ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੰਮਣ ਜਿਲਾ ਸ਼ਹੀਦ ਭਗਤ ਸਿੰਘ ਨਗਰ
9ਵਾਂ ਸਾਲਾਨਾ ਕਬੱਡੀ ਕੱਪ 14-15 ਫਰਵਰੀ 2025 ਨੂੰ
ਪੇਸ਼ਕਸ-ਦੇਸ ਪ੍ਰਦੇਸ ਟਾਈਮਜ਼ ਕੈਨੇਡਾ
ਪਿੰਡ ਘੁੰਮਣ ( ਸ਼ਹੀਦ ਭਗਤ ਸਿੰਘ ਨਗਰ)-ਸ੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੰਮਣ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਹਰ ਸਾਲ ਕਰਵਾਇਆ ਜਾਂਦਾ ਕਬੱਡੀ ਟੁਰਨਾਮੈਂਟ ਇਸ ਵਾਰ ਆਪਣੇ 9ਵੇਂ ਵਰੇ ਵਿਚ ਪ੍ਰਵੇਸ਼ ਕਰ ਗਿਆ ਹੈ। ਭਾਵੇਂਕਿ ਇਸ ਕਬੱਡੀ ਕੱਪ ਨੂੰ ਕਰਵਾਉਣ ਵਾਲੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੱਛੇ ਇਕ ਤਜੁਰਬੇਕਾਰ ਤੇ ਸਮਾਜ ਸੇਵਾ ਨੂੰ ਸਮਰਪਿਤ ਸੁਯੋਗ ਟੀਮ ਮੌਜੂਦ ਹੈ ਪਰ ਇਸ ਟੀਮ ਦੀ ਅਸਲ ਤਾਕਤ ਅਤੇ ਪ੍ਰੇਰਨਾ ਸਰੋਤ ਕਲੱਬ ਦੇ ਚੇਅਰਮੈਨ ਸ ਬਲਬੀਰ ਸਿੰਘ ਬੈਂਸ ਕੈਨੇਡਾ ਹਨ। ਉਹਨਾਂ ਵਲੋਂ ਇਸ ਕਲੱਬ ਦੀ ਸ਼ੁਰੂਆਤ ਗੁਰੂ ਰਵਿਦਾਸ ਮਹਾਰਾਜ ਦੀਆਂ ਸਿਖਿਆਵਾਂ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਪੇਂਡੂ ਖੇਤਰ ਦੇ ਬੱਚਿਆਂ ਨੂੰ ਪੜਾਈ ਦੇ ਨਾਲ- ਨਾਲ ਖੇਡਾਂ ਵੱਲ ਉਤਸ਼ਾਹਿਤ ਕਰਨ ਅਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਪ੍ਰੋਮੋਸ਼ਨ ਲਈ ਵਿਸ਼ੇਸ਼ ਯਤਨ ਸ਼ਾਮਿਲ ਹਨ।
ਸ ਬਲਬੀਰ ਸਿੰਘ ਬੈਂਸ ਜੋ ਕਿ ਪਿੰਡ ਘੁੰਮਣ ਦੇ ਜੰਮਪਲ ਹਨ, ਬਚਪਨ ਤੋਂ ਹੀ ਖੇਡਾਂ ਖਾਸਕਰ ਕਬੱਡੀ ਪ੍ਰਤੀ ਉਤਸ਼ਾਹਿਤ ਰਹੇ ਹਨ। ਉਹ ਆਪ ਵੀ ਸਕੂਲ ਅਤੇ ਪੇਂਡੂ ਪੱਧਰ ਤੇ ਕਬੱਡੀ ਦੇ ਚੰਗੇ ਖਿਡਾਰੀ ਰਹੇ ਹਨ। ਕਬੱਡੀ ਪ੍ਰਤੀ ਉਹਨਾਂ ਦਾ ਇਹੀ ਪਿਆਰ ਤੇ ਲਗਾਵ ਉਹਨਾਂ ਨੂੰ ਕੈਨੇਡਾ ਅਤੇ ਕੌਮਾਂਤਰੀ ਪੱਧਰ ਦੀਆਂ ਕਬੱਡੀ ਕਲੱਬਾਂ ਨਾਲ ਜੋੜਦਾ ਹੈ। ਉਹਨਾਂ ਦਾ ਜਨਮ ਪਿੰਡ ਘੁੰਮਣ ਵਿਖੇ ਪਿਤਾ ਸ੍ਰੀ ਮੋਤੀ ਰਾਮ ਅਤੇ ਮਾਤਾ ਕਿਸ਼ਨੀ ਦੇ ਗ੍ਰਹਿ ਵਿਖੇ ਹੋਇਆ। ਪਿੰਡ ਦੇ ਸਕੂਲ ਵਿਚ ਮੁੱਢਲੀ ਪੜਾਈ ਉਪਰੰਤ ਉਹ ਕਬੱਡੀ ਖੇਡਦਿਆਂ ਅਤੇ ਨੌਕਰੀ-ਕਾਰੋਬਾਰ ਕਰਨ ਉਪਰੰਤ 1988 ਵਿਚ ਕੈਨੇਡਾ ਪ੍ਰਵਾਸ ਕਰ ਗਏ। ਕੈਨੇਡਾ ਵਿਚ ਉਹਨਾਂ ਨੇ ਹੋਰ ਪੰਜਾਬੀ ਨੌਜਵਾਨਾਂ ਵਾਂਗ ਭਾਰੀ ਮਿਹਨਤ ਮਸ਼ੱਕਤ ਕੀਤੀ ਤੇ ਕੈਨੇਡੀਅਨ ਸਮਾਜ ਵਿਚ ਆਪਣੀ ਥਾਂ ਬਣਾਈ। ਆਪਣਾ ਕਾਰੋਬਾਰ ਖੜਾ ਕੀਤਾ। ਅੱਜ ਉਹ ਆਪਣੀ ਪ੍ਰਿੰਸ ਰੂਫਿੰਗ ਕੰਪਨੀ ਦੇ ਨਾਲ ਸਮਾਜ ਸੇਵਾ ਦੇ ਕੰਮਾਂ ਅਤੇ ਖੇਡਾਂ ਦੇ ਖੇਤਰ ਵਿਚ ਭਰਵਾਂ ਯੋਗਦਾਨ ਪਾ ਰਹੇ ਹਨ। ਉਹਨਾਂ ਨੇ ਕਬੱਡੀ ਨਾਲ ਆਪਣੇ ਮੁਢਲੇ ਪਿਆਰ ਸਦਕਾ ਕੈਨੇਡਾ ਦੀਆਂ ਲਗਪਗ ਸਾਰੀਆਂ ਖੇਡ ਕਲੱਬਾਂ ਨਾਲ ਨੇੜਲਾ ਸਬੰਧ ਬਣਾਇਆ ਤੇ ਬਣਦਾ ਯੋਗਦਾਨ ਪਾਇਆ। ਉਹ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਅਤੇ ਗੁਰੂ ਨਾਨਕ ਸਿੱਖ ਟੈਂਪਲ ਸਰੀ ਵਲੋ ਕਰਵਾਏ ਜਾਂਦੇ ਟੂਰਨਾਮੈਂਟਾਂ ਨਾਲ ਪਿਛਲੇ 20 ਸਾਲ ਤੋਂ ਜੁੜੇ ਹੋਏ ਹਨ। ਉਹ ਫਰੇਜਰ ਵੈਲੀ ਕਬੱਡੀ ਕਲੱਬ, ਆਜਾਦ ਕਬੱਡੀ ਕਲੱਬ ਅਤੇ ਐਬੀ ਕਬੱਡੀ ਕਲੱਬ ਦੇ ਦੋ ਸਾਲ ਪ੍ਰਧਾਨ ਰਹਿਣ ਦੇ ਨਾਲ ਹੋਰ ਕਈ ਕਲੱਬਾਂ ਦੇ ਅਹੁਦੇਦਾਰਾਂ ਵਿਚ ਸ਼ਾਮਿਲ ਹਨ। ਉਹਨਾਂ ਦਾ ਮਕਸਦ ਕਿਸੇ ਕਬੱਡੀ ਕਲੱਬ ਵਿਚ ਅਹੁਦੇਦਾਰੀ ਹਾਸਲ ਕਰਨਾ ਨਹੀ ਬਲਕਿ ਕਬੱਡੀ ਨੂੰ ਹੋਰ ਹਰਮਨ ਪਿਆਰਾ ਬਣਾਉਣ ਲਈ ਕੰਮ ਕਰਨਾ ਹੈ। ਇਹੀ ਕਾਰਣ ਹੈ ਕਿ ਉਹ ਕੈਨੇਡਾ ਵਿਚ ਗਰਮੀਆਂ ਦੇ ਸੀਜ਼ਨ ਵਿਚ ਹੁੰਦੇ ਕਿਸੇ ਵੀ ਕਬੱਡੀ ਟੂਰਨਾਮੈਂਟ ਤੋਂ ਗੈਰ ਹਾਜ਼ਰ ਨਹੀ ਹੋਏ ਤੇ ਬਲਿਕ ਹਰ ਕਬੱਡੀ ਕਮੇਟੀ ਅਤੇ ਪ੍ਰਬੰਧਕਾਂ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਮੋਹਰੀ ਰਹੇ ਹਨ। ਸਕੂਲ ਅਤੇ ਪੇਂਡੂ ਪੱਧਰ ਤੇ ਕਬੱਡੀ ਖੇਡਣ ਅਤੇ ਕੈਨੇਡਾ ਵਿਚ ਕਬੱਡੀ ਕਲੱਬਾਂ ਵਿਚ ਸ਼ਮੂਲੀਅਤ ਸਦਕਾ ਉਹਨਾਂ ਨੂੰ ਆਪਣੇ ਪਿੰਡ ਵਿਚ ਕਬੱਡੀ ਟੂਰਨਾਮੈਂਟ ਕਰਵਾਉਣ ਦਾ ਖਿਆਲ ਆਇਆ। ਉਹਨਾਂ ਦਾ ਮੰਨਣਾ ਹੈ ਕਿ ਸਮਾਜ ਸੇਵਾ ਦੇ ਖੇਤਰ ਵਿਚ ਅਗਰ ਅਸੀਂ ਆਪਣੇ ਬੱਚਿਆਂ ਅਤੇ ਨਵੀਂ ਪੀੜੀ ਨੂੰ ਖੇਡਾਂ ਨਾਲ ਜੋੜਦੇ ਅਤੇ ਪ੍ਰੇਰਿਤ ਕਰਦੇ ਹਾਂ ਤਾਂ ਇਸ ਨਾਲ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਉਥੇ ਇਕ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਵੀ ਯੋਗਦਾਨ ਪਾਇਆ ਜਾ ਸਕਦਾ ਹੈ। ਉਹ ਆਪਣੇ ਪਿੰਡ ਵਿਚ ਹਰ ਸਾਲ ਖੇਡ ਮੇਲਾ ਕਰਵਾਉਣ ਅਤੇ ਸਮਾਜ ਸੇਵੀ ਕਾਰਜਾਂ ਵਿਚ ਯੋਗਦਾਨ ਪਾਉਣ ਲਈ ਆਪਣੀ ਪਤਨੀ ਸੁਰਿੰਦਰ ਕੌਰ ਅਤੇ ਬੇਟਿਆਂ ਗੁਰਦੀਪ ਸਿੰਘ ਪ੍ਰਿੰਸ ਤੇ ਜਸਦੀਪ ਸਿੰਘ ਜੱਸੀ ਦੇ ਸਾਥ ਨੂੰ ਵੀ ਅਹਿਮ ਮੰਨਦੇ ਹਨ ਜਿਹਨਾਂ ਨੇ ਉਹਨਾਂ ਨੂੰ ਹਮੇਸ਼ਾਂ ਪਰਿਵਾਰਿਕ ਜਿੰਮੇਵਾਰੀਆਂ ਦੇ ਨਾਲ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਹੈ।
ਇਸ ਵਾਰ ਪਿੰਡ ਘੁੰਮਣ ਵਿਖੇ ਕਰਵਾਏ ਜਾ ਰਹੇ 9ਵੇਂ ਕਬੱਡੀ ਕੱਪ ਦੀ ਰੂਪ ਰੇਖਾ ਦੀ ਗੱਲ ਕਰਦਿਆਂ ਚੇਅਰਮੈਨ ਬਲਬੀਰ ਸਿੰਘ ਬੈਂਸ ਨੇ ਦੱਸਿਆ ਕਿ ਕਲੱਬ ਦੇ ਪ੍ਰਧਾਨ ਪਾਲ ਸਿੰਘ ਮੇਹਲੀਆਣਾ, ਸਰਪ੍ਰਸਤ ਕਮਲਜੀਤ ਸਿੰਘ ਬੰਗਾ ਜਿਲਾ ਪ੍ਰੀਸ਼ਦ ਮੈਂਬਰ, ਵਾਈਸ ਚੇਅਰਮੈਨ ਸੋਨੂ ਬੰਗਾ, ਜਨਰਲ ਸੈਕਟਰੀ ਧਰਮਾ ਬੈਂਸ, ਸੈਕਟਰੀ ਵਿਜੇ ਪਾਲ ਸਿੰਘ ਤੇਜੀ, ਮੈਂਬਰ ਸੰਦੀਪ ਕਟਾਰੀਆ ਤੇ ਹੋਰ ਅਹੁਦੇਦਾਰਾਂ ਦੀ ਅਗਵਾਈ ਹੇਠ ਸਮਰਪਿਤ ਵਲੰਟੀਅਰਾਂ ਦੀ ਟੀਮ ਟੂਰਨਾਮੈਂਟ ਦੀ ਸਫਲਤਾ ਤੇ ਇਸਨੂੰ ਯਾਦਗਾਰੀ ਬਣਾਉਣ ਲਈ ਭਾਰੀ ਮਸ਼ੱਕਤ ਕਰਦੀ ਹੈ। ਇਸ ਵਾਰ ਵੀ ਇਹ ਟੀਮ ਟੂਰਨਾਮੈਂਟ ਨੂੰ ਯਾਦਗਾਰੀ ਬਣਾਉਣ ਲਈ ਯਤਨਸ਼ੀਲ ਹੈ। ਉਹਨਾਂ ਦੱਸਿਆ ਕਿ ਪੇਂਡੂ ਬੱਚਿਆਂ ਨੂੰ ਕਬੱਡੀ ਪ੍ਰਤੀ ਉਤਸ਼ਾਹਿਤ ਕਰਨ ਲਈ ਹਰ ਸਾਲ 75 ਕਿਲੋ ਭਾਰ ਵਰਗ ਅਤੇ 55 ਕਿਲੋ ਭਾਰ ਵਰਗ ਦੀਆਂ ਟੀਮਾਂ ਦੇ ਮੈਚ ਕਰਵਾਏ ਜਾਂਦੇ ਹਨ ਜਿਹਨਾਂ ਨੂੰ ਕ੍ਰਮਵਾਰ 11 ਹਜਾਰ ਅਤੇ 8 ਹਜਾਰ ਦੇ ਨਗਦ ਇਨਾਮਾਂ ਤੋਂ ਇਲਾਵਾ ਟਰਾਫੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਓਪਨ ਕਬੱਡੀ ਵਿਚ ਕੌਮੀ ਪੱਧਰ ਦੀਆਂ ਉਚ ਕੋਟੀ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜੇਤੂ ਟੀਮ ਨੂੰ 2 ਲੱਖ ਰੁਪਏ ਨਗਦ ਇਨਾਮ ਅਤੇ ਰਨਰ ਅਪ ਟੀਮ ਨੂੰ ਢੇਡ਼ ਲੱਖ ਰੁਪਏ ਨਗਦ ਇਨਾਮ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਟੂਰਨਾਮੈਂਟ ਦੌਰਾਨ ਸਰਬੋਤਮ ਰੇਡਰ ਅਤੇ ਸਟਾਪਰ ਨੂੰ ਵੀ 51-51 ਹਜ਼ਾਰ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਇਸ ਵਾਰ ਮੁੱਖ ਸਪਾਂਸਰਾਂ ਦੇ ਨਾਲ ਪਹਿਲਾਂ ਇਨਾਮ ਸਪਾਂਸਰ ਕਰਨ ਵਾਲੇ ਬੰਗਾ ਪਰਿਵਾਰ ਅਤੇ ਦੂਸਰਾ ਇਨਾਮ ਸਪਾਂਸਰ ਕਰਨ ਵਾਲੇ ਘੀਰਾ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਮਰਦਾਂ ਲਈ 5 ਸਾਈਕਲ ਅਤੇ ਔਰਤਾਂ ਲਈ 10 ਸਿਲਾਈ ਮਸ਼ੀਨਾਂ ਦੇ ਲੱਕੀ ਡਰਾਅ ਵੀ ਕੱਢੇ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਵਾਰ ਬੱਚੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੁੜੀਆਂ ਦੀ ਕਬੱਡੀ ਦੇ ਮੈਚ ਵੀ ਕਰਵਾਏ ਜਾ ਰਹੇ ਹਨ। ਕੁੜੀਆਂ ਦੀ ਕਬੱਡੀ ਮੁਕਾਬਲਿਆਂ ਵਿਚ ਤਿੰਨ ਪ੍ਰਮੁੱਖ ਟੀਮਾਂ ਜਿਹਨਾਂ ਵਿਚ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ, ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਸ਼ਹੀਦ ਭਗਤ ਸਿਘ ਨਗਰ ਅਤੇ ਬਾਬਾ ਦਲ ਸਿੰਘ ਕਬੱਡੀ ਅਕੈਡਮੀ ਰੋਡੇ, ਮੋਗਾ ਦੀਆਂ ਟੀਮਾਂ ਸ਼ਾਮਿਲ ਹਨ, ਵਲੋਂ ਬੇਹਤਰੀਨ ਪ੍ਰਦਰਸ਼ਨ ਦੀ ਉਮੀਦ ਹੈ।
ਉਹਨਾਂ ਹੋਰ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਹਰ ਸਾਲ ਦੀ ਤਰਾਂ ਇਸ ਵਾਰ ਵੀ ਉਘੀਆਂ ਸਿਆਸੀ, ਧਾਰਮਿਕ ਤੇ ਖੇਡ ਹਸਤੀਆਂ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਪੁੱਜਣਗੀਆਂ। ਇਹਨਾਂ ਸ਼ਖਸੀਅਤਾਂ ਵਿਚ ਮੁੱਖ ਰੂਪ ਵਿਚ ਵਿੱਤ ਮੰਤਰੀ ਸ ਹਰਪਾਲ ਸਿੰਘ ਚੀਮਾ, ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਕੈਬਨਿਟ ਮੰਤਰੀ ਮਹਿੰਦਰ ਭਗਤ, ਚੇਅਰਮੈਨ ਡਾ ਸੁਖਵਿੰਦਰ ਸੁੱਖੀ, ਸਾਬਕਾ ਮੰਤਰੀ ਵਿਜੇ ਸਾਂਪਲਾ, ਸਾਬਕਾ ਮੰਤਰੀ ਗੁਰਜੀਤ ਸਿੰਘ ਰਾਣਾ, ਸਾਬਕਾ ਮੰਤਰੀ ਤੇ ਉਲੰਪੀਅਨ ਸ ਪਰਗਟ ਸਿੰਘ, ਚੌਧਰੀ ਓਮ ਪ੍ਰਕਾਸ਼ ਦੇਵੀ ਨਗਰ, ਉਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ ਕਈ ਹੋਰ ਪ੍ਰਸਾਸਨਿਕ ਤੇ ਪੁਲਿਸ ਅਧਿਕਾਰੀ ਸ਼ਾਮਿਲ ਹਨ।
ਟੂਰਨਾਮੈਂਟ ਦੌਰਾਨ ਕੁਝ ਪ੍ਰਮੁੱਖ ਹਸਤੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਹਨਾਂ ਟੂਰਨਾਮੈਂਟ ਦੀ ਸਫਲਤਾ ਲਈ ਮੁੱਖ ਸਪਾਂਸਰਾਂ ਤੋਂ ਇਲਾਵਾ ਵਿਸ਼ੇਸ਼ ਸਹਿਯੋਗੀਆਂ ਜਿਹਨਾਂ ਵਿਚ ਮਾਈਕਲ ਬੰਗਾ ਯੂਕੇ, ਸੋਢੀ ਦਦਰਾਲ ਕੈਨੇਡਾ, ਜੋਰਾਵਰ ਸਿੰਘ ਆਸਟਰੇਲੀਆ, ਹੁਸਨ ਬੈਂਸ ਕੈਨੇਡਾ, ਰਾਜ ਬੰਗਾ ਕੈਨੇਡਾ, ਰਿਕ ਤੂਰਾ ਕੈਨੇਡਾ, ਪਰਮਜੀਤ ਲਾਖਾ ਕੈਨੇਡਾ, ਬਲਬੀਰ ਸਿੰਘ ਯੂਐਸਏ, ਅਮਰੀਕ ਬੈਂਸ ਕੈਨੇਡਾ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਹਨਾਂ ਹੋਰ ਕਿਹਾ ਕਿ ਟੂਰਨਾਮੈਂਟ ਦੌਰਾਨ ਐਨ ਆਰ ਆਈ ਭਰਾਵਾਂ ਤੇ ਵਿਸ਼ੇਸ਼ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕਰਨ ਤੋਂ ਇਲਾਵਾ ਦਰਸ਼ਕਾਂ ਤੇ ਖਿਡਾਰੀਆਂ ਲਈ ਸਾਰਾ ਦਿਨ ਲੰਗਰ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਹਨਾਂ ਇਲਾਕੇ ਦੇ ਲੋਕਾਂ, ਖੇਡ ਪ੍ਰੇਮੀਆਂ ਅਤੇ ਦੇਸ਼ ਆਏ ਐਨ ਆਰ ਆਈ ਭਰਾਵਾਂ ਨੂੰ ਇਸ ਖੇਡ ਮੇਲੇ ਵਿਚ 14-15 ਫਰਵਰੀ ਨੂੰ ਦੋਵੇਂ ਦਿਨ ਹਾਜ਼ਰੀ ਲਗਵਾਉਣ ਅਤੇ ਮੇਲੇ ਦੀ ਸ਼ਾਨ ਵਧਾਉਣ ਦੀ ਅਪੀਲ ਕੀਤੀ ਹੈ। ਟੂਰਨਾਮੈਂਟ ਦੇ ਫਾਈਨਲ ਦਿਨ ਸਭਿਆਚਾਰਕ ਪ੍ਰੋਗਰਾਮ ਵਿਚ ਆਯੋਜਿਤ ਕੀਤਾ ਜਾਵੇਗਾ।
ਵਿਸ਼ੇਸ਼ ਆਕਰਸ਼ਨ-
-ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ 55 ਕਿਲੋ ਭਾਰ ਵਰਗ ਦੀਆਂ 10 ਟੀਮਾਂ ਦੇ ਮੁਕਾਬਲੇ ਹੋਣਗੇ-8 ਹਜਾਰ ਦੇ ਨਗਦ ਇਨਾਮ ਤੇ ਟਰਾਫੀਆਂ
-75 ਕਿਲੋ ਭਾਰ ਵਰਗ ਦੀਆਂ 8 ਟੀਮਾਂ ਵਿਚਾਲੇ ਹੋਣਗੇ ਦਿਲਚਸਪ ਮੁਕਾਬਲੇ-11 ਹਜਾਰ ਦੇ ਨਗਦ ਇਨਾਮ ਤੇ ਟਰਾਫੀਆਂ
-ਓਪਨ ਕਬੱਡੀ ਵਿਚ ਨੈਸ਼ਨਲ ਪੱਧਰ ਦੀਆਂ 8 ਟੀਮਾਂ ਵਿਚਾਲੇ ਹੋਣਗੇ ਰੌਚਕ ਮੁਕਾਬਲੇ
-ਜੇਤੂ ਟੀਮ ਨੂੰ 2 ਲੱਖ ਦਾ ਨਗਦ ਇਨਾਮ ਸਪਾਂਸਰ ਬੰਗਾ ਫੈਮਲੀ ਤੇ ਟਰੀਫੀ
-ਉਪ ਜੇਤੂ ਟੀਮ ਲਈ ਡੇਢ ਲੱਖ ਦੇ ਨਗਦ ਇਨਾਮ ਸਪਾਂਸਰ ਘੀਰਾ ਫੈਮਲੀ ਅਤੇ ਟਰਾਫੀ
-ਪਹਿਲੀ ਵਾਰ ਲੜਕੀਆਂ ਦੀਆਂ ਕਬੱਡੀ ਟੀਮਾਂ ਵਿਚਾਲੇ ਮੁਕਾਬਲੇ
– ਦਰਸ਼ਕਾਂ ਲਈ 5 ਸਾਈਕਲ ਅਤੇ 10 ਸਿਲਾਈ ਮਸ਼ੀਨਾਂ ਦੇ ਲੱਕੀ ਡਰਾਅ
-ਖਿਡਾਰੀਆਂ ਤੇ ਦਰਸ਼ਕਾਂ ਲਈ ਸਾਰਾ ਦਿਨ ਲੰਗਰ ਤੇ ਚਾਹ ਪਾਣੀ ਦੇ ਪ੍ਰਬੰਧ
– ਮੁੱਖ ਮਹਿਮਾਨਾਂ ਵਿਚ ਵਿਤ ਮੰਤਰੀ ਹਰਪਾਲ ਸਿੰਘ ਚੀਮਾ. ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਸਾਬਕਾ ਮੰਤਰੀ ਵਿਜੇ ਸਾਂਪਲਾ,
ਸਾਬਕਾ ਮੰਤਰੀ ਗੁਰਜੀਤ ਸਿੰਘ ਰਾਣਾ, ਉਲੰਪੀਅਨ ਪਰਗਟ ਸਿੰਘ, ਉਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ ਹੋਰ ਦੇਣਗੇ ਖਿਡਾਰੀਆਂ ਨੂੰ ਅਸ਼ੀਰਵਾਦ।
ਦਰਸ਼ਕਾਂ ਤੇ ਖੇਡ ਪ੍ਰੇਮੀਆਂ ਨੂੰ ਟੂਰਨਾਮੈਂਟ ਵਿਚ ਹੁੰਮਹੁਮਾਕੇ ਪੁੱਜਣ ਦੀ ਅਪੀਲ
ਵਲੋਂ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੰਮਣ, ਸ਼ਹੀਦ ਭਗਤ ਸਿੰਘ ਨਗਰ।
ਪ੍ਰਬੰਧਕ ਕਮੇਟੀ- ਚੇਅਰਮੈਨ ਬਲਬੀਰ ਸਿੰਘ ਬੈਂਸ
ਪ੍ਰਧਾਨ ਪਾਲ ਸਿੰਘ ਮੇਹਲੀਆਣਾ
ਸਰਪ੍ਰਸਤ-ਕਮਲਜੀਤ ਬੰਗਾ ਜਿਲਾ ਪ੍ਰੀਸ਼ਦ ਮੈਂਬਰ
ਵਾਈਸ ਚੇਅਰਮੈਨ-ਸੋਨੂੰ ਬੰਗਾ
ਜਨਰਲ ਸੈਕਟਰੀ-ਧਰਮਾ ਬੈਂਸ
ਸੈਕਟਰੀ-ਵਿਜੇਪਾਲ ਸਿੰਘ ਤੇਜੀ
ਕੁਮੈਂਟੇਟਰ-ਬਲਜਿੰਦਰ ਸਿੰਘ ਘੁੰਮਣ
ਮੈਂਬਰ ਸੰਦੀਪ ਕਟਾਰੀਆ
ਪਿਛਲੇ ਸਾਲ 2024 ਦੇ ਖੇਡ ਮੇਲੇ ਦੀਆਂ ਝਲਕੀਆਂ ਤੇ ਯਾਦਗਾਰੀ ਪਲ-
ਦੇਸ ਪ੍ਰਦੇਸ ਟਾਈਮਜ਼ ਕੈਨੇਡਾ ਵਲੋਂ 9ਵੇਂ ਸਾਲਾਨਾ ਕਬੱਡੀ ਕੱਪ ਘੁੰਮਣ ਜਿਲਾ ਸ਼ਹੀਦ ਭਗਤ ਸਿੰਘ ਨਗਰ ਮੌਕੇ ਵਿਸ਼ੇਸ਼ ਸਪਲੀਮੈਂਟ