ਮੁੰਡਿਆਂ ਤੇ ਘਰ ਦਿਆਂ ਦੇ ਸੁਪਨੇ ਟੁੱਟੇ-
ਟਾਂਡਾ ( ਗੁਰਾਇਆ)-ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ’ਚੋਂ ਦੋ ਵਿਅਕਤੀ ਟਾਂਡਾ ਇਲਾਕੇ ਦੇ ਪਿੰਡ ਦਾਰਾਪੁਰ ਤੇ ਟਾਹਲੀ ਨਾਲ ਸਬੰਧਤ ਹਨ। ਜਾਣਕਾਰੀ ਅਨੁਸਾਰ ਦਾਰਾਪੁਰ ਵਾਸੀ ਸੁਖਪਾਲ ਪੁੱਤਰ ਪ੍ਰੇਮ ਪਾਲ ਅੱਠ ਮਹੀਨੇ ਪਹਿਲਾਂ ਵਰਕ ਪਰਮਿਟ ’ਤੇ ਇਟਲੀ ਗਿਆ ਸੀ ਤੇ ਬਾਅਦ ਵਿੱਚ ਅਮਰੀਕਾ ਦਾਖਲ ਹੁੰਦੇ ਫੜਿਆ ਗਿਆ ਸੀ। ਸੁਖਪਾਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਖਪਾਲ ਦੇ ਅਮਰੀਕਾ ਤੋਂ ਡਿਪੋਰਟ ਹੋਣ ਬਾਰੇ ਮੀਡੀਆ ਰਿਪੋਰਟਾਂ ਰਾਹੀਂ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ, ‘‘ਸੁਖਪਾਲ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਵਰਕ ਪਰਮਿਟ ’ਤੇ ਇਟਲੀ ਗਿਆ ਸੀ। ਕੁਝ ਦਿਨ ਪਹਿਲਾਂ ਉਸ ਨਾਲ ਗੱਲ ਹੋਈ ਸੀ। ਉਹ ਉੱਥੋਂ ਅਮਰੀਕਾ ਕਿਵੇਂ ਗਿਆ, ਇਸ ਬਾਰੇ ਉਸ ਨੇ ਸਾਨੂੰ ਕੁਝ ਨਹੀਂ ਦੱਸਿਆ।
ਲਾਲੜੂ (ਸਰਬਜੀਤ ਸਿੰਘ ਭੱਟੀ): ਪਿੰਡ ਜੜੌਤ ਵਾਸੀ ਪ੍ਰਦੀਪ (22) ਉਰਫ਼ ਦੀਪੂ ਨੂੰ ਛੇ ਮਹੀਨੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮਣ ਮਗਰੋਂ ਅਮਰੀਕਾ ਤੋਂ ਵਾਪਸ ਘਰ ਭੇਜ ਦਿੱਤਾ ਗਿਆ ਹੈ। ਜਿਵੇਂ ਹੀ ਉਸ ਨੇ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅਮਰੀਕਾ ਦੀ ਪੁਲੀਸ ਨੇ ਫੜ ਲਿਆ ਤੇ ਹੁਣ205 ਜਣਿਆਂ ਦੇ ਭਾਰਤੀ ਗਰੁੱਪ ਸਣੇ ਮੁਲਕ ਵਾਪਸ ਭੇਜ ਦਿੱਤਾ ਗਿਆ ਹੈ।
ਪ੍ਰਦੀਪ ਦੀ ਦਾਦੀ ਗੁਰਮੀਤ ਕੌਰ, ਮਾਂ ਨਰਿੰਦਰ ਕੌਰ ਉਰਫ਼ ਰਾਣੀ ਅਤੇ ਪਿਤਾ ਕੁਲਬੀਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਨ੍ਹਾਂ ਨੇ ਪ੍ਰਦੀਪ ਨੂੰ ਜ਼ਮੀਨ ਵੇਚ ਕੇ ਅਤੇ ਕੁੱਝ ਕਰਜ਼ਾ ਲੈ ਕੇ 41 ਲੱਖ ਰੁਪਏ ਖਰਚ ਕੇ ਅਮਰੀਕਾ ਭੇਜਿਆ ਸੀ ਅਤੇ ਪਿਛਲੇ 6 ਮਹੀਨਿਆਂ ਤੋਂ ਉਹ ਅਮਰੀਕਾ ਵਿੱਚ ਦਾਖਲ ਹੋਣ ਲਈ ਵੱਖ-ਵੱਖ ਦੇਸ਼ਾਂ ਵਿੱਚੋਂ ਲੰਘ ਕੇ ਸਰਹੱਦ ’ਤੇ ਪਹੁੰਚਿਆ ਹੀ ਸੀ ਕਿ ਉੱਥੇ ਤਾਇਨਾਤ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ।
ਇਸੇ ਤਰਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜਾਤਾਲ ਦਾ ਨੌਜਵਾਨ ਆਕਾਸ਼ਦੀਪ ਸਿੰਘ ਵੀ ਡਿਪੋਰਟ ਹੋਏ ਮੁੰਡਿਆਂ ਵਿਚ ਸ਼ਾਮਲ ਹੈ। ਉਸਦਾ ਪਿਤਾ ਸਵਰਨ ਸਿੰਘ ਉਸ ਨੂੰ ਲੈਣ ਵਾਸਤੇ ਇੱਥੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਾ ਹੋਇਆ ਸੀ। ਸਵਰਨ ਸਿੰਘ ਪਿੰਡ ’ਚ ਖੇਤੀਬਾੜੀ ਕਰਦਾ ਹੈ। ਉਨ੍ਹਾਂ ਕੋਲ ਲਗਪਗ ਢਾਈ-ਤਿੰਨ ਕਿੱਲੇ ਜ਼ਮੀਨ ਹੈ, ਜਿਸ ਤੋਂ ਘਰ ਦਾ ਗੁਜ਼ਾਰਾ ਚੱਲਦਾ ਹੈ। ਸਵਰਨ ਸਿੰਘ ਮੁਤਾਬਕ ਬਾਰ੍ਹਵੀਂ ਪਾਸ ਆਕਾਸ਼ਦੀਪ ਅੱਠ-ਨੌ ਮਹੀਨੇ ਪਹਿਲਾਂ ਦੁਬਈ ਗਿਆ ਸੀ, ਜਿੱਥੇ ਉਹ ਡਰਾਈਵਰੀ ਦਾ ਕੰਮ ਕਰਨਾ ਚਾਹੁੰਦਾ ਸੀ। ਲਗਪਗ ਇੱਕ ਮਹੀਨਾ ਪਹਿਲਾਂ ਉਸ ਨੇ ਦੁਬਈ ’ਚ ਰਹਿੰਦੇ ਕਿਸੇ ਏਜੰਟ ਰਾਹੀਂ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਕਿਹਾ, ‘‘ਲਗਪਗ 40 ਤੋਂ 45 ਲੱਖ ਰੁਪਏ ਅਮਰੀਕਾ ਜਾਣ ਵਾਸਤੇ ਖਰਚ ਆਏ ਹਨ ਜੋ ਕਿ ਉਸ ਨੇ ਦੋ ਕਿਸ਼ਤਾਂ ’ਚ ਭੇਜੇ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਦਾ ਬੇਟਾ ਅਮਰੀਕਾ ਜਾ ਕੇ ਫਸ ਜਾਵੇਗਾ।’’
ਪਿੰਡ ਸਲੇਮਪੁਰ ਦਾ ਦਲੇਰ ਸਿੰਘ ਵੀ ਅਮਰੀਕਾ ਤੋਂ ਵਾਪਸ ਪਰਤਿਆ ਹੈ। ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਲਈ ਲਗਪਗ 60 ਲੱਖ ਰੁਪਏ ਖਰਚੇ ਸਨ। ਉਸ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਦਲੇਰ ਸਿੰਘ ਇੱਥੇ ਕਈ ਸਾਲਾਂ ਤੋਂ ਬੱਸ ਦੇ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਦੀ ਇੱਕ ਏਜੰਟ ਨਾਲ ਗੱਲ ਹੋਈ, ਜਿਸ ਨੇ ਅਮਰੀਕਾ ਵਿੱਚ ਚੰਗੀ ਨੌਕਰੀ ਦਿਵਾਉਣ ਲਈ 40 ਲੱਖ ਰੁਪਏ ਮੰਗੇ। ਇਸ ਚੱਕਰ ਵਿੱਚ ਪਹਿਲਾਂ ਉਸ ਨੂੰ ਦੁਬਈ ਭੇਜਿਆ ਗਿਆ, ਜਿੱਥੋਂ ਕੁਝ ਮਹੀਨਿਆਂ ਬਾਅਦ ਉਸ ਨੂੰ ਪਨਾਮਾ ਦੇ ਜੰਗਲ ਤੇ ਸਮੁੰਦਰੀ ਰਸਤੇ ਅਮਰੀਕਾ ਭੇਜਿਆ ਜਾਣਾ ਸੀ ਪਰ 15 ਜਨਵਰੀ ਤੋਂ ਬਾਅਦ ਦਲੇਰ ਦੀ ਆਪਣੇ ਪਰਿਵਾਰ ਨਾਲ ਕੋਈ ਗੱਲਬਾਤ ਨਾ ਹੋਈ। ਅਮਰੀਕਾ ਤੋਂ ਮੁੜੇ ਅੰਮ੍ਰਿਤਸਰ ਦੇ ਪੰਜ ਵਿਅਕਤੀਆਂ ’ਚ ਸ਼ਾਮਲ ਅਜੈਦੀਪ ਸਿੰਘ ਨੂੰ ਉਸ ਦੇ ਦਾਦਾ ਚਰਨਜੀਤ ਸਿੰਘ ਹਵਾਈ ਅੱਡੇ ’ਤੇ ਲੈਣ ਵਾਸਤੇ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਅਜੈਦੀਪ ਲਗਪਗ 15 ਦਿਨ ਪਹਿਲਾਂ ਹੀ ਅਮਰੀਕਾ ਗਿਆ ਸੀ।
ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ।