ਐਨਟਾਰਕਟੀਕਾ ਸਣੇ ਸੱਤ ਮਹਾਂਦੀਪਾਂ ਵਿੱਚ ਮੈਰਾਥਨ ਦੌੜ ਪੂਰੀ ਕਰਨ ਵਾਲੇ ਉੱਤਰੀ ਅਮਰੀਕਾ ਦੇ ਪਹਿਲੇ ਸਿੱਖ
ਵੱਲੋ: ਸਮੀਪ ਸਿੰਘ ਗੁਮਟਾਲਾ-
ਵਿੰਡਸਰ, ਕੈਨੇਡਾ (26 ਜਨਵਰੀ: ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਵਿੰਡਸਰ ਦੇ ਵਸਨੀਕ 50 ਸਾਲਾ ਜਸਦੀਪ ਸਿੰਘ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ। ਉਹ ਉੱਤਰੀ ਅਮਰੀਕਾ (ਕੈਨੇਡਾ ਅਤੇ ਅਮਰੀਕਾ) ਦੇ ਪਹਿਲੇ ਸਿੱਖ ਬਣ ਗਏ ਹਨ ਜਿੰਨ੍ਹਾਂ ਨੇ ਸਾਰੇ ਸੱਤ ਮਹਾਦੀਪ ਵਿੱਚ ਮੈਰਾਥਨ ਦੋੜ ਪੂਰੀ ਕਰਨ ਦਾ ਰਿਕਾਰਡ ਬਣਾਇਆ ਹੈ। ਇਸ ਵਿੱਚ ਹਰ ਪਾਸੇ ਬਰਫ ਨਾਲ ਟਕੀ ਅਤੇ ਗਿਨਿਸ ਬੁੱਕ ਆਫ ਵਰਲਡ ਰਿਕਾਰਡਜ਼ ’ਚ ਦੁਨੀਆ ਦੀ ਸਭ ਤੋਂ ਦੱਖਣੀ ਮੈਰਾਥਨ “ਐਨਟਾਰਕਟਿਕਾ ਆਈਸ ਮੈਰਾਥਨ”ਵੀ ਸ਼ਾਮਲ ਹੈ।
ਇੱਕ ਵਿਲੱਖਣ ਪ੍ਰਾਪਤੀ
ਦਸੰਬਰ 2024 ਵਿੱਚ ਬਰਫ ਨਾਲ ਟਕੀ ਧਰਤੀ ‘ਤੇ “ਐਨਟਾਰਕਟਿਕਾ ਆਈਸ ਮੈਰਾਥਨ” ਪੂਰੀ ਕਰ ਜਸਦੀਪ ਸਿੰਘ ਦੁਨੀਆ ਭਰ ਦੇ ਤਕਰੀਬਨ 500 ਦੌੜਾਕਾਂ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੇ ਸਾਰੇ ਸੱਤ ਮਹਾਂਦੀਪ ਵਿੱਚ 42 ਕਿਲੋਮੀਟਰ ਮੈਰਾਥਨ ਦੀ ਮੁਸ਼ਕਲ ਚੁਣੌਤੀ ਨੂੰ ਪੂਰਾ ਕੀਤਾ ਹੈ। ਉਸਦੀ ਇਸ ਪ੍ਰਾਪਤੀ ਨੂੰ ਹਾਲ ਹੀ ਵਿੱਚ ਕੈਨੇਡਾ ਬਰੌਡਕਾਸਟਿੰਗ ਕੰਪਨੀ (ਸੀਬੀਸੀ) ਦੁਆਰਾ ਵੀ ਪ੍ਰਕਾਸ਼ਤ ਕੀਤਾ ਗਿਆ ਹੈ।
ਭਾਰਤ ਦੇ ਸੂਬੇ ਪੰਜਾਬ ਦੇ ਜੰਮਪਲ, ਜਸਦੀਪ ਨੇ 40 ਸਾਲ ਦੀ ਉਮਰ ਵਿੱਚ ਦੱਖਣੀ ਓਨਟਾਰੀਓ ਦੇ ਛੋਟੇ ਜਿਹੇ ਸ਼ਹਿਰ ਵਿੰਡਸਰ ਵਿੱਚ ਲੰਮੀ ਦੌੜ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਦ ਉਹਨਾਂ ਨੇ ਵਿਸ਼ਵ ਭਰ ਦੇ ਸੱਤ ਮਹਾਂਦੀਪ ਦੀਆਂ ਕਈ ਮੈਰਾਥਨ ਦੌੜਾਂ ਪੂਰੀਆਂ ਕੀਤੀਆਂ। ਉਹਨਾਂ ਉੱਤਰੀ ਅਮਰੀਕਾ ਮਹਾਂਦੀਪ ‘ਚ 2018 ਦੀ ਡੇਟ੍ਰਾਇਟ ਮੈਰਾਥਨ ਅਤੇ 2019 ਦੀ ਨਿਊਯਾਰਕ ਮੈਰਾਥਨ ਨੂੰ ਪੂਰਾ ਕੀਤਾ। ਉਪਰੰਤ ਯੂਰਪ ਮਹਾਂਦੀਪ ਵਿੱਚ ਉਹਨਾਂ ਨੇ 2021 ਦੀ ਬਰਲਿਨ ਮੈਰਾਥਨ ਅਤੇ 2022 ਦੀ ਲੰਡਨ ਮੈਰਾਥਨ ਪੂਰੇ ਕੀਤੇ। ਸਾਲ 2023 ਵਿੱਚ, ਉਹਨਾਂ ਨੇ ਦੱਖਣੀ ਅਮਰੀਕਾ ਵਿੱਚ ਬ੍ਰਾਜ਼ੀਲ ਵਿਖੇ ਰੀਓ ਮੈਰਾਥਨ ਅਤੇ ਅਫਰੀਕਾ ਮਹਾਂਦੀਪ ਵਿੱਚ ਕੇਪ ਟਾਊਨ ਮੈਰਾਥਨ ਪੂਰੀ ਕੀਤੀ। ਏਸ਼ੀਆ ਵਿੱਚ 2024 ‘ਚ ਟੋਕੀਓ ਮੈਰਾਥਨ, ਆਸਟ੍ਰੇਲੀਆ ਵਿੱਚ ਸਿਡਨੀ ਮੈਰਾਥਨ ਅਤੇ ਅੰਤ ‘ਚ ਦਸੰਬਰ 2024 ਵਿੱਚ ਐਨਟਾਰਕਟਿਕਾ ਦੇ ਯੂਨੀਅਨ ਗਲੇਸ਼ੀਅਰ ਵਿੱਚ “ਐਨਟਾਰਕਟਿਕਾ ਆਈਸ ਮੈਰਾਥਨ” ਨੂੰ ਪੂਰਾ ਕਰ ਸੱਤ ਮਹਾਂਦੀਪ ਵਿੱਚ ਮੈਰਾਥਨ ਪੂਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ।
ਐਨਟਾਰਕਟੀਕਾ ਮੈਰਾਥਨ ਨੂੰ ਪੂਰਾ ਕਰਨ ਦੀ ਚੁਣੌਤੀ
ਜਸਦੀਪ ਦੀ ਸੱਤ ਮਹਾਂਦੀਪ ਦੀ ਇਹ ਯਾਤਰਾ ਐਨਟਾਰਕਟਿਕਾ ਦੀ ਮੈਰਾਥਨ ਨਾਲ ਖਤਮ ਹੋਈ। ਐਨਟਾਰਕਟੀਕਾ ਦੀ ਇਸ ਮੈਰਾਥਨ ਨੂੰ ਪੂਰਾ ਕਰਨ ‘ਚ ਉਹਨਾਂ ਨੂੰ ਛੇ ਘੰਟੇ ਦਾ ਸਮਾਂ ਲੱਗਾ। ਹਵਾਈ ਅੱਡਾ ਨਾ ਹੋਣ ਕਰਕੇ, ਜਸਦੀਪ ਸਣੇ 64 ਹੋਰ ਦੌੜਾਕਾਂ ਨੇ ਖਾਸ ਤੌਰ ‘ਤੇ ਤਿਆਰ ਕੀਤੇ ਬੋਇੰਗ 757 ਜਹਾਜ਼ ਰਾਹੀਂ ਬਰਫ ‘ਤੇ ਲੈਂਡ ਕੀਤਾ ਜਿਸ ਨੂੰ ਪਾਇਲਟ ਦੇ ਹੁਨਰ ਦਾ ਪ੍ਰਮਾਣ ਕਿਹਾ ਜਾ ਸਕਦਾ ਹੈ।
ਐਨਟਾਰਕਟਿਕਾ ਦੇ ਮਨਫੀ ਤਾਪਮਾਨ, ਅਲਟਰਾ ਵਾਇਲੇਟ (ਯੂਵੀ) ਰੇਡੀਏਸ਼ਨ ਅਤੇ ਬਰਫੀਲੀਆਂ ਹਵਾਵਾਂ ਵਿੱਚ ਦੌੜਦਿਆਂ ਜਸਦੀਪ ਦੀ ਧੀਰਜ ਅਤੇ ਮਾਨਸਿਕ ਦ੍ਰਿੜਤਾ ਦੀ ਪਰਖ ਹੋਈ। ਉਹਨਾਂ ਕਿਹਾ “ਐਨਟਾਰਕਟਿਕਾ ਸਭ ਤੋਂ ਚੁਣੌਤੀ ਵਾਲੀ ਮੈਰਾਥਨ ਦੌੜ ਸੀ। ਇਸ ਨੂੰ ਪੂਰਾ ਕਰਨ ਨਾਲ ਇਹ ਸਾਬਤ ਹੋਇਆ ਕਿ ਜਦੋਂ ਅਸੀਂ ਆਪਣਾ ਪੱਕਾ ਮਨ ਬਣਾ ਲਈਏ ਤਾਂ ਅਸੀਂ ਕੁਝ ਵੀ ਕਰਨ ਦੇ ਸਮਰੱਥ ਹਾਂ।”
ਸਫਲਤਾ ਲਈ ਕੋਚ ਦੀ ਸਿਖਲਾਈ ਅਤੇ ਪਰਿਵਾਰ ਦਾ ਸਮਰਥਨ
ਜਸਦੀਪ ਨੇ ਸਿਖਲਾਈ ਵਿੰਡਸਰ ਤੋਂ ਹੀ ਟ੍ਰੇਨਰ ਡੇਵਿਡ ਸਟੀਵਰਟ ਤੋਂ ਲਈ, ਨਾਲ ਹੀ ਉਸਨੇ ਸਥਾਨਕ ਕੈਨੇਡੀਅਨ ਹੀਰੋ ਟੈਰੀ ਫੌਕਸ ਅਤੇ ਫੌਜੀ ਸੇਡਰਿਕ ਕਿੰਗ ਤੋਂ ਵੀ ਪ੍ਰੇਰਨਾ ਲਈ, ਜਿਨ੍ਹਾਂ ਨੇ ਅਫਗਾਨਿਸਤਾਨ ਵਿੱਚ ਸੇਵਾ ਕਰਦੇ ਹੋਏ ਆਪਣੀਆਂ ਦੋਵੇਂ ਲੱਤਾਂ ਗੁਆ ਦਿੱਤੀਆਂ ਸਨ ਅਤੇ ਹੁਣ ਉਹ ਪ੍ਰੋਸਥੈਟਿਕ (ਨਕਲੀ) ਲੱਤਾਂ ‘ਤੇ ਦੌੜਦੇ ਹਨ।
ਜਸਦੀਪ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ – ਆਪਣੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਅਟੁੱਟ ਸਮਰਥਨ ਨੂੰ ਵੀ ਦਿੱਤਾ। ਉਹਨਾਂ ਕਿਹਾ, “ਪਰਿਵਾਰ ਦੇ ਉਤਸ਼ਾਹ ਨੇ ਮੈਨੂੰ ਸਾਰੇ ਮਹਾਂਦੀਪ ਵਿੱਚ ਮੈਰਾਥਨ ਦੌੜਨ ਦੀ ਚੁਣੌਤੀ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ। ਮੇਰੀ ਪਤਨੀ ਦੇ ਸਹਿਯੋਗ ਤੋਂ ਬਿਨਾਂ ਇਹ ਪ੍ਰਾਪਤੀ ਸੰਭਵ ਨਹੀਂ ਸੀ। ਮੇਰੇ ਬੱਚਿਆਂ ਨੂੰ ਫਿਨਿਸ਼ ਲਾਈਨ ‘ਤੇ ਖੁਸ਼ੀ ਵਿੱਚ ਜਸ਼ਨ ਮਨਾਉਂਦੇ ਦੇਖਣਾ ਮੇਰੇ ਲਈ ਸਭ ਤੋਂ ਯਾਦਗਾਰ ਪਲਾਂ ਵਿੱਚੋ ਇੱਕ ਸੀ।”
ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਇੱਕ ਪ੍ਰੇਰਨਾ
ਸੱਤ ਮਹਾਂਦੀਪਾਂ ਵਿੱਚ ਦਸਤਾਰ ਸਜਾ ਕੇ ਮੈਰਾਥਨ ਦੌੜਦਿਆਂ ਜਸਦੀਪ ਨੇ ਇਹ ਸਾਬਤ ਕੀਤਾ ਕਿ ਸਾਡੀ ਧਾਰਮਿਕ ਅਤੇ ਸਭਿਆਚਾਰਕ ਪਛਾਣ ਸਾਡੇ ਲਈ ਕਦੇ ਵੀ ਰੁਕਾਵਟ ਨਹੀਂ ਹੈ। ਉਹਨਾਂ ਕਿਹਾ “ਮੈਨੂੰ ਉਮੀਦ ਹੈ ਕਿ ਮੇਰਾ ਸਫ਼ਰ ਸਿੱਖ ਭਾਈਚਾਰੇ ਅਤੇ ਹੋਰਨਾਂ ਨੂੰ ਨਿਡਰਤਾ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰੇਗਾ। ਸਾਡੀ ਸਿੱਖ ਪਛਾਣ ਕੋਈ ਰੁਕਾਵਟ ਨਹੀਂ ਹੈ – ਇਹ ਇੱਕ ਤਾਕਤ ਹੈ, ਮਜ਼ਬੂਤ ਬਣੋ। ਜੇ ਮੈਂ ਇਹ ਕਰ ਸਕਦਾ ਹਾਂ, ਤਾਂ ਕੋਈ ਵੀ ਕਰ ਸਕਦਾ ਹੈ।”
ਉਹਨਾਂ ਦਾ ਮੈਰਾਥਨ ਦੌੜਾਂ ਦਾ ਸਫਰ ਕਈ ਸਾਲ ਪਹਿਲਾਂ “ਯੂਨਾਈਟਿਡ ਸਿੱਖਸ ਆਫ਼ ਵਿੰਡਸਰ” ਸੰਸਥਾ ਨਾਲ ਸਮਾਜ ਸੇਵਾ ਦੇ ਕਾਰਜ ਲਈ 5 ਕਿਲੋਮੀਟਰ ਦੌੜ ਨਾਲ ਹੋਇਆ। ਬੀਤੇ ਸਾਲ ਜਸਦੀਪ ਅਤੇ ਉਸਦੀ ਟੀਮ ਨੇ ਕੈਂਸਰ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਬੱਚਿਆਂ ਦੀ ਮਦਦ ਲਈ $15,000 ਤੋਂ ਵੱਧ ਫੰਡ ਇਕੱਠੇ ਕੀਤੇ ਹਨ। ਉਹ “ਸਰਬੱਤ ਦਾ ਭੱਲਾ” ਦੇ ਸਿੱਖ ਸਿਧਾਂਤ ‘ਤੇ ਚੱਲਦੇ ਹੋਏ ਟੈਰੀ ਫੌਕਸ ਫਾਊਂਡੇਸ਼ਨ, ਸੇਂਟ ਜੂਡਜ਼ ਚਿਲਡਰਨ ਹਸਪਤਾਲ ਅਤੇ ਕੇਅਰ ਇੰਟਰਨੈਸ਼ਨਲ ਵਰਗੇ ਚੈਰਿਟੀ ਪ੍ਰੋਗਰਾਮਾਂ ਨਾਲ ਵੀ ਜੁੜਿਆ ਹੈ।