Headlines

ਅਮਰੀਕਾ ਤੋਂ ਪਰਤੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਭਾਰਤ ਤੇ ਸੂਬਾ ਸਰਕਾਰਾਂ ਅੱਗੇ ਆਉਣ-ਬਾਬਾ ਬਲਬੀਰ ਸਿੰਘ 

ਅੰਮ੍ਰਿਤਸਰ:- ਅਮਰੀਕਾ ਤੋਂ ਇੱਕ ਵਿਸ਼ੇਸ਼ ਫੌਜੀ ਜਹਾਜ ਰਾਹੀਂ ਲੁਕਵੇਂ ਤਰੀਕੇ ਨਾਲ ਉਥੇ ਗਏ 104 ਨੌਜਵਾਨਾਂ ਨੁੰ ਸ਼ਰਨ ਦੇਣ ਦੀ ਬਜਾਏ ਮੁੜ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦਿਤਾ ਗਿਆ ਹੈ। ਭਾਰਤ ਸਰਕਾਰ ਨੂੰ ਇਨ੍ਹਾਂ ਲੋਕਾਂ ਨਾਲ ਹਮਦਰਦੀ ਭਰਿਆ ਵਤੀਰਾ ਅਪਨਾਉਣਾ ਚਾਹੀਦਾ ਹੈ। ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਭਾਰਤ ਵੱਲੋਂ ਦਿਤੇ ਬਿਆਨ ਕਿ ਅਮਰੀਕਾ ਵਿਚੋਂ ਪੰਜਾਬੀਆਂ ਨੂੰ ਕੱਢੇ ਜਾਣ ਅਤੇ ਉਨ੍ਹਾਂ ਦੀ ਵਾਪਸੀ ਤੇ ਭਾਰਤ ਨੂੰ ਕੋਈ ਇਤਰਾਜ਼ ਨਹੀਂ ਤੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਬੇਰੁਜਗਾਰੀ ਤੇ ਅਤੰੁਸਟਤਾ ਦੇ ਨਾਲ ਦਸਤ ਪੰਜਾ ਲੈਂਦੇ ਪੰਜਾਬੀ ਨੌਜਵਾਨ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਅਤੇ ਕੀਮਤੀ ਜ਼ਮੀਨਾਂ, ਜਾਇਦਾਦਾਂ ਵੇਚ ਕੇ ਅਮਰੀਕਾ ਵਿੱਚ ਗਏ ਸਨ ਨੂੰ ਡੋਨਾਲਪ ਟਰੰਪ ਸਰਕਾਰ ਦੇ ਸ਼ਾਹੀ ਫੁਰਮਾਨ ਨਾਲ ਦੇਸ਼ ਨਿਕਾਲਾ ਦੇ ਦਿਤਾ ਗਿਆ ਹੈ ਅਤੇ ਵਿਸ਼ੇਸ਼ ਜਹਾਜਾਂ ਰਾਹੀਂ ਅਮਰੀਕਾ ਸਥਿਤ ਸ਼ਰਨਾਰਥੀ ਭਾਰਤੀਆਂ ਖਾਸਕਰ ਪੰਜਾਬੀਆਂ ਨੂੰ ਗੁਰੂ ਰਾਮਦਾਸ ਹਵਾਈ ਅੱਡਾ ਰਾਜਾਸਾਂਸੀ ਰਾਹੀਂ ਵਾਪਿਸ ਭੇਜ ਦਿਤਾ ਗਿਆ ਹੈ।

ਏਥੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਅਮਰੀਕਾ ਸਰਕਾਰ ਦੀ ਇਸ ਪ੍ਰਿਕਿਰਿਆ ਤੇ ਸਿੰਘ ਸਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਵੱਡੇ ਦੇਸ਼ਾਂ ਲਈ ਜੋ ਮਨੁੱਖਤਾ ਦੇ ਹੱਕਾਂ ਦੀ ਰਾਖੀ ਲਈ ਵੱਚਨਬੱਧ ਹੋਣ, ਸਰਨ ਆਏ ਸਰਨਾਰਥੀਆਂ ਨੂੰ ਦੇਸ਼ ਵਿੱਚੋਂ ਕੱਢਣਾ ਮਨੁੱਖਤਾ ਤੇ ਉਲਟ ਹੈ। ਅਮਰੀਕਾ ਦੀ ਸਰਕਾਰ ਲਈ ਅਜਿਹਾ ਵਤੀਰਾ ਅਪਨਾਉਣਾ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਰੋਜੀ ਰੋਟੀ ਦੀ ਭਾਲ ਵਿੱਚ ਪ੍ਰਵਾਸ ਕਰ ਗਏ ਲੋਕ ਉਸ ਦੇਸ਼ ਦੀ ਆਰਥਿਕਤਾ ਤੇ ਖੁਸ਼ਹਾਲੀ ਵਿੱਚ ਹੱਡ ਭੰਨਵੀਂ ਮੇਹਨਤ ਨਾਲ ਹਿੱਸਾ ਪਾਉਂਦੇ ਹਨ। ਉਨ੍ਹਾਂ ਕਿਹਾ ਅਮਰੀਕਾ ਸਰਕਾਰ ਨੂੰ ਇਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲੇ ਦੀ ਥਾਂ ਕੁੱਝ ਸ਼ਰਤਾਂ ਤਹਿਤ ਅਮਰੀਕਾ ਵਿੱਚ ਰਹਿਣ ਲਈ ਰਾਹ ਪੱਧਰਾ ਕਰਨਾ ਚਾਹੀਦਾ ਸੀ ਨਾ ਕਿ ਉਥੋਂ ਦੇਸ਼ ਨਿਕਾਲਾ ਦਿਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀ ਵਾਪਸੀ ਨਾਲ ਪੰਜਾਬ ਦੀ ਆਰਥਿਕਤਾ ਤੇ ਸਥਿਰਤਾ ਭਰੇ ਮਹੌਲ ਨੂੰ ਭਾਰੀ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਲੱਖਾਂ ਲੋਕ ਇਸ ਤਰ੍ਹਾਂ ਦੇ ਪ੍ਰਵਾਸ ਨਾਲ ਲਿਪਿਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 12 ਫਰਵਰੀ ਦੇ ਆਪਣੇ ਅਮਰੀਕਾ ਦੌਰੇ ਦੌਰਾਨ ਇਨ੍ਹਾਂ ਪੀੜ੍ਹਤ ਲੋਕਾਂ ਦੀ ਅਵਾਜ਼ ਬਨਣ ਅਤੇ ਡੋਨਾਲਪ ਟਰੰਪ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਪ੍ਰੇਰਤ ਕਰਨ। ਉਨ੍ਹਾਂ ਕਿਹਾ ਭਾਵੇਂ ਇਹ ਲੋਕ ਗ਼ੈਰਕਨੂੰਨੀ ਢੰਗ ਨਾਲ ਅਮਰੀਕਾ ਦਾਖਲ ਹੋਏ ਹਨ ਪਰ ਇਨ੍ਹਾਂ ਦੀਆਂ ਰੋਜ਼ੀ ਰੋਟੀ ਤੇ ਅਸੁਰੱਖਿਆ ਨਾਲ ਜੁੜੀਆਂ ਭਾਵਨਾਵਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਇਨ੍ਹਾਂ ਨੌਜਵਾਨਾਂ ਦੀ ਵਾਪਸੀ ਨਾਲ ਕਈ ਪਰਿਵਾਰ ਪ੍ਰਭਾਵਤ ਹੋਣਗੇ ਤੇ ਉਹ ਪਤਾ ਨਹੀਂ ਕਿਹੜੇ ਰਾਹ ਪੈਣਗੇ। ਉਨ੍ਹਾਂ ਕਿਹਾ ਇਨ੍ਹਾਂ ਪਰੀਵਾਰਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਪੰਜਾਬ, ਹਰਿਆਣਾ, ਗੁਜਰਾਤ ਆਦਿ ਦੀਆਂ ਸਰਕਾਰਾਂ ਨੂੰ ਇਨ੍ਹਾਂ ਦੇ ਮੁੜ ਵਸੇਬੇ ਲਈ ਅੱਗੇ ਆਉਣਾ ਚਾਹੀਦਾ ਹੈ। ਇਨ੍ਹਾਂ ਦੇ ਪ੍ਰਵਾਸ ਨੂੰ ਸ਼ੱਕ ਦੀ ਨਿਗਾਹ ਨਾਲ ਨਾ ਦੇਖਿਆ ਜਾਵੇ ਅਤੇ ਸਬੰਧਤ ਨੌਜਵਾਨਾਂ ਨੂੰ ਹੋਰ ਖੱਜਲ ਖੁਆਰ ਨਾ ਕੀਤਾ ਜਾਵੇ।

Leave a Reply

Your email address will not be published. Required fields are marked *