Headlines

ਡਾ ਰਾਜ ਪੰਨੂ ਨਾਲ ਸੁਖਵੰਤ ਹੁੰਦਲ ਵਲੋਂ ਕੀਤੀ ਇਕ ਮੁਲਾਕਾਤ ਦੇ ਕੁਝ ਅੰਸ਼

ਜਿਲਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਕੂਲ ਤੋਂ ਕੀਤੀ ਸੀ ਮੁੱਢਲੀ ਪੜਾਈ-

ਵੈਨਕੂਵਰ ( ਸੁਖਵੰਤ ਹੁੰਦਲ)- ਅਲਬਰਟਾ ਵਿਚ  ਐਨ ਡੀ ਪੀ ਦੇ ਸੀਨੀਅਰ ਆਗੂ ਤੇ ਤਿੰਨ ਵਾਰ ਐਮ ਐਲ ਏ ਰਹਿਣ ਵਾਲੇ ਡਾ ਰਾਜ ਪੰਨੂੰ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਉਹਨਾਂ ਵਲੋਂ ਪਹਿਲੀ ਵਾਰ ਇਲੈਕਸ਼ਨ ਜਿੱਤਣ ਤੋਂ ਕੁੱਝ ਸਮਾਂ ਬਾਅਦ, 1 ਸਤੰਬਰ 1998 ਨੂੰ ਮੈਂ ਉਹਨਾਂ ਨਾਲ ਐਡਮੰਟਨ ਵਿੱਚ ਉਹਨਾਂ ਦੇ ਘਰ ਇਕ ਲੰਬੀ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਵਿੱਚ ਉਹ ਆਪਣੀ ਜਿ਼ੰਦਗੀ ਅਤੇ ਸਿਆਸਤ ਬਾਰੇ ਵਿਸਥਾਰ ਨਾਲ ਗੱਲ ਕਰਦੇ ਹਨ। ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਹ ਮੁਲਾਕਾਤ ਪੇਸ਼ ਕਰ ਰਿਹਾ ਹਾਂ।

ਇਹ ਮੁਲਾਕਾਤ ਅੰਗਰੇਜ਼ੀ ਵਿੱਚ ਰਿਕਾਰਡ ਕੀਤੀ ਗਈ ਸੀ। ਜੇ ਤੁਸੀਂ ਇਹ ਮੁਲਾਕਾਤ ਪੜ੍ਹਨ ਦੀ ਥਾਂ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਕੁਮੈਂਟ ਸੈਕਸ਼ਨ ਵਿੱਚ ਦਿੱਤੇ ਲਿੰਕ `ਤੇ ਕਲਿੱਕ ਕਰ ਸਕਦੇ ਹੋ।

*****
ਸਵਾਲ: ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਜਨਮ ਕੈਨੇਡਾ ਵਿੱਚ ਹੋਇਆ ਸੀ ਜਾਂ ਤੁਸੀਂ ਕੈਨੇਡਾ ਵਿੱਚ ਇਕ ਇੰਮੀਗਰੈਂਟ ਵਜੋਂ ਆਏ ਸੀ?
ਜਵਾਬ: ਨਹੀਂ ਜੀ, ਮੇਰਾ ਜਨਮ ਇੰਡੀਆ ਵਿੱਚ ਹੋਇਆ ਸੀ, ਇੰਡੀਆ ਦੇ ਉਸ ਹਿੱਸੇ ਵਿੱਚ ਜਿਹੜਾ 1947 ਤੋਂ ਬਾਅਦ ਪਾਕਿਸਤਾਨ ਦਾ ਹਿੱਸਾ ਬਣ ਗਿਆ। ਮੈਂ ਕੈਨੇਡਾ ਵਿੱਚ 1962 ਵਿੱਚ ਇਕ ਇੰਮੀਗਰੈਂਟ ਦੇ ਤੌਰ ‘ਤੇ ਆਇਆ ਸੀ।

ਸਵਾਲ:  ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ?
ਜਵਾਬ: ਬਾਹਠ ਵਿੱਚ? ਮੇਰਾ ਖਿਆਲ ਹੈ ਕਿ ਉਸ ਸਮੇਂ ਮੈਂ 29 ਸਾਲਾਂ ਦਾ ਸੀ।

ਸਵਾਲ: ਇੰਡੀਆ ਵਿੱਚ ਆਪਣੇ ਪਿਛੋਕੜ ਬਾਰੇ ਦੱਸੋ। ਆਪਣੇ ਪਰਿਵਾਰ ਦੇ ਪਿਛੋਕੜ ਬਾਰੇ। ਉੱਥੇ ਤੁਸੀਂ ਕੀ ਕਰਦੇ ਸੀ?
ਜਵਾਬ: ਮੈਂ ਇਕ ਜ਼ਿਮੀਂਦਾਰ ਪਰਿਵਾਰ ਵਿੱਚੋਂ ਆਇਆ ਹਾਂ, ਘਰ ਵਿੱਚ ਆਰਥਿਕ ਪੱਖੋਂ ਸੌਖ ਸੀ। ਮੇਰਾ ਬਾਪ ਇਕ ਸਿਆਸੀ ਕਾਰਕੁੰਨ ਸੀ। ਆਪਣੀ ਸਾਰੀ ਉਮਰ ਉਹ ਸਿਆਸਤ ਵਿੱਚ ਸਰਗਰਮ ਰਹੇ। ਉਹਨਾਂ ਨੇ ਆਪਣਾ ਸਿਆਸੀ ਜੀਵਨ ਇਕ ਅਕਾਲੀ ਵਜੋਂ ਸ਼ੁਰੂ ਕੀਤਾ, ਮੇਰਾ ਖਿਆਲ ਹੈ 1920ਵਿਆਂ ਦੇ ਅਖੀਰ ਵਿੱਚ, ਜਦੋਂ ਅਕਾਲੀਆਂ ਵਿੱਚ ਬਹੁਤ ਹੀ ਅਗਾਂਹਵਧੂ ਅਤੇ ਰੈਡੀਕਲ ਰੁਝਾਨ ਸੀ। ਉਸ ਸਮੇਂ ਇਹ ਛੋਟੇ ਕਿਸਾਨਾਂ ਦੀ ਮੁਕਤੀ ਲਈ ਵਚਨਬੱਧ ਸੀ। ਸੋ ਉਹਨੇ ਆਪਣੀ ਸ਼ੁਰੂਆਤ ਉੱਥੋਂ ਕੀਤੀ।

ਪਰ ਛੇਤੀ ਹੀ, 1932 ਦੇ ਕਰੀਬ, ਉਹ ਕਾਂਗਰਸ ਲਹਿਰ ਜਾਂ ਬਸਤੀਵਾਦ ਵਿਰੁੱਧ ਚੱਲਦੀ ਅਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋ ਗਿਆ। ਪਰ 1935 ਦੀ ਇਲੈਕਸ਼ਨ ਤੋਂ ਬਾਅਦ, ਜਿਹੜੀ ਕਿ ਸਵੈ-ਰਾਜ (ਸੈਲਫ ਰੂਲ) ਅਧੀਨ ਪਹਿਲੀ ਇਲੈਕਸ਼ਨ ਸੀ, ਉਹ ਕਾਂਗਰਸ ਦੇ ਮਨਿਸਟਰਾਂ ਅਤੇ ਕਾਂਗਰਸ ਵਲੋਂ ਲੜਨ ਵਾਲੇ ਲੋਕਾਂ ਦੇ ਰਿਕਾਰਡ ਤੋਂ ਨਿਰਾਸ਼ ਹੋ ਗਿਆ ਅਤੇ ਉਸ ਨੇ ਛੇਤੀ ਹੀ ਆਪਣੇ ਆਪ ਨੂੰ ਕਾਂਗਰਸ ਦੇ ਉਸ ਵੇਲੇ ਦੇ ਖੱਬੇ ਧੜੇ ਨਾਲ ਜੋੜ ਲਿਆ, ਜਿਹੜਾ ਧੜਾ ਬਾਅਦ ਵਿੱਚ ਇੰਡੀਆ ਦੀ ਕਮਿਊਨਿਸਟ ਪਾਰਟੀ ਬਣਿਆ।

ਸਵਾਲ: ਜਦੋਂ ਤੁਸੀਂ ਇੰਡੀਆ ਵਾਲੇ ਪਾਸੇ ਆ ਗਏ, ਕੀ ਉਨ੍ਹਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ?
ਜਵਾਬ: ਹਾਂ। ਅਸਲ ਵਿੱਚ ਵੰਡ ਦੇ ਦੌਰਾਨ, ਸੀ ਪੀ ਆਈ (ਕਮਿਊਨਿਸਟ ਪਾਰਟੀ ਆਫ ਇੰਡੀਆ) ਦੇ ਬਹੁਤ ਸਾਰੇ ਲੋਕਾਂ ਵਾਂਗ, ਉਸ ਨੇ ਵੀ ਪਾਕਿਸਤਾਨ ਦੇ ਬਣਨ ਦੇ ਹੱਕ ਵਿੱਚ ਸਟੈਂਡ ਲਿਆ। ਇਸ ਧਾਰਨਾ ਦੇ ਅਧੀਨ ਕਿ ਸਾਰੇ ਲੋਕਾਂ ਨੂੰ ਸਵੈ-ਰਾਜ (ਸੈਲਫ ਰੂਲ) ਦਾ ਹੱਕ ਹੈ। ਪਰ ਦੰਗਿਆਂ ਦੌਰਾਨ ਉਹ ਕਮਿਊਨਿਸਟ ਪਾਰਟੀ ਦੇ ਉਨ੍ਹਾਂ ਵਾਲੰਟੀਅਰਾਂ ਦਾ ਹਿੱਸਾ ਸੀ ਜਿਹੜੇ ਅੰਮ੍ਰਿਤਸਰ ਵਿੱਚ ਭਾਰਤੀ ਲੋਕਾਂ ਦੀ ਮਦਦ ਕਰ ਰਹੇ ਸਨ। ਉਹ ਬਾਕੀ ਪਰਿਵਾਰ ਤੋਂ ਤਿੰਨ ਮਹੀਨੇ ਪਹਿਲਾਂ, ਪਾਕਿਸਤਾਨ ਵਿੱਚ ਆਉਣ ਵਾਲੇ ਹਿੱਸੇ ਨੂੰ ਛੱਡ ਕੇ ਇੰਡੀਆ ਆ ਗਿਆ ਸੀ ਅਤੇ ਫਿਰ ਉਹ ਏਧਰ ਆ ਕੇ ਫਸ ਗਿਆ। ਉਹ ਇੱਥੇ ਕਿਸੇ ਆਵਾਜਾਈ ਦੇ ਸਾਧਨ ਦਾ ਪ੍ਰਬੰਧ ਕਰਨ ਆਇਆ ਸੀ ਜਿਸ ‘ਤੇ ਉਹ ਬਾਕੀ ਦੇ ਪਰਿਵਾਰ ਨੂੰ ਏਧਰ ਲਿਆ ਸਕੇ। ਪਰ ਜਦੋਂ ਹੀ ਉਹ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਲ ਏਧਰ ਆਇਆ ਤਾਂ ਦੰਗੇ ਹੋਰ ਤੇਜ਼ ਹੋ ਗਏ ਅਤੇ ਉਹ ਅੰਮ੍ਰਿਤਸਰ ਵਿੱਚ ਫਸ ਗਿਆ। ਉੱਥੇ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਵਾਲੰਟੀਅਰਾਂ ਨਾਲ ਕੰਮ ਕਰਨ ਲੱਗਾ ਜਿਹੜੇ ਜ਼ਖਮੀਆਂ, ਵੱਢਿਆਂ-ਟੁੱਕਿਆਂ ਅਤੇ ਮਾਰੇ ਜਾ ਚੁੱਕੇ ਲੋਕਾਂ ਨਾਲ ਕੰਮ ਕਰ ਰਹੇ ਸਨ, ਇਸ ਗੱਲ ਦਾ ਫਰਕ ਕੀਤੇ ਬਗੈਰ ਕਿ ਉਹ ਲੋਕ ਕੌਣ ਸਨ। ਇਸ ਕੇਸ ਵਿੱਚ ਉਨ੍ਹਾਂ ਵਿੱਚੋਂ ਬਹੁਤੇ ਮੁਸਲਮਾਨ ਸਨ।

1947 ਵਿੱਚ ਅਕਤੂਬਰ ਦੇ ਅਖੀਰ ‘ਤੇ ਕਮਿਊਨਿਸਟ ਪਾਰਟੀ ਵਿੱਚ ਆਈ ਦੁਫਾੜ ਵਿੱਚ ਉਹ ਤੇਜਾ ਸਿੰਘ ਸੁਤੰਤਰ ਅਤੇ ਦੂਸਰਿਆਂ ਦੇ ਨਾਲ ਲਾਲ ਕਮਿਊਨਿਸਟ ਪਾਰਟੀ ਵਿੱਚ ਚਲੇ ਗਿਆ। ਇਨ੍ਹਾਂ ਸਾਲਾਂ ਵਿੱਚ ਉਹ ਕਾਫੀ ਜ਼ਿਆਦਾ ਸਰਗਰਮ ਰਿਹਾ। ਮੈਂ 1947 ਵਿੱਚ ਵੰਡ ਤੋਂ ਪਹਿਲਾਂ ਦੇ ਭਾਰਤ ਵਿੱਚ ਹਾਈ ਸਕੂਲ ਜਾਣਾ ਸ਼ੁਰੂ ਕੀਤਾ ਸੀ। ਬਾਰਡਰ ਪਾਰ ਕਰਕੇ ਨਵੇਂ ਭਾਰਤ ਵਿੱਚ ਆ ਕੇ ਮੈਂ ਇਕ ਸਾਲ ਸਕੂਲ ਨਾ ਗਿਆ। ਪਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡਾ ਘਰ ਸਿਆਸੀ ਸਰਗਰਮੀਆਂ ਦਾ ਗੜ੍ਹ ਹੁੰਦਾ ਸੀ। ਰੈਡੀਕਲ ਵਿਚਾਰ ਰੱਖਣ ਵਾਲੇ ਲੋਕ ਸਾਡੇ ਘਰ ਆਉਂਦੇ ਸਨ। ਪਰ ਸਾਡੇ ਕੋਲ ਉਨ੍ਹਾਂ ਨੂੰ ਦੇਣ ਲਈ ਕੁਝ ਨਹੀਂ ਸੀ ਹੁੰਦਾ ਕਿਉਂਕਿ ਉਸ ਸਮੇਂ ਸਾਡਾ ਪਰਿਵਾਰ ਗੰਭੀਰ ਆਰਥਿਕ ਸੰਕਟ ਵਿੱਚੋਂ ਦੀ ਗੁਜ਼ਰ ਰਿਹਾ ਸੀ। ਘਰ ਵਿੱਚ ਕੁਝ ਵੀ ਨਹੀਂ ਸੀ। ਇਹ ਬਹੁਤ ਮੁਸ਼ਕਿਲ ਭਰੇ ਦਿਨ ਸਨ।

ਪਰ ਮੈਂ ਸ਼ਾਇਦ ਪਹਿਲੀ ਵਾਰ ਰੈਡੀਕਲ ਸਿਆਸਤ ਨੂੰ ਨੇੜਿਓਂ ਵਾਚਣ ਲੱਗਾ ਸੀ, ਮੈਂ ਬੈਠਾ ਬੈਠਾ ਆਪਣੇ ਬਾਪ ਅਤੇ ਉਸ ਦੇ ਕਾਮਰੇਡ ਸਾਥੀਆਂ ਨੂੰ ਵੱਖ ਵੱਖ ਤਰ੍ਹਾਂ ਦੇ ਮੁੱਦਿਆਂ ਬਾਰੇ ਗੱਲਬਾਤ ਕਰਦੇ ਦੇਖਦਾ। ਮੈਂ ਇਕ ਸਾਲ ਘਰ ਹੀ ਰਿਹਾ, ਸਕੂਲ ਨਹੀਂ ਗਿਆ। ਅਗਲੇ ਸਾਲ 1948-49 ਵਿੱਚ ਮੈਂ ਬਾਬਾ ਬਕਾਲਾ ਦੇ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਅਤੇ ਬਹੁਤ ਛੇਤੀ ਹੀਂ ਵਿਦਿਆਰਥੀ ਸਿਆਸਤ ਵਿੱਚ ਹਿੱਸਾ ਲੈਣ ਲੱਗਾ। ਦਰਅਸਲ ਮੇਰੇ ਖਿਆਲ ਵਿੱਚ ਅਸੀਂ 1949 ਦੇ ਸਿਆਲ ਵਿੱਚ ਹਾਈ ਸਕੂਲ ਵਿੱਚ ਹੜਤਾਲ ਕੀਤੀ ਸੀ। ਉਸ ਇਲਾਕੇ ਵਿੱਚ ਇਹ ਇਕ ਹੀ ਹਾਈ ਸਕੂਲ ਸੀ। ਉਨ੍ਹਾਂ ਸਮਿਆਂ ਵਿੱਚ ਬਹੁਤ ਘੱਟ ਹਾਈ ਸਕੂਲ ਹੁੰਦੇ ਸਨ। ਇਹ ਇਕ ਬਹੁਤ ਵੱਡਾ ਹਾਈ ਸਕੂਲ ਸੀ, ਪੜ੍ਹਾਈ ਅਤੇ ਖੇਡਾਂ ਵਿੱਚ ਇਕ ਚੰਗਾਂ ਨਾਂ ਰੱਖਣ ਵਾਲਾ ਹਾਈ ਸਕੂਲ, ਪਰ ਇਸ ‘ਤੇ ਕਾਂਗਰਸ ਨਾਲ ਜੁੜੇ ਲੋਕਾਂ ਦਾ ਕੰਟਰੋਲ ਸੀ। ਉਹ ਮੈਨੇਜਿੰਗ ਕਮੇਟੀ ‘ਤੇ ਸਨ ਅਤੇ ਉਹ ਬਹੁਤ ਜ਼ਿਆਦਾ ਰੂੜੀਵਾਦੀ ਅਤੇ ਪ੍ਰਤੀਗਾਮੀ ਲੋਕ ਸਨ ਅਤੇ ਉਹ ਇਸ ਗੱਲ ਦੀ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ਵਿਦਿਆਰਥੀ ਕੋਈ ਮੰਗਾਂ ਵੀ ਮੰਗ ਸਕਦੇ ਸਨ।

ਪਰ ਉਸ ਵੇਲੇ ਟਿਊਸ਼ਨ ਫੀਸਾਂ ਵਧਾਉਣ ਲਈ ਦਬਾਅ ਸੀ। ਸੂਬਾਈ ਸਰਕਾਰ ਦੀਆਂ ਨੀਤੀਆਂ ਅਨੁਸਾਰ ਸਕੂਲਾਂ ਲਈ ਪੈਸੇ – ਜਨਤਾ ਦੇ ਪੈਸੇ- ਮੌਜੂਦ ਸਨ। ਸੋ ਟਿਊਸ਼ਨਾਂ ਵਿੱਚ ਵਾਧਾ ਕਰ ਦਿੱਤਾ ਗਿਆ ਅਤੇ ਹੜਤਾਲ ਟਿਊਸ਼ਨਾਂ ਵਿੱਚ ਹੋਏ ਵਾਧੇ ਦੇ ਖ਼ਿਲਾਫ ਸੀ। ਹੜਤਾਲ ਦੌਰਾਨ ਅਤੇ ਹੜਤਾਲ ਤੱਕ ਪਹੁੰਚਦਿਆਂ ਪਹੁੰਚਦਿਆਂ ਮੈਂ ਕਈ ਨੌਜਵਾਨ ਕਮਿਊਨਿਸਟ ਕਾਰਕੁਨਾਂ ਦੇ ਸੰਪਰਕ ਵਿੱਚ ਆ ਚੁੱਕਾ ਸੀ ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਵਿਦਿਆਰਥੀ ਲੀਡਰ ਸਨ ਅਤੇ ਉਹ ਸਾਰੇ ਬਹੁਤ ਪ੍ਰਭਾਵਸ਼ਾਲੀ, ਹੁਸ਼ਿਆਰ, ਉੱਘੇ, ਸਮਰਪਤ ਨੌਜਵਾਨ ਰੈਡੀਕਲ ਸਨ। ਉਹ ਅਚਾਨਕ ਮੇਰੇ ਇਸ ਨਜ਼ਰੀਏ ਨੂੰ ਪ੍ਰਭਾਵਿਤ ਕਰਨ ਲੱਗ ਪਏ ਕਿ ਕੀ ਹੋਣਾ ਚਾਹੀਦਾ ਹੈ।

Screenshot

Leave a Reply

Your email address will not be published. Required fields are marked *