Headlines

ਸੰਪਾਦਕੀ- ਅਮਰੀਕਾ ਦਾ ਗੈਰ ਕਨੂੰਨੀ ਭਾਰਤੀਆਂ ਨਾਲ ਅਣਮਨੁੱਖੀ ਵਿਵਹਾਰ ਤੇ ਵਿਸ਼ਵ ਗੁਰੂ ਦੀ ਔਕਾਤ….

ਸੁਖਵਿੰਦਰ ਸਿੰਘ ਚੋਹਲਾ-

ਚੰਗੇਰੀ ਤੇ ਖੁਸ਼ਹਾਲ ਜਿੰਦਗੀ ਦੀ ਤਲਾਸ਼ ਵਿਚ ਪਰਵਾਸ ਮੁੱਢ ਕਦੀਮ ਤੋਂ ਹੀ ਮਨੁੱਖ ਨੂੰ ਲੁਭਾਉਂਦਾ ਰਿਹਾ ਹੈ। ਪਰ ਅਜੋਕੇ ਸਮੇਂ ਵਿਚ ਅਮੀਰ ਤੇ ਵਿਕਸਿਤ ਮੁਲਕਾਂ ਵੱਲ ਪੜੇ ਲਿਖੇ ਤੇ ਹੁਨਰਮੰਦ ਲੋਕਾਂ ਵਲੋਂ ਪਰਵਾਸ ਨੂੰ ਚੁਣਨ ਦੇ ਨਾਲ ਘੱਟ ਪੜੇ ਲਿਖੇ ਤੇ ਗੈਰ ਹੁਨਰਮੰਦ ਲੋਕਾਂ ਵਲੋਂ ਵੀ ਪਰਵਾਸ ਲਈ ਜਾਇਜ਼ ਨਾਜਾਇਜ਼ ਤਰੀਕੇ ਅਪਣਾਏ ਜਾਂਦੇ ਹਨ। ਜੋ ਲੋਕ ਵਿਕਸਿਤ ਮੁਲਕਾਂ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਮਾਪ ਦੰਡਾਂ ਤੇ ਪੂਰਾ ਨਹੀ ਉਤਰਦੇ ਉਹ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਇਮੀਗ੍ਰੇਸ਼ਨ ਸਲਾਹਕਾਰਾਂ ਦਾ ਦਰਵਾਜਾ ਜਾ ਖੜਕਾਉਂਦੇ ਹਨ। ਠੱਗ ਕਿਸਮ ਦੇ ਇਮੀਗ੍ਰੇਸ਼ਨ ਏਜੰਟ ਸਲਾਹ ਦਿੰਦੇ ਹਨ ਕਿ ਉਹਨਾਂ ਪਾਸ ਵਿਦੇਸ਼ ਭੇਜਣ ਦੇ ਸਭ ਤਰੀਕੇ ਮੌਜੂਦ ਹਨ। ਅਜਿਹੇ ਤਰੀਕਿਆਂ ਵਿਚ ਹੀ ਮੋਟੀਆਂ ਰਕਮਾਂ ਵਸੂਲ ਕਰਦਿਆਂ ਡੌਂਕੀ ਜਾਂ ਡੰਕੀ ਵਾਲੇ ਰਸਤੇ ਪਾਉਂਦਿਆਂ ਵਿਕਸਿਤ ਮੁਲਕਾਂ ਦੇ ਬਾਰਡਰ ਟਪਾਉਣ ਦਾ ਜੋਖਮ ਉਠਾਇਆ ਜਾਂਦਾ ਹੈ। ਭਾਵੇਂਕਿ ਨਾਜਾਇਜ਼ ਢੰਗ ਰਾਹੀਂ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਸਾਰੀ ਖੱਜਲ ਖੁਆਰੀ ਜਾਂ ਜਾਨ ਖਤਰੇ ਵਿਚ ਪਾਉਣ ਬਾਰੇ ਸਭ ਕੁਝ ਪਤਾ ਹੁੰਦਾ ਪਰ ਇਸਦੇ ਬਾਵਜੂਦ ਇਹ ਜੋਖਮ ਉਠਾਇਆ ਜਾਂਦਾ ਹੈ। ਅਮਰੀਕਾ ਵਰਗੇ ਅਮੀਰ ਮੁਲਕ ਨੂੰ ਜਾਣ ਲਈ ਯੂਰਪ ਦਾ ਸ਼ੈਨੇਗਨ ਵੀਜਾ ਲਵਾਉਣ,  ਯੂਕੇ  ਦਾ ਬਾਰਡਰ ਟੱਪਣ ਤੇ ਫਿਰ ਲਾਤੀਨੀ ਅਮਰੀਕਾ ਦੇ ਮੁਲਕਾਂ ਵਿਚ ਪੁੱਜਣ, ਪਨਾਮਾ ਦੇ ਜੰਗਲਾਂ, ਨਦੀਆਂ ਤੇ ਪਹਾੜਾਂ ਦਾ ਦੁਰਗਮ ਸਫਰ ਤੈਅ ਕਰਨ, ਏਜੰਟਾਂ ਦੇ ਪਾਂਡੀਆਂ, ਲੁਟੇਰਿਆਂ ਤੇ ਬਾਰਡਰ ਪੁਲਿਸ ਦੀਆਂ ਜਿਆਦਤੀਆਂ ਸਹਿਣ ਕਰਦਿਆਂ ਮੈਕਸੀਕੋ ਰਾਹੀਂ ਅਮਰੀਕਾ ਦਾ ਬਾਰਡਰ ਤੇ ਉਥੋ ਸ਼ਰਨਾਰਥੀ ਕੈਂਪਾਂ ਵਿਚ ਪੁੱਜਣ ਦਾ ਸਾਰਾ ਘਟਨਾਕ੍ਰਮ ਜਾਨ ਹੂਲਵਾਂ ਹੈ। ਇਹ ਸਭ ਕੁਝ ਜਾਣਦਿਆਂ ਵਿਦੇਸ਼ ਜਾਣ ਦੀ ਲਲਕ ਵਿਚ ਲੋਕ ਇਸ ਦੁਰਗਮ ਤੇ ਜਾਨ ਜੋਖਮ ਵਿਚ ਪਾਉਣ ਵਾਲੇ ਰਸਤੇ ਨੂੰ ਅਖਤਿਆਰ ਕਰਨੋਂ ਵੀ ਨਹੀ ਟਲਦੇ। ਗੈਰ ਕਨੂੰਨੀ ਜਾਂ ਨਾਜਾਇਜ਼ ਢੰਗ ਨਾਲ ਪਰਵਾਸ ਅਤੇ ਬਾਰਡਰ ਟਪਾਉਣ ਦਾ ਇਹ ਧੰਦਾ ਕੋਈ ਛੋਟਾ ਮੋਟਾ ਅਪਰਾਧ ਨਹੀ ਬਲਕਿ ਕਰੋੜਾਂ ਅਰਬਾਂ ਦਾ ਕਾਰੋਬਾਰ ਹੈ। ਜੋ ਲੋਕ ਇਸ ਕਾਰੋਬਾਰ ਵਿਚ ਲੱਗੇ ਹਨ ਉਹ ਸਮੱਗਲਰਾਂ ਜਾਂ ਹੋਰ ਗੈਰ ਕਨੂੰਨੀ ਧੰਦਿਆਂ ਵਿਚ ਲੱਗੇ ਲੋਕਾਂ ਨਾਲੋਂ ਵੱਖ ਨਹੀ।

ਗਰੀਬ ਤੇ ਵਿਕਾਸਸ਼ੀਲ ਮੁਲਕਾਂ ਦੇ ਨੌਜਵਾਨਾਂ ਵਲੋਂ ਵਿਕਸਿਤ ਮੁਲਕਾਂ ਵਿਚ ਪਰਵਾਸ ਲਈ ਜੋ ਵੀ ਹੱਥ ਕੰਢੇ ਵਰਤੇ ਜਾਂਦੇ ਹਨ, ਭਾਵੇਂ ਉਹਨਾਂ ਨੂੰ ਕਿਸੇ ਵੀ ਢੰਗ ਨਾਲ ਉਚਿਤ ਨਹੀ ਠਹਿਰਾਇਆ ਜਾ ਸਕਦਾ ਹੈ ਪਰ ਮੁਲਕ ਦੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਜਿੰਦਗੀ ਜਿਉਣ ਦੇ ਹੋਰ ਵਸੀਲੇ ਮੁਹੱਈਆ ਨਾ ਕਰਵਾ ਸਕਣ ਵਿਚ ਅਸਫਲ ਰਹਿਣ ਵਾਲੀਆਂ ਸਰਕਾਰਾਂ ਨੂੰ ਵੀ ਦੋਸ਼ ਮੁਕਤ ਕਰਾਰ ਨਹੀ ਦਿੱਤਾ ਜਾ ਸਕਦਾ।  ਹਰ ਸਾਲ ਹਜਾਰਾਂ ਲੱਖਾਂ ਨੌਜਵਾਨ ਰੋਜ਼ਗਾਰ ਤੇ ਚੰਗੇਰੀ ਜਿੰਦਗੀ ਦੀ ਤਲਾਸ਼ ਵਿਚ ਵਿਕਸਿਤ ਮੁਲਕਾਂ ਦਾ ਰੁਖ ਕਰਦੇ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹਨ ਪਰ ਤਰੱਕੀ ਤੇ ਵਿਕਾਸ ਦੇ ਦਮਗਜੇ ਮਾਰਨ ਵਾਲੇ ਆਗੂ ਤੇ ਸਰਕਾਰਾਂ ਨੌਜਵਾਨਾਂ ਦੀ ਨਿਰਾਸ਼ਤਾ ਨੂੰ ਸਮਝਣ ਦੀ ਬਿਜਾਏ ਝੂਠ ਦੇ ਕਿਲੇ ਉਸਾਰੀ ਜਾ ਰਹੇ ਹਨ।

ਇਸ ਹਫਤੇ ਅਮਰੀਕਾ ਤੋਂ ਡਿਪੋਰਟ ਕੀਤੇ 104 ਭਾਰਤੀਆਂ ਨੂੰ ਜਿਵੇਂ ਅਮਰੀਕੀ ਫੌਜੀ ਜਹਾਜ਼ ਰਾਹੀ ਹੱਥਕੜੀਆਂ ਤੇ ਪੈਰਾਂ ਵਿਚ ਬੇੜੀਆਂ ਪਹਿਨਾਈ ਅੰਮ੍ਰਿਤਸਰ ਦੇ ਏਅਰਪੋਰਟ ਤੇ ਉਤਾਰਿਆ ਗਿਆ, ਉਸਨੇ ਭਾਰਤ ਦੀ ਤਰੱਕੀ ਤੇ ਦੁਨੀਆ ਦੀ ਇਕ ਆਰਥਿਕ ਤਾਕਤ ਬਣਨ ਦੇ ਹਵਾਈ ਕਿਲੇ ਉਸਾਰਨ ਦੀਆਂ ਟਾਹਰਾਂ ਨੂੰ  ਤਾਰ ਤਾਰ ਕਰ ਦਿੱਤਾ। ਦੁਨੀਆਂ ਨੂੰ ਰਾਹ ਦਿਖਾਉਣ ਵਾਲੇ ਮੁਲਕ ਦੇ ਦਾਅਵੇਦਾਰਾਂ ਵਲੋਂ ਆਪਣੇ ਸ਼ਹਿਰੀਆਂ ਨੂੰ ਇਜਤ ਮਾਣ ਨਾਲ ਵਾਪਿਸ ਲਿਆਉਣ ਦੀ ਜਿੰਮੇਵਾਰੀ ਲੈਣ ਦੀ ਬਿਜਾਏ ਇਹ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਨੇ ਜੋ ਵੀ ਕੀਤਾ ਸਭ ਨੇਮਾਂ ਤਹਿਤ ਹੀ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਿਕ ਕੁਲ 427 ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਆਰਡਰ ਪ੍ਰਾਪਤ ਹੋਏ ਹਨ। ਅਮਰੀਕਾ ਵਿਚ ਕੁਲ਼ 18,000 ਭਾਰਤੀਆਂ ਦੇ ਗੈਰ ਕਨੂੰਨੀ ਹੋਣ ਦੀ ਰਿਪੋਰਟ ਨੂੰ ਵੀ ਭਾਰਤ ਸਰਕਾਰ ਨੇ ਮੰਨ ਲਿਆ ਹੈ। ਸਵਾਲ ਹੈ ਕਿ ਅਗਰ ਅਗਲੇ ਦਿਨਾਂ ਵਿਚ ਇਹ ਸਾਰੇ ਭਾਰਤ ਨੂੰ ਡਿਪੋਰਟ ਕੀਤੇ ਜਾਂਦੇ ਹਨ ਤਾਂ ਇਹਨਾਂ ਦੀ ਵਾਪਸੀ ਦਾ ਢੰਗ ਤਰੀਕਾ ਕੀ ਹੋਵੇਗਾ। ਬੀਤੇ ਬੁਧਵਾਰ ਨੂੰ ਜੋ 104 ਗੈਰਕਾਨੂੰਨੀ ਪਰਵਾਸੀ ਅੰਮ੍ਰਿਤਸਰ ਪੁੱਜੇ ਇਨ੍ਹਾਂ ’ਚੋਂ 30  ਪੰਜਾਬੀ ਜਦਕਿ 33 ਗੁਜਰਾਤ, 35 ਹਰਿਆਣਾ, 3-3 ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸਨ। ਸਪੱਸ਼ਟ ਹੈ ਇਸ ਪੂਰ ਵਿਚ ਗੁਜਰਾਤੀ ਅਤੇ ਹਰਿਆਣਵੀ ਵਧੇਰੇ ਸਨ ਪਰ ਅਮਰੀਕੀ ਫੌਜੀ ਜਹਾਜ ਦਿੱਲੀ ਜਾਂ ਅਹਿਮਦਾਬਾਦ ਉਤਾਰਨ ਦੀ ਬਿਜਾਏ, ਅੰਮ੍ਰਿਤਸਰ ਉਤਾਰਿਆ ਗਿਆ। ਸ਼ਾਇਦ ਅੰਮ੍ਰਿਤਸਰ ਵਿਚ ਲੈਂਡਿੰਗ ਨਾਲ ਮੀਡੀਆ ਵਿਚ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਕਿ  ਜਹਾਜ ਕੇਵਲ ਗੈਰ ਕਨੂੰਨੀ ਪੰਜਾਬੀਆਂ ਨਾਲ ਹੀ ਭਰਿਆ ਹੋਵੇ। ਸਿਆਸੀ ਆਲੋਚਕਾਂ ਦਾ ਮੰਨਣਾ ਹੈ ਕਿ ਜਹਾਜ ਵਿਚ 33 ਗੁਜਰਾਤੀ ਹੋਣ ਦੇ ਬਾਵਜੂਦ ਇਸਨੂੰ ਅਹਿਮਦਾਬਾਦ ਨਹੀ ਲਿਜਾਇਆ ਗਿਆ ਕਿਉਂਕਿ ਇਸ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਮਾਡਲ ਉਪਰ ਸਵਾਲ ਉਠਣੇ ਲਾਜ਼ਮੀ ਹਨ।  ਗੁਜਰਾਤ ਨੂੰ ਸਨਅਤੀ ਅਤੇ ਕਾਰੋਬਾਰੀ ਲਿਹਾਜ਼ ਤੋਂ ਵਿਕਸਤ ਸੂਬਾ ਕਿਹਾ  ਜਾਂਦਾ ਹੈ। ਸਾਲ  2014 ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ‘ਗੁਜਰਾਤ ਮਾਡਲ’ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਜੇ ਗੁਜਰਾਤ ਆਰਥਿਕ ਤੌਰ ’ਤੇ ਐਨਾ ਖੁਸ਼ਹਾਲ ਸੂਬਾ ਹੈ ਤਾਂ ਫਿਰ ਉੱਥੋਂ ਦੇ ਨੌਜਵਾਨ ਖੁਸ਼ਹਾਲ ਜ਼ਿੰਦਗੀ ਦੀ ਤਲਾਸ਼ ਵਿਚ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਕਿਉਂ ਹਨ ?

ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਦਾਅਵੇਦਾਰ ਜੋ ਵੀ ਕਹਿਣ ਪਰ ਅਮਰੀਕਾ ਦੀ ਗੈਰ ਕਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਨੀਤੀ ਨੇ ਭਾਰਤੀ ਆਗੂਆਂ ਦੇ ਦਾਅਵਿਆਂ ਦਾ ਅਸਲ ਸੱਚ ਲੋਕਾਂ ਸਾਹਮਣੇ ਲਿਆ  ਦਿੱਤਾ ਹੈ।  ਕੀ ਉਹਨਾਂ ਕੋਲ ਇਸਦਾ ਕੋਈ ਜਵਾਬ ਹੈ ਕਿ ਵਿਕਸਿਤ ਭਾਰਤ ਦੇ ਦਾਅਵਿਆਂ ਦਰਮਿਆਨ ਚੰਗੇਰੀ ਤੇ ਖੁਸ਼ਹਾਲ ਜਿੰਦਗੀ ਦੀ ਤਲਾਸ਼ ਵਿਚ ਇਥੋ ਦੇ ਨੌਜਵਾਨ ਵਿਕਸਿਤ ਮੁਲਕਾਂ ਵਲੋਂ ਦੌੜਨ ਲਈ ਕਿਉਂ ਮਜ਼ਬੂਰ ਹਨ।  ਭਾਜਪਾ ਵਿਰੋਧੀ ਪਾਰਟੀਆਂ ਤੇ ਆਗੂਆਂ ਨੇ ਸੰਸਦ ਦੇ ਅਂਦਰ ਤੇ ਬਾਹਰ  ਅਮਰੀਕਾ ਵਲੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਅਪਰਾਧੀਆਂ ਵਾਲੇ ਵਿਵਹਾਰ ,  ਉਹਨਾਂ ਨੂੰ ਹਥਕੜੀਆਂ ਤੇ ਬੇੜੀਆਂ ਪਹਿਨਾਈ  ਅਂਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਾਰੇ ਜਾਣ ਦੇ ਘਟਨਾਕ੍ਰਮ ਖਿਲਾਫ ਭਾਰੀ ਰੋਸ ਵਿਖਾਵੇ  ਕੀਤੇ ਹਨ। ਵਿਰੋਧੀ ਧਿਰਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਭਾਰਤੀਆਂ ਦੇ ਇਸ ਅਪਮਾਨ ਅਤੇ ਅਮਰੀਕੀ ਹੈਂਕੜ ਅੱਗੇ ਗੋਡੇ ਟੇਕਣ ਲਈ ਕਈ ਸਵਾਲ ਕੀਤੇ ਜਾ ਰਹੇ ਹਨ ਪਰ ਸੱਚਾਈ ਇਸਤੋਂ ਵੀ ਕੜਵੀ ਹੈ ਕਿ ਅਮਰੀਕਾ ਨੇ ਵਿਸ਼ਵ ਗੁਰੂ  ਨੂੰ ਉਸਦੀ ਅਸਲ ਔਕਾਤ ਦਿਖਲਾ ਦਿੱਤੀ ਹੈ। ਮੋਦੀ -ਟਰੰਪ  ਮਿਤਰਤਾ ਦੇ ਦਾਅਵੇਦਾਰਾਂ  ਦਾ ਬੇਸ਼ਰਮੀ ਭਰਿਆ ਇਹ ਜਵਾਬ ਹੀ ਕਾਫੀ ਹੈ ਕਿ ਅਸੀ ਵੀ ਗੈਰ ਕਨੂੰਨੀ ਪਰਵਾਸ ਦੇ ਖਿਲਾਫ ਹਾਂ।

Leave a Reply

Your email address will not be published. Required fields are marked *