ਕੰਸਰਵੇਟਿਵ ਆਗੂ ਵਲੋਂ ਸਰੀ ਦਾ ਦੌਰਾ-
ਸਰੀ ( ਨਵਰੂਪ ਸਿੰਘ)-ਬੀਤੇ ਦਿਨ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਆਗੂ ਪੀਅਰ ਪੋਲੀਵਰ ਦੇ ਬ੍ਰਿਟਿਸ਼ ਕੋਲੰਬੀਆ ਦੌਰੇ ਦੌਰਾਨ ਉਹ ਸਰੀ ਵਿਚ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਤੇ ਜ਼ਮੀਨੀ ਪੱਧਰ ਤੇ ਲੋਕਾਂ ਦੀਆਂ ਸਮੱਸਿਆਵਾਂ ਜਾਣਿਆ। ਉਹਨਾਂ ਟਰੰਪ ਟੈਰਿਫ ਦੇ ਮੁੱਦੇ ਤੇ ਕੈਨੇਡੀਅਨਾਂ ਨੂੰ ਇਕਮੁੱਠ ਹੋਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਅਗਰ ਬਾਰਡਰ ਤੇ ਗੈਰ ਕਨੂੰਨੀ ਘੁਸਪੈਠ ਅਤੇ ਨਸ਼ੀਲੇ ਪਦਾਰਥਾਂ ਨੂੰ ਠੱਲ ਪਾਉਣ ਲਈ ਫੌਜ ਲਗਾਉਣ ਦੀ ਲੋੜ ਪਵੇ ਤਾਂ ਅਜਿਹਾ ਵੀ ਕੀਤਾ ਜਾ ਸਕਦਾ ਹੈ। ਉਹਨਾਂ ਕੰਸਰਵੇਟਿਵ ਦੀ ਸਰਕਾਰ ਆਉਣ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅਪਰਾਧੀਆਂ ਲਈ ਉਮਰ ਕੈਦ ਜਿਹੀਆਂ ਸਖਤ ਸਜ਼ਾਵਾਂ ਲਾਗੂ ਕਰਨ ਦੀ ਤਜਵੀਜ ਰੱਖਣ ਦਾ ਵੀ ਵਾਅਦਾ ਕੀਤਾ।
ਉਹਨਾਂ ਇਸ ਮੌਕੇ ਲਿਬਰਲ ਸਰਕਾਰ ਦੀਆਂ ਖਾਮੀਆਂ ਗਿਣਾਉਂਦਿਆਂ ਕਿਹਾ ਕਿ ਇਹ ਸਰਕਾਰ ਸਿੱਖਿਆ, ਸਿਹਤ, ਨਿਰਮਾਣ, ਵਪਾਰ ਅਤੇ ਛੋਟੇ ਕਾਰੋਬਾਰਾਂ ਸਮੇਤ ਹਰ ਖੇਤਰ ਵਿਚ ਫੇਲ ਸਾਬਿਤ ਹੋਈ ਹੈ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਵਿਚ ਪਾ ਰੱਖਿਆ ਹੈ। ਉਹਨਾਂ ਕਿਹਾ ਸਾਡੀ ਸਰਕਾਰ ਆਉਣ ਤੇ ਹੋਰ ਖੇਤਰਾਂ ਵਿਚ ਸੁਧਾਰ ਦੇ ਨਾਲ ਸਿਹਤ ਸਹੂਲਤਾਂ ਦੇ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿਸ ਵਿਚ ਬਾਹਰੋਂ ਆਉਣ ਵਾਲੇ ਡਾਕਟਰਾਂ ਤੇ ਨਰਸਾਂ ਨੂੰ ਵਿਸ਼ੇਸ਼ ਯੋਗਤਾ ਪ੍ਰਮਾਣ ਪੱਤਰ ਦਿੱਤੇ ਜਾਣਗੇ ਜਿਸ ਨਾਲ ਉਹ ਕੈਨੇਡਾ ਵਿਚ ਕਿਤੇ ਵੀ ਪ੍ਰੈਕਟਿਸ ਕਰ ਸਕਣ। ਇਸ ਮੌਕੇ ਉਹਨਾਂ ਨਾਲ ਐਡਮਿੰਟਨ ਤੋਂ ਐਮ ਪੀ ਟਿਮ ਉਪਲ, ਕੈਲਗਰੀ ਤੋਂ ਐਮ ਪੀ ਜਸਰਾਜ ਸਿੰਘ ਹੱਲਣ, ਵਾਈਟ ਰੌਕ ਤੋਂ ਐਮ ਪੀ ਕੈਰੀ ਲਿਨ ਤੇ ਕੰਸਰਵੇਟਿਵ ਉਮੀਦਵਾਰ ਜੱਸੀ ਸਹੋਤਾ, ਹਰਜੀਤ ਸਿੰਘ ਗਿੱਲ ਤੇ ਹੋਰ ਹਾਜ਼ਰ ਸਨ ਜਿਹਨਾਂ ਵਿਚ ਜਸਦੀਪ ਸਿੰਘ ਸਿੱਧੂ, ਸੰਦੀਪ ਤੂਰ, ਰਿੱਕੀ ਬਾਜਵਾ, ਇਕਬਾਲ ਸਿੰਘ ਸੰਧੂ, ਭੁਪਿੰਦਰ ਸੋਨੀ, ਹਰਮਿੰਦਰ ਛੀਨਾ, ਜੋਗਾ ਸਿੰਘ, ਸੋਨੀ ਸਿੱਧੂ, ਰਾਜਾ ਗਿੱਲ, ਬੁੱਧੀ ਸਿੰਘ ਕਪੂਰ, ਜਗਦੀਪ ਸੰਧੂ, ਕੁਲਬੀਰ ਬਹਿਣੀਵਾਲ, ਗੁਰਜੀਤ ਨਾਗਰਾ, ਬਲਦੀਪ ਹੇਹਰ, ਯਸ਼ ਪਟੇਲ, ਗੁਰਮੀਤ ਢਿੱਲੋਂ , ਪਾਲ ਬਰਾੜ ਤੇ ਹੋਰ ਪ੍ਰਮੁੱਖ ਸਨ।