Headlines

ਬਿਕਰਮ ਸਿੰਘ ਮਜੀਠੀਆ ਨੇ ਡਾ. ਅੰਬੇਡਕਰ ਦੇ ਬੁੱਤ ਬੇਅਦਬੀ ਦੀ ਘਟਨਾ ਦੀ ਕੀਤੀ ਸਖ਼ਤ ਨਿਖੇਧੀ

ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਉੱਚ ਪੱਧਰੀ ਜਾਂਚ ਮੰਗੀ-

ਅੰਮ੍ਰਿਤਸਰ, 27 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦਾ ਅਪਮਾਨ ਕਰਨ ਅਤੇ ਇਸਨੂੰ ਤੋੜਨ ਦੇ ਯਤਨਾਂ ਦੀ ਸਖ਼ਤ ਨਿਖੇਧੀ ਕਰਦਿਆਂ ਸਮਾਜ ਵਿਚ ਵੰਡਾ ਪਾਊਣ ਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਲਈ ਰਚੀ ਗਈ ਸਾਜ਼ਿਸ਼ ਨੂੰ ਬੇਨਕਾਬ ਕਰਨ ਵਾਸਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਅਕਾਲੀ ਆਗੂ ਨੇ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਅੰਬੇਡਕਰ ਦੇ ਬੁੱਤ ’ਤੇ ਹਮਲਾ ਗਣਤੰਤਰ ਦਿਵਸ ਦੇ ਮੌਕੇ ’ਤੇ ਕੀਤਾ ਗਿਆ ਹੈ ਜਦੋਂ ਸਾਰੇ ਸੂਬੇ ਦੇ ਨਾਲ-ਨਾਲ ਪਵਿੱਤਰ ਸ਼ਹਿਰ ਵਿਚ ਹਾਈ ਅਲਰਟ ਹੁੰਦਾ ਹੈ। ਇਸ ਨਾਲ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੀ ਅਸਲਫਤਾ ਪੂਰੀ ਤਰ੍ਹਾਂ ਜੱਗ ਜ਼ਾਹਰ ਹੋ ਗਈ ਹੈ। ਉਹਨਾਂ ਕਿਹਾ ਕਿ ਇਸ ਅਸਫਲਤਾ ਲਈ ਜਵਾਬਦੇਹੀ ਤੈਅ ਹੋਣੀ ਜ਼ਰੂਰੀ ਹੈ ਤੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੁਲਿਸ ਕਮਿਸ਼ਨਰ ਦੱਸਣ ਕਿ ਅੰਮ੍ਰਿਤਸਰ ਪੁਲਿਸ ਨੇ ਆਪਣੀ ਨੱਕ ਥੱਲੇ ਅਜਿਹੀ ਘਟਨਾ ਵਾਪਰਨ ਕਿਉਂ ਦਿੱਤੀ ਅਤੇ ਡਿਊਟੀ ਵਿਚ ਕੁਤਾਹੀ ਲਈ ਜ਼ਿੰਮੇਵਾਰ ਸਭ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਹਾਲਾਤ ਦੀ ਦਰੁੱਸਤੀ ਵਾਸਤੇ ਕੋਈ ਕਦਮ ਨਹੀਂ ਚੁੱਕ ਰਹੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜਿਹਨਾਂ ਕੋਲ ਗ੍ਰਹਿ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਹੈ, ਨੇ ਸਰਹੱਦੀ ਇਲਾਕਿਆਂ ਵਿਚ ਹਾਲ ਹੀ ਵਿਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਹਾਲਾਤ ਦੀ ਸਮੀਖਿਆ ਵਾਸਤੇ ਕੋਈ ਮੀਟਿੰਗ ਨਹੀਂ ਕੀਤੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਵੀ ਇਹ ਪ੍ਰਭਾਵ ਦੇਣ ਦਾ ਯਤਨ ਕਰ ਰਹੀ ਹੈ ਕਿ ਸਭ ਕੁਝ ਚੰਗਾ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਕਮਜ਼ੋਰ ਵਰਗਾਂ ਸਮਾਜ ਦਾ ਹਰ ਵਰਗ ਡਰ ਤੇ ਦਹਿਸ਼ਤ ਦੇ ਮਾਹੌਲ ਵਿਚ ਜਿਉਂ ਰਿਹਾ ਹੈ। ਉਹਨਾਂ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਹਾਲਾਤ ਦੀ ਸਮੀਖਿਆ ਕਰਨ ਵਿਚ ਨਾਕਾਮ ਰਹੇ ਹਨ ਤੇ ਉਹਨਾਂ ਦੇ ਗਣਤੰਤਰ ਦਿਵਸ ਸਮਾਗਮ ਦੀ ਥਾਂ ਸੁਰੱਖਿਆ ਕਾਰਣਾਂ ਕਰ ਕੇ ਫਰੀਦਕੋਟ ਤੋਂ ਪਟਿਆਲਾ ਬਦਲ ਕੇ ਗਲਤ ਸੰਦੇਸ਼ ਦਿੱਤਾ ਗਿਆ ਹੈ।

ਘਟਨਾ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਕ ਵਿਅਕਤੀ ਪੌੜੀ ਚੜ੍ਹ ਕੇ ਬੁੱਤ ਤੱਕ ਕਿਵੇਂ ਪਹੁੰਚ ਸਕਦਾ ਹੈ ਤੇ ਪੌੜੀ ਬੁੱਤ ਕੋਲ ਛੱਡੀ ਹੀ ਕਿਉਂ ਗਈ ਸੀ ? ਉਹਨਾਂ ਕਿਹਾ ਕਿ ਇਸ ਸਭ ਤੋਂ ਪਤਾ ਚਲਦਾ ਹੈ ਕਿ ਸੰਵਿਧਾਨ ਨਿਰਮਾਤੇ ਦਾ ਗਣਤੰਤਰ ਦਿਵਸ ’ਤੇ ਅਪਮਾਨ ਕਰਨ ਵਾਸਤੇ ਵਿਆਪਕ ਸਾਜ਼ਿਸ਼ ਰਚੀ ਗਈ ਤਾਂ ਜੋਕ ਸੂਬੇ ਦੇ ਲੋਕਾਂ ਨੂੰ ਭੜਕਾਇਆ ਜਾ ਸਕੇ ਤੇ ਸੂਬੇ ਦਾ ਮਾਹੌਲ ਖਰਾਬ ਕੀਤਾ ਜਾ ਸਕੇ। ਇਸ ਦੌਰਾਨ ਨਗਰ ਨਿਗਮ ਦੇ ਮੇਅਰ ਦੀ ਚੋਣ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਿਉਂਕਿ ਕਿਸੇ ਵੀ ਪਾਰਟੀ ਕੋਲ ਸਪਸ਼ਟ ਬਹੁਮਤ ਨਹੀਂ ਹੈ ਤਾਂ ਉਹ ਪੇਸ਼ਕਸ਼ ਕਰਨਾ ਚਾਹੁੰਦੇ ਹਨ ਕਿ ਅਕਾਲੀ ਦਲ ਇਹ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਹੈ ਬਸ਼ਰਤੇ ਕਿ ਅਮ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਦੀ ਹਮਾਇਤ ਕਰੇ ਅਤੇ ਉਸਨੂੰ ਸ਼ਹਿਰ ਦਾ ਨਵਾਂ ਮੇਅਰ ਚੁਣਿਆ ਜਾਵੇ। ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਦਾ ਪਿਛਲੇ ਪੰਜ ਸਾਲਾਂ ਦੌਰਾਨ ਨਗਰ ਨਿਗਮ ’ਤੇ ਕਬਜ਼ਾ ਰਿਹਾ ਹੈ ਪਰ ਉਹ ਸ਼ਹਿਰ ਦਾ ਵਿਕਾਸ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਲੋਕ ਇਹ ਮੰਨਦੇ ਹਨ ਕਿ ਅਕਾਲੀ ਦਲ ਤੇਜ਼ ਰਫਤਾਰ ਵਿਕਾਸ ਕਰਵਾਉਂਦਾ ਹੈ ਤੇ ਇਸਦਾ ਪਿਛਲਾ ਰਿਕਾਰਡ ਵੀ ਇਹੋ ਬੋਲਦਾ ਹੈ। ਉਹਨਾਂ ਨੇ ਅਕਾਲੀ ਦਲ ਦੇ ਚਾਰ ਕੌਂਸਲਰਾਂ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਸੱਤਾਧਾਰੀ ਪਾਰਟੀ ਦਾ ਦਬਾਅ ਨਹੀਂ ਝੱਲਿਆ ਜਿਸਨੇ ਉਹਨਾਂ ਦੀ ਵਫਾਦਾਰੀ ਖਰੀਦਣ ਦੇ ਬਹੁਤ ਯਤਨ ਕੀਤੇ।

Leave a Reply

Your email address will not be published. Required fields are marked *