ਅੰਮ੍ਰਿਤਸਰ (ਪ੍ਰਵੀਨ ਪੁਰੀ)-ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਪਸਾ ਆਸਟ੍ਰੇਲੀਆ ਦੇ ਸਹਿਯੋਗ ਨਾਲ ਨੌਵਾਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਕਵੀ ਤੇ ਸੰਪਾਦਕ ਵਿਸ਼ਾਲ ਨੂੰ 9 ਫਰਵਰੀ, ਦਿਨ ਐਤਵਾਰ ਦਸਮੇਸ਼ ਪਬਲਿਕ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਦਿੱਤਾ ਜਾ ਰਿਹਾ ਹੈ। ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਦੀ ਇਸ ਸ਼ਾਨਦਾਰ ਉਪਲਬਧੀ ‘ਤੇ ਪੰਜਾਬੀ ਸਾਹਿਤਕ ਜਗਤ ਵੱਲੋਂ ਸ਼ਾਇਰ ਵਿਸ਼ਾਲ ਨੂੰ ਵਧਾਈ!
ਇਸ ਸਨਮਾਨ ਸਮਾਰੋਹ ਮੌਕੇ ਮੁੱਖ ਮਹਿਮਾਨ ਪੰਜਾਬੀ ਦੇ ਉੱਘੇ ਗਜ਼ਲਕਾਰ ਗੁਰਤੇਜ ਕੋਹਾਰਵਾਲਾ ਹੋਣਗੇ। ਵਿਸ਼ੇਸ਼ ਮਹਿਮਾਨ ਲੇਖਕ ਤੇ ਫ਼ਿਲਮੀ ਲੇਖਕ ਕੁਲਦੀਪ ਸਿੰਘ ਬੇਦੀ ਤੇ ਕਵੀ, ਅਲੋਚਕ ਪ੍ਰੋ. ਕੁਲਵੰਤ ਔਜਲਾ ਹੋਣਗੇ। ਪ੍ਰਧਾਨਗੀ ਮੰਡਲ ‘ਚ ਡਾ. ਗੋਪਾਲ ਸਿੰਘ ਬੁੱਟਰ, ਮੱਖਣ ਕੋਹਾੜ , ਸ਼ਾਇਰ ਇੰਦਰੇਸ਼ ਮੀਤ, ਕਹਾਣੀਕਾਰ ਦੀਪ ਦਵਿੰਦਰ, ਕੰਵਰ ਇਕਬਾਲ ਤੇ ਗੁਰਮੀਤ ਸਿੰਘ ਬਾਜਵਾ ਹੋਣਗੇ।ਸ਼ਾਇਰ ਵਿਸ਼ਾਲ ਜਿੱਥੇ ਇੱਕ ਪੰਜਾਬੀ ਦੇ ਨਾਮਵਰ ਸ਼ਾਇਰ ਹਨ ਉੱਥੇ ਉਹ ਇੱਕ ਚੰਗੇ ਗੀਤਕਾਰ, ਸੰਪਾਦਕ, ਵਾਰਤਕ ਲੇਖਕ ਵੱਜੋਂ ਵੀ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਹੋਏ ਹਨ। ਉਹਨਾਂ ਆਪਣੀ ਲੇਖਣੀ ਰਾਹੀਂ “ਤਿਤਲੀ ਤੇ ਕਾਲੀ ਹਵਾ”, “ਕੈਨਵਸ ਕੋਲ ਪਈ ਬੰਸਰੀ”, “ਮੈਂ ਅਜੇ ਹੋਣਾ ਹੈ” ਅਤੇ “ਤ੍ਰੇਹ ” ਵਰਗੀਆਂ ਮਸ਼ਹੂਰ ਕਾਵਿ-ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। “ਇਟਲੀ ‘ਚ ਮੌਲਦਾ ਪੰਜਾਬ” ਅਤੇ “ਥਾਰੀ ਯਾਦ ਚੋਖੀ ਆਵੇ” (ਵਾਰਤਿਕ) ਨੇ ਵੀ ਪਾਠਕਾਂ ਦੀ ਖੂਬ ਪ੍ਰਸ਼ੰਸਾ ਹਾਸਲ ਕੀਤੀ।। ਇਟਲੀ ਪਰਵਾਸ ਵੇਲੇ 8 ਸਾਲ ਉਨ੍ਹਾਂ ‘ਇੰਡੋ-ਇਟਾਲੀਅਨ ਟਾਈਮਜ਼’ ਪਰਚੇ ਦੀ ਸੰਪਾਦਨਾ ਕੀਤੀ ਜੋ ਯੂਰਪ ਭਰ ‘ਚ ਪਹਿਲਾ ਪਰਚਾ ਸੀ।
ਵਿਸ਼ਾਲ ਜਲੰਧਰ ਦੂਰਦਰਸ਼ਨ ‘ਤੇ ‘ਜਵਾਂ-ਤਰੰਗ’ ਪ੍ਰੋਗਰਾਮ ਦਾ ਸੰਚਾਲਨ ਵੀ ਕਰਦਾ ਰਿਹਾ ਹੈ। ਕਰੀਬ 100 ਨਾਟਕਾਂ ਦੀ ਪਿੱਠ ਭੂਮੀ ‘ਤੇ ਚੱਲਣ ਵਾਲੇ ਗੀਤਾਂ ਤੋਂ ਇਲਾਵਾ ‘ਬੋਲ’ ਨਾਂ ਦੀ ਪੰਜਾਬੀ ਫ਼ੀਚਰ ਫ਼ਿਲਮ ਦੇ ਗੀਤ ਵੀ ਲਿਖੇ ਤੇ ਨਾਲ ਹੀ ਪੰਜਾਬ ਸਰਕਾਰ ਦੇ ਸਰਬ ਸਿੱਖਿਆ ਅਭਿਆਨ ਅਧੀਨ ਆਉਂਦੇ ਵਿਸ਼ੇਸ਼ ਬੱਚਿਆਂ ਲਈ ਲਘੂ ਫ਼ਿਲਮ ਤੇ ਉਸ ਦੇ ਗੀਤ ਵੀ ਲਿਖੇ। ਵੱਖ-ਵੱਖ ਚੈਨਲਾਂ ਲਈ ਸਾਹਿਤਕ ਪ੍ਰੋਗਰਾਮ ਵੀ ਰਿਕਾਰਡ ਕੀਤੇ, ਨਾਟਕਾਂ ਤੇ ਇਕ ਲਘੂ ਫ਼ਿਲਮ ‘ਏਨਾ ਨੂੰ ਪਿਆਰ ਕਰੋ’ ‘ਚ ਅਦਾਕਾਰੀ ਵੀ ਕੀਤੀ।
ਜ਼ਿਕਰਯੋਗ ਹੈ ਕਿ ਪ੍ਰਮਿੰਦਰਜੀਤ ਦੇ ਜਾਣ ਤੋਂ ਬਾਅਦ ਵਿਸ਼ਾਲ ਨੇ 9 ਸਾਲ ‘ਅੱਖਰ’ ਮੈਗਜ਼ੀਨ ਦੀ ਸੰਪਾਦਨਾ ਕਰਕੇ ‘ਅੱਖਰ’ ਦਾ ਜ਼ਿਕਰਯੋਗ ਸਥਾਨ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ।ਵਿਸ਼ਾਲ ਦੀਆਂ ਚੋਣਵੀਆਂ ਕਵਿਤਾਵਾਂ, ਹਿੰਦੀ, ਅੰਗਰੇਜ਼ੀ, ਕੰਨੜ, ਉੜੀਆ, ਅਸਾਮੀ, ਉਰਦੂ, ਇਟਾਲੀਅਨ ਭਾਸ਼ਾ ‘ਚ ਅਨੁਵਾਦ ਹੋ ਚੁੱਕੀਆਂ ਹਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਐਮ. ਏ. ਦੇ ਵਿਦਿਆਰਥੀਆਂ ਲਈ ਸਲੇਬਸ ‘ਚ ਵੀ ਮੌਜੂਦ ਹਨ।ਏਥੇ ਇਹ ਵੀ ਵਰਨਣਯੋਗ ਹੈ ਕਿ ਵਿਸ਼ਾਲ ਦੀ ਕਵਿਤਾ ਦਾ ਸਫ਼ਰ 1986 ‘ਚ ਲੋਅ, ਨਾਗਮਣੀ ਤੋਂ ਸ਼ੁਰੂ ਹੋਇਆ ਤੇ ਬਾਅਦ ‘ਚ ਪੰਜਾਬੀ ਦੇ ਨਾਮਵਰ ਪਰਚਿਆਂ ‘ਚ ਉਸ ਦੀਆਂ ਕਵਿਤਾਵਾਂ ਛੱਪਦੀਆਂ ਰਹੀਆਂ। ਵਿਸ਼ਾਲ ਦੀ ਕਵਿਤਾ ਦਾ ਮੁੱਖ ਸੁਰ ਰਾਜਨੀਤਕ, ਵਿਸ਼ਵ ਭਰ ‘ਚ ਮਿੱਟੀ ਨਾਲ ਜੁੜੇ ਲੋਕਾਂ ਤੇ ਮੁਹੱਬਤੀ ਸਰੋਕਾਰਾਂ ਨੂੰ ਪੇਸ਼ ਕਰਦੀ ਹੈ। ਉਹ ਹੁਣ ਤੱਕ ਇੰਗਲੈਂਡ, ਇਟਲੀ, ਕੈਨੇਡਾ ਦੀਆਂ ਵਿਸ਼ਵ ਕਾਨਫ਼ਰੰਸਾਂ ‘ਚ ਭਾਗ ਲੈ ਚੁੱਕੇ ਹਨ।ਸ਼ਾਇਰ ਵਿਸ਼ਾਲ ਨੂੰ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਦੇਣਾ ਪੰਜਾਬੀ ਸਾਹਿਤ ਦਾ ਗੌਰਵ ਵਧਾਉਣ ਵਾਲੀ ਗੱਲ ਹੈ।ਮੈਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਇਪਸਾ ਆਸਟ੍ਰੇਲੀਆ ਨੂੰ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਅਤੇ ਸ਼ਾਇਰ ਵਿਸ਼ਾਲ ਨੂੰ ਵਧਾਈ ਦਿੰਦਾ ਹਾਂ।
ਪ੍ਰਵੀਨ ਪੁਰੀ
ਡਾਇਰੈਕਟਰ ( ਪੀ.ਆਰ.)
ਗੁਰੂ ਨਾਨਕ ਦੇਵ ਯੂਨੀਵਰਸਿਟੀ