ਸਰੀ ( ਪ੍ਰਭਜੋਤ ਕਾਹਲੋਂ)- – ਸਰੀ ਸ਼ਹਿਰ ਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਕੌਂਸਲਰ ਰੌਬ ਸਟੱਟ ਨੂੰ ਮੇਅਰ ਅਤੇ ਕੌਂਸਲ ਨੇ ਸਰੀ ਪੁਲਿਸ ਬੋਰਡ ਵਿੱਚ ਸਰੀ ਸਿਟੀ ਕੌਂਸਲ ਦੀ ਨੁਮਾਇੰਦਗੀ ਕਰਨ ਲਈ ਨਿਯੁਕਤ ਕੀਤਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਅਸੀਂ ਕੌਂਸਲਰ ਸਟੱਟ ਨੂੰ ਸਰੀ ਪੁਲਿਸ ਬੋਰਡ ਵਿੱਚ ਸ਼ਾਮਲ ਕਰਕੇ ਖ਼ੁਸ਼ ਹਾਂ। ਪੁਲਿਸ ਵਿੱਚ ਉਨ੍ਹਾਂ ਦਾ ਲੰਮਾ- ਚੌੜਾ ਤਜਰਬਾ ਤੇ ਕਮਿਊਨਿਟੀ ਵਿੱਚ ਕੀਤੀ ਉਨ੍ਹਾਂ ਦੀ ਸੇਵਾ, ਇਸ ਲਈ ਬਹੁਤ ਲਾਹੇਵੰਦ ਹੋਵੇਗੀ । ਇਹ ਮਹੱਤਵਪੂਰਨ ਸੀ ਕਿ ਪੁਲਿਸ ਦੇ ਤਜਰਬੇ ਨੂੰ ਬੋਰਡ ‘ਤੇ ਲਿਆਂਦਾ ਜਾਵੇ, ਤਾਂ ਜੋ ਭਾਈਚਾਰੇ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਪ੍ਰਭਾਵਸ਼ਾਲੀ ਢੰਗ ਨਾਲ ਫ਼ੈਸਲੇ ਲਏ ਜਾਣ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਸੂਝ ਅਤੇ ਅਗਵਾਈ, ਸਰੀ ਨੂੰ ਸੁਰੱਖਿਅਤ ਅਤੇ ਖ਼ੁਸ਼ਹਾਲ ਰੱਖਣ ਲਈ ਬੋਰਡ ਦੇ ਕੰਮ ਵਿੱਚ ਮਾਰਗ ਦਰਸ਼ਨ ਕਰਨ ਵਿੱਚ ਮਦਦ ਕਰੇਗੀ।
ਕੌਂਸਲਰ ਸਟੱਟ ਕੋਲ ਪੁਲਿਸ ਅਤੇ ਇੰਸ਼ੋਰੈਂਸ ਇੰਡਸਟਰੀ ਵਿੱਚ 40 ਸਾਲਾਂ ਤੋਂ ਵੱਧ ਦਾ ਤਜਰਬਾ ਹੈ, ਜਿਸ ਵਿੱਚ ਸਰੀ ਆਰ ਸੀ ਐਮ ਪੀ ਵਿੱਚ ਨਿਭਾਈ ਸੇਵਾ ਵੀ ਸ਼ਾਮਲ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਥਾਨਕ ਕਮਿਊਨਿਟੀ ਮੈਂਬਰ ਵਜੋਂ, ਉਨ੍ਹਾਂ ਸੁਲੈਵਾਨ ਕਮਿਊਨਿਟੀ ਐਸੋਸੀਏਸ਼ਨ ਦੀ ਕਾਰਜਕਾਰੀ ਵਿੱਚ ਸੇਵਾ ਨਿਭਾਈ ਹੈ ਅਤੇ ਮਾਈਨਰ ਹਾਕੀ ਦੇ ਵੱਖ-ਵੱਖ ਪੱਧਰਾਂ ‘ਤੇ ਕਈ ਸਾਲ ਵਲੰਟੀਅਰ ਕੰਮ ਕੀਤਾ ਹੈ। ਕੌਂਸਲਰ ਸਟੱਟ ਇਸ ਸਮੇਂ ਸਰੀ ਪਬਲਿਕ ਸੇਫ਼ਟੀ ਕਮੇਟੀ ਅਤੇ ਸਰੀ ਹੈਰੀਟੇਜ ਐਡਵਾਈਜ਼ਰੀ ਕਮਿਸ਼ਨ ਦੀ ਪ੍ਰਧਾਨਗੀ ਕਰਦੇ ਹਨ ਅਤੇ ਆਡਿਟ ਕਮੇਟੀ, ਵਿੱਤ ਕਮੇਟੀ ਅਤੇ ਮੈਟਰੋ ਵੈਨਕੂਵਰ ਦੀ ਰੀਜ਼ਨਲ ਪਾਰਕਸ ਕਮੇਟੀ ਸਮੇਤ ਕਈ ਹੋਰ ਕਮੇਟੀਆਂ ਵਿੱਚ ਬੈਠਦੇ ਹਨ।
ਕੌਂਸਲਰ ਸਟੱਟ ਨੇ ਕਿਹਾ, “ਮੈਂ ਸਰੀ ਪੁਲਿਸ ਬੋਰਡ ਵਿੱਚ ਨਿਯੁਕਤ ਹੋਣ ਅਤੇ ਇਸ ਤਹਿਤ ਆਪਣੇ ਭਾਈਚਾਰੇ ਦੀ ਸੇਵਾ ਜਾਰੀ ਰੱਖਣ ਲਈ ਮਾਣ ਮਹਿਸੂਸ ਕਰ ਰਿਹਾ ਹਾਂ”। “ਪੁਲਿਸ ਵਿੱਚ ਮੇਰੇ ਪਿਛੋਕੜ ਅਤੇ ਮੇਰੀ ਜਨਤਕ ਸੇਵਾ ਦੇ ਸਾਲਾਂ ਨੇ ਮੈਨੂੰ ਸਰੀ ਦੀਆਂ ਵਿਭਿੰਨ ਲੋੜਾਂ ਦੀ ਡੂੰਘੀ ਸਮਝ ਦਿੱਤੀ ਹੈ। ਮੈਂ ਇਹ ਯਕੀਨੀ ਬਣਾਉਣ ਲਈ ਆਪਣੇ ਸਾਥੀ ਬੋਰਡ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ, ਤਾਂ ਕਿ ਜਨਤਕ ਸੁਰੱਖਿਆ ਸਾਡੇ ਸ਼ਹਿਰ ਲਈ ਸਰਵਉੱਚ ਤਰਜੀਹ ਬਣੀ ਰਹੇ ਅਤੇ ਸਰੀ ਦੇ ਵਸਨੀਕਾਂ ਤੇ ਸੈਲਾਨੀਆਂ ਨੂੰ ਸਭ ਤੋਂ ਵਧੀਆ ਸੇਵਾ ਪ੍ਰਦਾਨ ਕੀਤੀ ਜਾਵੇ”।ਸਰੀ ਪੁਲਿਸ ਬੋਰਡ, ਬੀਸੀ ਪੁਲਿਸ ਐਕਟ ਦੇ ਤਹਿਤ ਸਥਾਪਤ ਇੱਕ ਸੁਤੰਤਰ ਸ਼ਾਸਨ ਸੰਸਥਾ ਹੈ, ਜੋ ਸਰੀ ਵਿੱਚ ਨਾਗਰਿਕਾਂ ਪੱਖੋਂ ਪੁਲਿਸ ਦੀ ਨਿਗਰਾਨੀ ਕਰਨ, ਨੀਤੀ ਦਿਸ਼ਾ ਨਿਰਧਾਰਿਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਕਿ ਪੁਲਿਸ ਸੇਵਾਵਾਂ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਦੀਆਂ ਹਨ।