ਦੂਜੇ ਕਾਤਲ ਹੋਸੇ ਲੁਪੇਜ਼ ਨੂੰ 6 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ-
ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਨੇ ਕੈਨੇਡਾ ਦੇ ਸਿੱਖ ਕਾਰੋਬਾਰੀ ਭਾਈ ਰਿਪੁਦਮਨ ਸਿੰਘ ਮਲਿਕ ਦੀ 14 ਜੁਲਾਈ 2022 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਭਾੜੇ ਦੇ ਕਾਤਲ 24 ਸਾਲਾ ਟੈਨਰ ਫੌਕਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ 20 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ। ਦੂਜੇ ਕਾਤਲ ਹੋਸੇ ਲੁਪੇਜ਼ ਨੂੰ ਛੇ ਫਰਵਰੀ ਨੂੰ ਸਜ਼ਾ ਸੁਣਾਈ ਜਾਏਗੀ, ਇਸ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ ਗਿਆ ਸੀ।
ਇਸ ਦੌਰਾਨ ਅਦਾਲਤ ਵਿੱਚ ਮੌਜੂਦ ਭਾਈ ਮਲਿਕ ਦੀ ਨੂੰਹ ਬੀਬੀ ਸੰਦੀਪ ਕੌਰ ਧਾਲੀਵਾਲ ਨੇ ਦੋਸ਼ੀ ਤੋਂ ਪੁੱਛਿਆ ਕਿ ਉਹ ਉਹਨਾਂ ਨਾਵਾਂ ਨੂੰ ਨਸ਼ਰ ਕਰੇ, ਜਿਨਾਂ ਦੇ ਕਹਿਣ ਤੇ ਉਸਨੇ ਸੁਪਾਰੀ ਲੈ ਕੇ ਉਹਨਾਂ ਦੇ ਪਿਤਾ ਦਾ ਕਤਲ ਕੀਤਾ ਸੀ। ਇਸ ਮੌਕੇ ‘ਤੇ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਵਕੀਲ ਜਸਪ੍ਰੀਤ ਸਿੰਘ ਮਲਿਕ ਨੇ ਅਦਾਲਤ ਬਾਹਰ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰ ‘ਤੇ ਖੌਫ ਕਾਇਮ ਹੈ ਅਤੇ ਇਸ ਗੱਲ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਹਨਾਂ ਭਾੜੇ ਦੇ ਕਾਤਲਾਂ ਨੂੰ ਕਿੰਨਾ ਤਾਕਤਾਂ ਨੇ ਵਰਤਿਆ।