ਅੰਤਿਮ ਸੰਸਕਾਰ ਤੇ ਭੋਗ 2 ਫਰਵਰੀ ਨੂੰ-
ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)-
ਵੈਨਕੂਵਰ, ਜੁਗਿੰਦਰ ਸਿੰਘ ਸੁੰਨੜ)- ਪ੍ਰਸਿੱਧ ਕਬੱਡੀ ਖਿਡਾਰੀ ਤੇ ਪ੍ਰਮੋਟਰ ਲਾਲੀ ਢੇਸੀ ਦੀ ਅਚਨਚੇਤ ਮੌਤ ਤੋਂ ਬਾਅਦ ਦੁਨੀਆ ਭਰ ਦੇ ਕਬੱਡੀ ਖਿਡਾਰੀਆਂ ਅਤੇ ਪ੍ਰੋਮੋਟਰਾਂ ਵਿਚ ਸੋਗ ਦੀ ਲਹਿਰ ਹੈ। ਕਬੱਡੀ ਨੂੰ ਸਮਰਪਿਤ ਤੇ ਖਿਡਾਰੀਆਂ ਤੇ ਕਬੱਡੀ ਪ੍ਰੇਮੀਆਂ ਨੂੰ ਪਿਆਰ ਕਰਨ ਵਾਲਾ ਲਾਲੀ ਢੇਸੀ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਉਹ ਹਰ ਸਾਲ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਬੱਬਰ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਜਾਂਦੇ ਟੂਰਨਾਮੈਂਟ ਵਿਚ ਬਹੁਤ ਹੀ ਉਤਸ਼ਾਹ ਨਾਲ ਸੇਵਾ ਨਿਭਾਉਂਦਾ ਸੀ ਅਤੇ ਖਿਡਾਰੀਆਂ ਤੇ ਪ੍ਰੋਮੋਟਰਾਂ ਨੂੰ ਕਹਿੰਦਾ ਸੀ ਕਿ ਗ਼ਦਰੀ ਬਾਬਿਆਂ ਦਾ ਅਸ਼ੀਰਵਾਦ ਲੈ ਕੇ ਕਬੱਡੀ ਸੀਜ਼ਨ ਦੀ ਸ਼ੁਰੂਆਤ ਵੈਨਕੂਵਰ ਦੇ ਟੂਰਨਾਮੈਂਟ ਤੋਂ ਕਰੋ। ਉਸਦਾ ਖ਼ਾਲਸਾ ਦੀਵਾਨ ਸੁਸਾਇਟੀ ਦੇ ਨਾਲ ਬਹੁਤ ਹੀ ਸਨੇਹ ਸੀ।
ਬੀਤੀ 26 ਜਨਵਰੀ ਐਤਵਾਰ ਨੂੰ ਵੱਡੀ ਗਿਣਤੀ ਵਿਚ ਉਸ ਨੂੰ ਚਾਹੁਣ ਵਾਲਿਆਂ ਨੇ ਉਸ ਨੂੰ ਯਾਦ ਕਰਦੇ ਹੋਏ ਕੈਂਡਲ ਲਾਈਟ ਮਾਰਚ ਕੀਤਾ। ਇਸ ਦੌਰਾਨ ਗੁਰਬਖ਼ਸ਼ ਸਿੰਘ ਸੰਘੇੜਾ (ਬਾਗੀ) ਨੇ ਉਸ ਦਾ ਕਬੱਡੀ ਲਈ ਪਿਆਰ ਤੇ ਪ੍ਰੋਮੋਸ਼ਨ ਲਈ ਕੀਤੇ ਯਤਨਾਂ ਬਾਰੇ ਚਾਨਣਾ ਪਾਇਆ। ਲੱਕੀ ਕੁਰਾਲੀ ਨੇ ਵੀ ਉਸ ਦੀਆਂ ਯਾਦਾਂ ਨੂੰ ਹਾਜ਼ਰੀਨ ਨਾਲ ਸਾਂਝਿਆਂ ਕੀਤਾ। ਲਾਲੀ ਢੇਸੀ ਦੀ ਭੈਣ ਨੇ ਭਾਵੁਕ ਹੁੰਦਿਆਂ ਕੈਂਡਲ ਮਾਰਚ ‘ਚ ਸ਼ਿਰਕਤ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿਚ ਵੀ ਉਸ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਇਆ ਕਰੇਗਾ। ਉਸ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਲਾਲੀ ਢੇਸੀ ਛੋਟੀ ਉਮਰ ਤੋਂ ਹੀ ਉਸ ਨੂੰ ਕਬੱਡੀ ਦਿਖਾਉਂਦੇ ਸੀ ਅਤੇ ਖਿਡਾਰੀ ਬਣਨ ਲਈ ਉਤਸ਼ਾਹਿਤ ਕਰਦੇ ਸਨ। ਉਸ ਦੇ ਭਾਣਜੇ ਨੇ ਵੀ ਆਪਣੇ ਮਾਮਾ ਜੀ ਨਾਲ ਬਿਤਾਏ ਪਲ ਸਾਂਝੇ ਕੀਤੇ। ਜੁਗਿੰਦਰ ਸਿੰਘ ਸੁੰਨੜ ਨੇ ਖ਼ਾਲਸਾ ਦੀਵਾਨ ਸੁਸਾਇਟੀ ਦੇ ਖੇਡ ਮੇਲਿਆਂ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਬਾਰੇ ਜ਼ਿਕਰ ਕੀਤਾ। ਸ਼ਰਧਾਂਜਲੀ ਦੇਣ ਵਾਲਿਆਂ ਵਿਚ ਸੰਤੋਖ ਸਿੰਘ ਧੂਰੀ, ਜੇ ਮਿਨਹਾਸ ਵੀ ਸ਼ਾਮਲ ਸਨ। ਕੈਂਡਲ ਲਾਈਟ ਸਾਊਥ ਮੈਮੋਰੀਅਲ ਪਾਰਕ ਵੈਨਕੂਵਰ ਵਿਖੇ ਕੀਤੀ ਗਈ। ਚਾਹ ਪਾਣੀ ਦਾ ਪ੍ਰਬੰਧ ਟੀਮ ਸੇਵਾ ਵੱਲੋਂ ਕੀਤਾ ਗਿਆ।
ਪਰਿਵਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਲਾਲੀ ਢੇਸੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 2 ਫਰਵਰੀ ਦਿਨ ਐਤਵਾਰ 12:30 ਵਜੇ ਫਾਈਵ ਰਿਵਰ ਡੈਲਟਾ ਵਿਖੇ ਕੀਤਾ ਜਾਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ 2:30 ਵਜੇ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਹੋਵੇਗੀ।
ਲਾਲੀ ਢੇਸੀ ਦੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਇਕ ਯਾਦਗਾਰੀ ਤਸਵੀਰ।