ਜਸਟਿਨ ਟਰੂਡੋ ਦੀ ਅਫਸਰਸ਼ਾਹੀ ਨੂੰ ਨੱਥ ਪਾਉਣ ਲਈ ਕੰਸਰਵੇਟਿਵ ਨੂੰ ਜਿਤਾਉਣ ਦੀ ਕੀਤੀ ਅਪੀਲ-
ਸਰੀ, 3 ਫਰਵਰੀ (ਹਰਦਮ ਮਾਨ, ਮਾਂਗਟ )-ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਤੇ ਉਘੇ ਰੇਡੀਓ ਹੋਸਟ ਹਰਜੀਤ ਸਿੰਘ ਗਿੱਲ ਨੇ ਬੀਤੇ ਦਿਨ ਆਪਣੇ ਹਮਾਇਤੀਆਂ ਅਤੇ ਚਾਹੁਣ ਵਾਲਿਆਂ ਦਾ ਵੱਡਾ ਇਕੱਠ ਕਰ ਕੇ ਆਪਣੀ ਚੋਣ ਮੁਹਿੰਮ ਦਾ ਬਿਗਲ ਵਜਾ ਦਿੱਤਾ ਹੈ। ਗਰੈਂਡ ਅੰਪਾਇਰ ਬੈਂਕੁਇਟ ਹਾਲ ਸਰੀ ਵਿਚ ਇਕੱਤਰ ਹੋਏ ਕਰੀਬ 1000- 1200 ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਸਰੀ ਦਾ ਭਵਿੱਖ ਸੰਵਾਰਨ ਲਈ ਆ ਰਹੀਆਂ ਫੈਡਰਲ ਚੋਣਾਂ ਵਿਚ ਸਮੁੱਚੇ ਭਾਈਚਾਰੇ ਨੂੰ ਇਕਮੁੱਠ ਹੋ ਕੇ ਡਟ ਜਾਣਾ ਚਾਹੀਦਾ ਹੈ।
ਲਿਬਰਲ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਸਰਕਾਰ ਨੇ ਵਾਗਡੋਰ ਕਥਿਤ ਵਿਗੜੀ ਹੋਈ ਅਫਸਰਸ਼ਾਹੀ ਦੇ ਹੱਥਾਂ ਵਿਚ ਦਿੱਤੀ ਹੋਈ ਹੈ ਅਤੇ ਇਕ ਇਕ ਨੌਕਰੀ ‘ਤੇ 20-20 ਅਫਸਰ ਲਾਏ ਹੋਏ ਹਨ। ਇਹ ਸਰਕਾਰ ਹਰ ਸਾਲ 20 ਬਿਲੀਅਨ ਡਾਲਰ ਸਲਾਹਕਾਰਾਂ ਉੱਪਰ ਰੋੜ੍ਹ ਰਹੀ ਹੈ। ਲੋਕ ਹਰ ਸਾਲ 500 ਮਿਲੀਅਨ ਡਾਲਰ ਵੱਖ ਵੱਖ ਟੈਕਸਾਂ ਰਾਹੀਂ ਸਰਕਾਰ ਨੂੰ ਦਿੰਦੇ ਹਨ ਪਰ ਉਸ ਦੇ ਇਵਜ਼ ਵਿਚ ਲੋਕਾਂ ਨੂੰ ਹੱਥਾਂ ਵਿਚ ਠੂਠਾ ਫੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਕਾਰਨ ਮਹਿੰਗਾਈ ਨੇ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ, ਲੋਕਾਂ ਦੇ ਸਿਰ ਦੀਆਂ ਛੱਤਾਂ ਖੁੱਸ ਰਹੀਆਂ ਹਨ। ਯੂਕਰੇਨ ਨੂੰ ਟਰੂਡੋ ਸਰਕਾਰ ਨੇ 20 ਅਰਬ ਡਾਲਰ ਦੇ ਦਿੱਤਾ ਪਰ ਆਪਣੇ ਦੇਸ਼ ਵਿਚ ਭੁੱਖਮਰੀ ਫੈਲੀ ਹੋਈ ਹੈ।
ਸ. ਗਿੱਲ ਨੇ ਕਿਹਾ ਕਿ 25 ਸਾਲ ਪਹਿਲਾਂ ਕੈਨੇਡਾ ਦਾ ਸਿਸਟਮ ਬਹੁਤ ਹੀ ਬਿਊਟੀਫੁੱਲ ਸੀ ਅਤੇ ਹਰ ਨਵਾਂ ਇਮੀਗਰਾਂਟ ਇੱਥੇ ਆ ਕੇ ਕੁਝ ਕੁ ਸਾਲਾਂ ਵਿਚ ਵੈੱਲ ਸੈਟਲਡ ਹੋ ਜਾਂਦਾ ਸੀ ਪਰ ਅੱਜ ਹਾਲਾਤ ਇਹ ਹਨ ਕਿ ਨਵਾਂ ਬਸ਼ਿੰਦਾ ਇੱਥੇ ਆ ਕੇ 20-20 ਸਾਲ ਆਪਣੇ ਲਈ ਘਰ ਖਰੀਦਣ ਦੇ ਯੋਗ ਨਹੀਂ ਹੋ ਸਕਦਾ। ਸਰਕਾਰ ਦੀ ਨਲਾਇਕੀ ਕਾਰਨ ਦੇਸ਼ ਦੀ ਜੀਡੀਪੀ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਜੇਕਰ ਅਫਸਰਸ਼ਾਹੀ ਨੂੰ ਨੱਥ ਪਾ ਲਈ ਜਾਵੇ ਤਾਂ ਕੈਨੇਡਾ ਨੂੰ ਪਹਿਲਾਂ ਵਾਲਾ ਸ਼ਾਹੀ ਮੁਲਕ ਬਣਾਇਆ ਜਾ ਸਕਦਾ ਹੈ। ਕੈਨੇਡਾ 170 ਬਿਲੀਅਨ ਬੈਰਲ ਨਾਲ ਕੱਚਾ ਤੇਲ ਪੈਦਾ ਕਰਨ ਵਾਲੇ ਵਿਚ ਮੁਲਕਾਂ ਵਿਚ ਤੀਜਾ ਸਥਾਨ ਰਖਦਾ ਹੈ। ਕੈਨੇਡਾ ਏਸ਼ੀਆ ਅਤੇ ਯੂਰਪ ਦੇ ਦੇਸ਼ਾਂ ਨੂੰ ਐਲਪੀਜੀ ਗੈਸ ਸਪਲਾਈ ਕਰ ਕੇ ਆਪਣੀ ਇਕਾਨਮੀ ਨੂੰ ਮਜ਼ਬੂਤ ਕਰ ਸਕਦਾ ਹੈ।
ਹਲਕਾ ਸਰੀ ਨਿਊਟਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਹਲਕੇ ਵਿਚ ਪਿਛਲੇ 20 ਸਾਲਾਂ ਵਿਚ ਫੈਡਰਲ ਸਰਕਾਰ ਦੇ ਫੰਡਾਂ ਨਾਲ ਇਕ ਵੀ ਪ੍ਰੋਜੈਕਟ ਸਥਾਪਿਤ ਨਹੀਂ ਹੋਇਆ ਜਦੋਂ ਕਿ ਲਾਗਲੇ ਪਾਰਲੀਮੈਂਟ ਹਲਕੇ ਸਰੀ ਸੈਂਟਰਲ ਦਾ ਐਮ.ਪੀ. ਆਪਣੇ ਹਲਕੇ ਲਈ 30 ਮਿਲੀਅਨ ਡਾਲਰ ਦੀ ਗਰਾਂਟ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਸਾਨੂੰ ਭੋਗਾਂ, ਵਿਆਹਾਂ ‘ਚ ਸ਼ਾਮਲ ਹੋਣ ਵਾਲਾ ਨੁਮਾਇੰਦਾ ਚਾਹੀਦਾ ਹੈ ਜਾਂ ਹਲਕੇ ਦੇ ਕਾਰਜ ਕਰਨ ਵਾਲਾ। ਉਨ੍ਹਾਂ ਇਕੱਠ ਵਿਚ ਸ਼ਾਮਲ ਹੋਏ ਆਪਣੇ ਸਾਰੇ ਸ਼ੁੱਭਚਿੰਤਕਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਸਿਰਫ ਦਾਅਵਿਆਂ ਨਾਲ ਜਿੱਤ ਪ੍ਰਾਪਤ ਨਹੀਂ ਹੋ ਸਕਦੀ। ਜਿੱਤ ਦੇ ਝੰਡੇ ਗੱਡਣ ਲਈ ਲੋਕਾਂ ਨੂੰ ਵੋਟ ਪਾਉਣ ਲਈ ਪੋਲਿੰਗ ਬੂਥਾਂ ‘ਤੇ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰੀ ਨਿਊਟਨ ਹਲਕੇ ਵਿਚ ਆਪਣੇ ਭਾਈਚਾਰੇ ਦੀ 60 ਹਜਾਰ ਫੈਸਲਾਕੁੰਨ ਵੋਟ ਹੈ ਅਤੇ ਇਸ ਦੀ ਵਰਤੋਂ ਨਾਲ ਅਸੀਂ ਕੋਈ ਵੀ ਤਖ਼ਤ ਪਲਟ ਸਕਦੇ ਹਾਂ।
ਉਨ੍ਹਾਂ ਕਿਹਾ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਦਾ ਵਾਅਦਾ ਹੈ ਕਿ ਸਰਕਾਰ ਬਣਦਿਆਂ ਹੀ ਸਭ ਤੋਂ ਪਹਿਲਾਂ ਕਾਰਬਨ ਟੈਕਸ ਖਤਮ ਕੀਤਾ ਜਾਵੇਗਾ, ਘਰਾਂ ਦੀ ਉਸਾਰੀ ਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਂਦਾ ਜਾਵੇਗਾ ਅਤੇ ਜਰਾਇਮ ਨੂੰ ਖਤਮ ਕੀਤਾ ਜਾਵੇਗਾ। ਇਸ ਮੌਕੇ ਸਰੀ ਸਾਊਥ ਸਰੀ ਦੇ ਮੈਂਬਰ ਪਾਲੀਮੈਂਟ ਕੇਰੀ-ਲੀਨ ਫਿੰਡਲੇ, ਸਰੀ ਦੇ ਸਾਬਕਾ ਮੇਅਰ ਡਗ ਮੈਕਲਮ, ਐਮ.ਐਲ.ਏ. ਮਨਦੀਪ ਧਾਲੀਵਾਲ, ਐਮ.ਐਲ.ਏ ਬਰਾਇਨ ਟੈਪਰ, ਹਰਜੀਤ ਗਿੱਲ ਦੇ ਸਪੁੱਤਰ ਬਲਰਾਜ ਗਿੱਲ, ਗਗਨ ਸਿੰਘ ਨੇ ਵੀ ਲੋਕਾਂ ਨੂੰ ਅਗਲੀਆਂ ਚੋਣਾਂ ਵਿਚ ਕਮਿਊਨਿਟੀ ਦੀ ਆਵਾਜ਼ ਬੁਲੰਦ ਕਰਨ ਲਈ ਹਰਜੀਤ ਗਿੱਲ ਦਾ ਡਟ ਕੇ ਸਾਥ ਦੇਣ ਦੀ ਅਪੀਲ ਕੀਤੀ।