ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਭੋਗ ਤੇ ਅੰਤਿਮ ਅਰਦਾਸ ਉਪਰੰਤ ਮੀਟਿੰਗ ਵਿਚ ਲਿਆ ਫੈਸਲਾ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਪਿਛਲੇ ਦਿਨੀਂ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਖੇਡ ਪ੍ਰਮੋਟਰ ਲਾਲੀ ਢੇਸੀ ਦੇ ਅਚਨਚੇਤ ਅਕਾਲ ਚਲਾਏ ਤੋਂ ਬਾਅਦ ਕਬੱਡੀ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਹੈ। ਲਾਲੀ ਢੇਸੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 2 ਫਰਵਰੀ ਫਾਈਵ ਰਿਵਰ ਡੈਲਟਾ ਵਿਖੇ ਕਰਨ ਉਪਰੰਤ ਅੰਤਿਮ ਅਰਦਾਸ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਕੀਤੀ ਗਈ। ਇਸ ਤੋਂ ਬਾਅਦ ਗੁਰਬਖ਼ਸ਼ ਸਿੰਘ (ਬਾਗ਼ੀ) ਸੰਘੇੜਾ ਵਲੋਂ ਕਬੱਡੀ ਖਿਡਾਰੀਆਂ ਤੇ ਪ੍ਰਮੋਟਰਾਂ ਨਾਲ ਲੰਗਰ ਹਾਲ ਵਿਚ ਮੀਟਿੰਗ ਕੀਤੀ ਜਿਸ ‘ਚ ਓਨਟਾਰੀਓ ਕਬੱਡੀ ਫੈਡਰੇਸ਼ਨ ਦੇ ਜਸਵਿੰਦਰ ਸਿੰਘ ਛੋਕਰ ਤੇ ਜੱਸੀ ਸਰਾਏ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਲਾਲੀ ਢੇਸੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬੀ.ਸੀ ਕਬੱਡੀ ਤੇ ਕੈਲੇਫੋਰਨੀਆ ਫੈਡਰੇਸ਼ਨ ਨਾਲ ਰਲ ਕੇ ਕਬੱਡੀ ਕੱਪ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਲਾਲੀ ਢੇਸੀ ਦੀ ਯਾਦ ਨੂੰ ਤਾਜ਼ਾ ਰੱਖਣਾ ਚਾਹੁੰਦੇ ਹਨ ਤੇ ਹਰ ਤਰਾਂ ਦੀ ਮਾਲੀ ਮਦਦ ਕਬੱਡੀ ਫੈਡਰੇਸ਼ਨ ਨੂੰ ਦੇਣਗੇ। ਗੁਰਬਖ਼ਸ਼ ਸਿੰਘ ਬਾਗ਼ੀ ਸੰਘੇੜਾ ਨੇ ਸਾਰੀਆਂ ਫੈਡਰੇਸ਼ਨਾਂ ਨੂੰ ਅਪੀਲ ਕੀਤੀ ਕਿ ਸਾਰੀਆਂ ਫੈਡਰੇਸ਼ਨਾਂ ਇਕੱਠੀਆਂ ਹੋ ਕੇ ਕੰਮ ਕਰਨ। ਇੰਗਲੈਂਡ ਤੋਂ ਬਿੰਦਰ ਮਾਹਲ ਨੇ ਇਸ ਗੱਲ ਨਾਲ ਵੀ ਸਹਿਮਤੀ ਪ੍ਰਗਟਾਈ। ਮਈ ਮਹੀਨੇ ਵਿਚ ਬੱਬਰ ਸ਼ਹੀਦਾਂ ਦੀ ਯਾਦ ‘ਚ ਹੋਣ ਵਾਲਾ ਟੂਰਨਾਮੈਂਟ ਲਾਲੀ ਢੇਸੀ ਨੂੰ ਯਾਦ ਨੂੰ ਸਮਰਪਿਤ ਹੋਵੇਗਾ। ਗੁਰਬਖ਼ਸ਼ ਸਿੰਘ ਸੰਘੇੜਾ ਬਾਗ਼ੀ ਵੱਲੋਂ ਸਾਰੀਆਂ ਕਬੱਡੀ ਫੈਡਰੇਸ਼ਨਾਂ ਨੂੰ ਟੂਰਨਾਮੈਂਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਗਈ। ਜ਼ਿਕਰਯੋਗ ਹੈ ਕਿ ਬਾਗੀ ਸੰਘੇੜਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਟੂਰਨਾਮੈਂਟ ਦੇ ਸਕੱਤਰ ਅਤੇ ਕਬੱਡੀ ਕੋਆਰਡੀਨੇਟਰ ਵਜੋਂ ਲੰਬੇ ਸਮੇਂ ਸੇਵਾਵਾਂ ਨਿਭਾ ਰਹੇ ਹਨ ਅਤੇ ਬਹੁਤ ਵਧੀਆ ਕੁਮੈਂਟਰੀ ਵੀ ਕਰਦੇ ਹਨ। ਇਸ ਮੌਕੇ ਹੋਰਨਾਂ ਤੋ ਇਲਾਵਾ ਲੱਕੀ ਕੁਰਾਲੀਵਾਲਾ ਅਤੇ ਸ਼ੰਭੂ ਭਰੋਲੀਵਾਲਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਆਉਂਦੇ ਸਮੇਂ ਵਿਚ ਨਵੀਂ ਪੀੜੀ ਨੂੰ ਕਬੱਡੀ ਨਾਲ ਜੋੜਨ ਲਈ ਉਪਰਾਲੇ ਕਰਨਗੇ । ਇਹ ਉਨ੍ਹਾਂ ਵੱਲੋਂ ਲਾਲੀ ਢੇਸੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।