ। ਇਸੇ ਤਰਾਂ ਵਾਤਾਵਰਣ ਦੀ ਸੰਭਾਲ ਲਈ ਦੁਨੀਆ ਭਰ ਦੇ ਮੁਲਕਾਂ ਵਲੋਂ ਜਿਸ ਪੈਰਿਸ ਸਮਝੌਤੇ ਤਹਿਤ ਆਲਮੀ ਤਪਸ਼ ਨੂੰ ਘਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਅਮਰੀਕਾ ਨੇ ਉਸਤੋਂ ਵੀ ਬਾਹਰ ਹੋਣ ਦਾ ਫੈਸਲਾ ਕਰ ਲਿਆ ਹੈ। ਕਿਹਾ ਜਾ ਸਕਦਾ ਹੈ ਕਿ ਅਮਰੀਕਾ ਨੂੰ ਹੁਣ ਆਪਣੇ ਵਪਾਰੀ ਤੇ ਕਾਰੋਬਾਰੀ ਮਿੱਤਰਾਂ ਦਾ ਮਾਲ ਵੇਚਣ ਲਈ ਵਿਸ਼ਵ ਵਾਤਾਵਰਣ ਦੀ ਸਾਂਭ ਸੰਭਾਲ ਦੀ ਕੋਈ ਪ੍ਰਵਾਹ ਨਹੀਂ। ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦਿਆਂ ਜਿਥੇ ਦੁਨੀਆ ਤੇ ਉਸਦੇ ਆਪਣੇ ਮੁਲਕ ਵਿਚ ਨਿੱਕੇ ਨਿੱਕੇ ਕੰਮ ਧੰਦੇ ਕਰਨ ਵਾਲੇ ਤੇ ਇਕ ਉਮੀਦ ਲੈਕੇ ਬੈਠੇ ਲੋਕਾਂ ਨੂੰ ਪ੍ਰੇਸ਼ਾਨੀ ਤੇ ਚਿੰਤਾ ਵਿਚ ਪਾ ਦਿੱਤਾ ਹੈ ਉਥੇ ਵਿਸ਼ਵ ਵਿਆਪੀ ਸਿਸਟਮ ਦੀ ਚਾਲ ਢਾਲ ਨੂੰ ਵੀ ਵਿਗਾੜਨ ਦਾ ਜਿੰਮਾ ਲੈ ਲਿਆ ਹੈ। ਰਾਸ਼ਟਰਪਤੀ ਬਣਦੇ ਸਾਰ ਹੀ ਕੈਪੀਟਲ ਹਿੱਲ ਉਪਰ ਹਮਲਾ ਕਰਨ ਵਾਲੇ ਤੇ ਜਮਹੂਰੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੇ 1600 ਹੁੱਲੜਬਾਜਾਂ ਨੂੰ ਆਮ ਮੁਆਫੀ ਦੇ ਕੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਉਹ ਕਿਸੇ ਜਮਹੂਰੀ ਮੁਲਕ ਦਾ ਵੋਟਾਂ ਨਾਲ ਚੁਣਿਆਂ ਹੋਇਆ ਪ੍ਰਤੀਨਿਧ ਨਹੀ ਬਲਕਿ ਕਿਸੇ ਬਾਦਸ਼ਾਹਤ ਦਾ ਕੋਈ ਰਾਜਾ ਹੈ। ਸ਼ਾਇਦ ਇਸੇ ਲਈ ਉਸਦੇ ਹਮਾਇਤੀ ਤੇ ਕਾਰੋਬਾਰੀ ਮਿੱਤਰ ਉਸਨੂੰ ਕਿੰਗ ਆਫ ਅਮਰੀਕਾ ਕਹਿਣ ਤੇ ਮਾਣ ਮਹਿਸੂਸ ਕਰ ਰਹੇ ਹਨ। ਅਮਰੀਕਾ ਦੇ ਇਸ ਕਿੰਗ ਨੇ ਅੱਗੇ ਕੀ ਕਰਨਾ ਹੈ, ਉਸਦੇ ਫੈਸਲੇ ਤੇ ਕੰਮਕਾਰ ਕਰਨ ਦੇ ਢੰਗ ਤਰੀਕੇ ਉਸਦੇ ਆਪਣੇ ਲੋਕਾਂ ਤੇ ਵਿਸ਼ਵ ਨੂੰ ਸੱਚਮੁੱਚ ਵੱਡੀ ਮੁਸੀਬਤ ਵਿਚ ਪਾਉਣ ਵਾਲੇ ਹਨ।

Leave a Reply

Your email address will not be published. Required fields are marked *