ਐਬਸਫੋਰਡ (ਬਲਦੇਵ ਸਿੰਘ ਭੰਮ, ਨਵਰੂਪ ਸਿੰਘ )- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਦੇਸ਼ ਵਿੱਚ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਹਨ। ਜਿੱਥੇ ਇੱਕ ਪਾਸੇ ਦੇ ਉਮੀਦਵਾਰਾਂ ਵਿੱਚ ਲਿਬਰਲ ਪਾਰਟੀ ਦੇ ਨੇਤਾ ਅਤੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਰੇਸ ਸ਼ੁਰੂ ਹੋ ਗਈ ਹੈ ਉਥੇ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦੀ ਚੋਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਸਿਲਸਿਲੇ ਦੇ ਵਿੱਚ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਹਲਕੇ ਐਬਸਫੋਰਡ ਸਾਊਥ ਲੈਂਗਲੀ ਵਿੱਚ ਕੰਸਰਵੇਟਿਵ ਪਾਰਟੀ ਦੇ ਮੋਹਰੀ ਉਮੀਦਵਾਰ ਮਾਈਕ ਡੀ ਜੌਂਗ ਦੀ ਨੋਮੀਨੇਸ਼ਨ ਦੇ ਹੱਕ ਵਿੱਚ ਇੱਕ ਭਾਰੀ ਇਕੱਠ ਹੋਇਆ। ਜਿਕਰਯੋਗ ਹੈ ਕਿ ਮਾਈਕ ਡੀ ਜੌਂਗ ਬੀਸੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਸਮਾਂ ਐਮਐਲਏ ਰਹਿਣ ਤੋਂ ਇਲਾਵਾ ਸੂਬੇ ਦੇ ਫਾਇਨੈਂਸ ਮਨਿਸਟਰ, ਜਨਤਕ ਸੁਰੱਖਿਆ ਮਨਿਸਟਰ, ਹੈਲਥ ਮਨਿਸਟਰ, ਅਤੇ ਅਟਾਰਨੀ ਜਨਰਲ ਵਰਗੇ ਮਹੱਤਵਪੂਰਨ ਅਹੁਦਿਆਂ ਉੱਤੇ ਸੇਵਾਵਾਂ ਨਿਭਾਅ ਚੁੱਕੇ ਹਨ ਨੇ ਹੁਣ ਫੈਡਰਲ ਸਿਆਸਤ ਵੱਲ ਆਪਣਾ ਰੁਖ ਕਰ ਲਿਆ ਹੈ। ਇਸ ਭਾਰੀ ਚੋਣ ਰੈਲੀ ਵਿੱਚ ਸਟੋਕ ਵੈਲ ਡੇ ਅਤੇ ਮੈਰੀ ਪੋਲਕ ਖਿੱਚ ਦਾ ਕੇਂਦਰ ਰਹੇ। ਰੈਲੀ ਦੀ ਸ਼ੁਰੂਆਤ ਮੈਰੀ ਪੋਲਕ ਨੇ ਕੀਤੀ ਜੋ ਕਿ ਖੁਦ ਸੂਬਾ ਸਿਆਸਤ ਵਿੱਚ ਅਹਿਮ ਅਹੁਦਿਆਂ ਉੱਤੇ ਰਹਿ ਚੁੱਕੇ ਹਨ। ਪੋਲਕ ਨੇ ਲੋਕਾਂ ਨੂੰ ਦੇਸ਼ ਅੰਦਰ ਵੱਡੇ ਸਿਆਸੀ ਬਦਲਾਅ ਲਈ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੰਸਰਵੇਟਿਵ ਪਾਰਟੀ ਦੇ ਹੱਥ ਮਜਬੂਤ ਕਰਨਾ ਦੇਸ਼ ਦੇ ਰੋਸ਼ਨ ਭਵਿੱਖ ਲਈ ਬੇਹੱਦ ਜਰੂਰੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਨੌਜਵਾਨ ਬੈਰਿਸਟਰ ਲਵਲੀਨ ਸਿੰਘ ਗਿੱਲ ਨੇ ਕਿਹਾ ਕਿ ਲਿਬਰਲ ਅਤੇ ਐਨਡੀਪੀ ਪਾਰਟੀ ਵੱਲੋਂ ਲੋਕਾਂ ਵਿੱਚ ਇਹ ਝੂਠਾ ਭਰਮ ਫੈਲਾਇਆ ਗਿਆ ਹੈ ਕਿ ਕੰਸਰਵੇਟਿਵ ਪਾਰਟੀ ਪ੍ਰਵਾਸੀ ਭਾਈਚਾਰੇ ਦੇ ਪੱਖ ਵਿੱਚ ਨਹੀਂ ਹੈ ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਇਮੀਗ੍ਰੇਸ਼ਨ ਪਾਲਿਸੀ ਦੁਨੀਆਂ ਦੀ ਬਿਹਤਰੀਨ ਪਾਲਿਸੀ ਸਿੱਧ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਪ੍ਰਵਾਸੀ ਭਾਈਚਾਰੇ ਦੀਆਂ ਕਦਰਾਂ ਕੀਮਤਾਂ ਸਭ ਤੋਂ ਵੱਧ ਕੰਜਰਵੇਟਿਵ ਪਾਰਟੀ ਨਾਲ ਹੀ ਮੇਲ ਖਾਂਦੀਆਂ ਹਨ। ਉਪਰੰਤ ਹਾਜ਼ਰੀਨ ਦੀਆਂ ਤਾੜੀਆਂ ਦੀ ਗੂੰਜ ਵਿੱਚ ਮਾਈਕ ਡੀ ਜੋਂਗ ਰੈਲੀ ਵਿੱਚ ਦਾਖਲ ਹੋਏ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਕੰਸਰਵੇਟਿਵ ਪਾਰਟੀ ਲੋਕ ਨਜ਼ਰੀਏ ਨੂੰ ਤਰਜੀਹ ਦੇਵੇਗੀ ਤੇ ਅਗਲੀ ਸਰਕਾਰ ਲੋਕਾਂ ਦੇ ਉੱਤੇ ਪਏ ਟੈਕਸਾਂ ਦੇ ਵਾਧੂ ਬੋਝ ਨੂੰ ਘਟਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਵੱਲੋਂ ਲਗਾਇਆ ਗਿਆ ਕੈਪੀਟਲ ਗੇਨ ਟੈਕਸ ਹੱਡ ਭੰਨਵੀਂ ਮਿਹਨਤ ਨਾਲ ਪ੍ਰੋਪਰਟੀ ਬਣਾਉਣ ਵਾਲੇ ਆਮ ਲੋਕਾਂ ਨਾਲ ਸਰਾਸਰ ਧੱਕਾ ਹੈ ਤੇ ਇਹ ਮਿਹਨਤਕਸ਼ਾਂ ਦੀ ਜੀਵਨ ਪੂੰਜੀ ਦੇ ਉੱਤੇ ਫੈਡਰਲ ਸਰਕਾਰ ਦਾ ਵੱਡਾ ਡਾਕਾ ਹੈ। ਮਾਈਕ ਡੀ ਜੋਂਗ ਨੇ ਕਿਹਾ ਕਿ ਸਰਕਾਰਾਂ ਨੂੰ ਬੇਲੋੜੇ ਖਰਚੇ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਦੇ ਅਗਿਆਨਤਾ ਅਤੇ ਗੜਬੜੀ ਵਾਲੇ ਵਿੱਤੀ ਪ੍ਰਬੰਧ ਟੈਕਸ ਪੇਅਰ ਦੀ ਹੋਰ ਵਧੇਰੇ ਲੁੱਟ ਦਾ ਸਬੱਬ ਬਣਦੇ ਹਨ। ਗੌਰਤਲਬ ਹੈ ਕਿ ਸੂਬੇ ਦੇ ਫਾਇਨਾਂਸ ਮਨਿਸਟਰ ਹੁੰਦਿਆਂ ਮਾਈਕ ਡੀ ਜੋਂਗ ਬੀਸੀ ਸੂਬੇ ਦੀ ਝੋਲੀ ਵਿਚ ਚਾਰ ਸੰਤੁਲਿਤ ਬੱਜਟ ਪਾਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਹਨ। ਮਾਈਕ ਡੀ ਜੋਂਗ ਨੇ ਪੰਜਾਬੀ ਭਾਈਚਾਰੇ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਭਾਈਚਾਰੇ ਨੇ ਉਹਨਾਂ ਦੇ ਸਿਆਸੀ ਜੀਵਨ ਵਿੱਚ ਹਮੇਸ਼ਾ ਹੀ ਉਹਨਾਂ ਦਾ ਸਾਥ ਦਿੱਤਾ ਹੈ ਤੇ ਆਪਣਾ ਪਰਿਵਾਰਕ ਮੈਂਬਰ ਬਣਾਕੇ ਰੱਖਿਆ ਹੈ। ਅਖੀਰ ਵਿੱਚ ਸਿਰ ਕੱਢ ਕੰਸਰਵੇਟਿਵ ਆਗੂ, ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮਨਿਸਟਰ ਆਫ ਟਰੇਡ ਸਟੋਕ ਵੈਲ ਡੇ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਿਬਰਲ ਪਾਰਟੀ ਅਤੇ ਐਨਡੀਪੀ ਆਪਣੀਆਂ ਮਾਰੂ ਨੀਤੀਆਂ ਨਾਲ ਲੋਕ ਹਿੱਤਾਂ ਦਾ ਵੱਡਾ ਨੁਕਸਾਨ ਕਰ ਰਹੀਆਂ ਹਨ। ਉਹਨਾਂ ਪੀਅਰ ਪੋਲੀਵਰ ਦਾ ਸਮਰਥਨ ਕਰਦਿਆਂ ਕਿਹਾ ਕਿ ਪੀਅਰ ਦਾ ਸਿਆਸੀ ਜੀਵਨ ਦਰਅਸਲ ਉਹਨਾਂ ਦੇ ਦਫਤਰ ਤੋਂ ਹੀ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਪੀਅਰ ਦੀ ਪ੍ਰਤਿਭਾ ਦੱਸਦੀ ਹੈ ਕਿ ਉਹ ਦੇਸ਼ ਦੇ ਬਿਹਤਰੀਨ ਪ੍ਰਧਾਨ ਮੰਤਰੀ ਸਿੱਧ ਹੋਣਗੇ। ਇਸ ਮੌਕੇ ਸਿਟੀ ਆਫ ਐਬਸਫੋਰਡ ਦੇ ਕੌਂਸਲਰ ਅਤੇ ਸਾਬਕਾ ਐਮਐਲਏ ਸਾਈਮਨ ਗਿਪਸਨ ਨੇ ਵੀ ਹਾਜ਼ਰੀਨ ਨੂੰ ਮਾਈਕ ਡੀ ਜੋਂਗ ਦੇ ਹੱਕ ਦੇ ਵਿੱਚ ਭੁਗਤਨ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਸੈਨੇਟਰ ਵੀ ਮੌਜੂਦ ਸਨ।