ਕਿਊਬੈਕ ਤੋਂ ਅਰਥ ਸ਼ਾਸਤਰੀ ਮਾਰਟਿਨ ਹੇਬਰਟ ਤੇ ਸਸਕੈਚਵਨ ਤੋਂ ਕਿਸਾਨ ਆਗੂ ਟੌਡ ਲੈਵਿਸ ਵੀ ਸੈਨੇਟਰ ਬਣੇ-
ਓਟਵਾ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਆਰ ਸੀ ਐਮ ਪੀ ਅਫਸਰ ਸ ਬਲਤੇਜ ਸਿੰਘ ਢਿੱਲੋਂ ਸਮੇਤ ਤਿੰਨ ਨਵੇਂ ਸੈਨੇਟਰ ਨਿਯੁਕਤ ਕੀਤੇ ਗਏ ਹਨ। ਕੈਨੇਡਾ ਦੇ ਉਪਰਲੇ ਸਦਨ ਵਿਚ
ਬੀ.ਸੀ. ਤੋਂ ਬਲਤੇਜ ਸਿੰਘ ਢਿੱਲੋਂ ਤੋਂ ਇਲਾਵਾ ਕਿਊਬਿਕ ਤੋਂ ਮਾਰਟਿਨ ਹੇਬਰਟ ਅਤੇ ਸਸਕੈਚਵਨ ਦੇ ਟੌਡ ਲੇਵਿਸ ਨੂੰ ਸੈਨੇਟਰ ਨਾਮਜਦ ਕੀਤਾ ਗਿਆ ਹੈ।
ਬਲਤੇਜ ਸਿੰਘ ਢਿੱਲੋਂ ਆਰ ਸੀ ਐਮ ਪੀ ਵਿੱਚ ਲਗਭਗ 30 ਸਾਲਾਂ ਦੇ ਕਰੀਅਰ ਤੋਂ ਬਾਅਦ 2019 ਵਿੱਚ ਸੇਵਾਮੁਕਤ ਹੋਏ ਜਿਸ ਵਿਚ ਉਸਨੇ ਇੰਸਪੈਕਟਰ ਦੇ ਰੈਂਕ ਤੱਕ ਤਰੱਕੀ ਕਰਦਿਆਂ ਕਈ ਮਹੱਤਵਪੂਰਣ ਤੇ ਇਤਿਹਾਸਕ ਕੇਸ ਜਿਹਨਾਂ ਸੀਰੀਅਲ ਕਿਲਰ ਰਾਬਰਟ ਪਿਕਟਨ ਅਤੇ ਏਅਰ ਇੰਡੀਆ ਬੰਬ ਧਮਾਕਿਆਂ ਦੀ ਜਾਂਚ ਸ਼ਾਮਿਲ ਹੈ, ਅਹਿਮ ਭੂਮਿਕਾ ਨਿਭਾਈ। ਉਹਨਾਂ ਹਾਲ ਹੀ ਵਿਚ ਹੋਈਆ ਬ੍ਰਿਟਿਸ਼ ਕੋਲੰਬੀਆ ਚੋਣਾਂ ਦੌਰਾਨ ਬੀ ਸੀ ਐਨ ਡੀ ਪੀ ਦੀ ਤਰਫੋਂ ਸਰੀ ਸਰਪੈਨਟਾਈਨ ਹਲਕੇ ਤੋਂ ਚੋਣ ਲੜੀ ਸੀ।
ਉਹਨਾਂ ਤੋਂ ਇਲਾਵਾ ਸੈਨੇਟਰ ਨਿਯੁਕਤ ਹੋਏ ਮਾਰਿਟਨ ਹੇਬਰਟ ਇਕ ਅਰਥ ਸ਼ਾਸਤਰੀ ਤੇ ਸਾਬਕਾ ਡਿਪਲੋਮੈਟ ਹਨ ਜੋ ਕਿਊਬੈਕ ਤੋਂ ਹਨ। ਤੀਸਰੇ ਟੌਡ ਲੈਵਿਸ ਸਸਕੈਚਵਨ ਦੇ ਇਕ ਕਿਸਾਨ ਆਗੂ ਹਨ। ਉਹ ਇਸ ਸਮੇਂ ਕੈਨੇਡੀਅਨ ਫੈੇਡਰੇਸ਼ਨ ਆਫ ਐਗਰੀਕਲਚਰ ਦੇ ਵਾਈਸ ਪ੍ਰੈਜੀਡੈਂਟ ਹਨ।ਪ੍ਰਧਾਨ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਦੀ ਸਿਫ਼ਾਰਸ਼ 2016 ਵਿੱਚ ਬਣਾਏ ਗਏ ਸੈਨੇਟ ਦੀਆਂ ਨਿਯੁਕਤੀਆਂ ਲਈ ਸੁਤੰਤਰ ਸਲਾਹਕਾਰ ਬੋਰਡ ਦੁਆਰਾ ਕੀਤੀ ਗਈ ਹੈ। ਜਿਕਰਯੋਗ ਹੈ ਕਿ ਕੈਨੇਡੀਅਨ ਸੈਨੇਟਰਾਂ ਨੂੰ ਅਜਿਹੇ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਂਦਾ ਹੈ ਜੋ 75 ਸਾਲ ਦੀ ਉਮਰ ਤੱਕ ਰਹਿ ਸਕਦੇ ਹਨ। ਉਨ੍ਹਾਂ ਦੀ ਭੂਮਿਕਾ ਓਟਵਾ ਦੇ ਹਾਊਸ ਆਫ਼ ਕਾਮਨਜ਼ ਵਿੱਚ ਸੰਸਦ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਪਾਸ ਕੀਤੇ ਗਏ ਕਾਨੂੰਨਾਂ ਦੀ ਜਾਂਚ ਅਤੇ ਸੁਝਾਅ ਦੇਣਾ ਹੈ, ਅਤੇ ਉਸ ਸਦਨ ਦੁਆਰਾ ਪਾਸ ਕੀਤੇ ਗਏ ਬਿੱਲਾਂ ਨੂੰ ਕਾਨੂੰਨ ਬਣਨ ਤੋਂ ਪਹਿਲਾਂ ਅੰਤਿਮ ਰੂਪ ਦੈਣਾ ਹੁੰਦਾ ਹੈ।
-
ਢਿੱਲੋ ਦੀ ਨਿਯੁਕਤੀ ਕੈਨੇਡੀਅਨ ਤੇ ਸਿੱਖ ਭਾਈਚਾਰੇ ਲਈ ਮਾਣਮੱਤੀ-
ਸੰਸਾਰ ਭਰ ‘ਚ ਵੱਸਦੇ ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਧਰਤੀ ‘ਤੇ RCMP ਦੇ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਸ. ਬਲਤੇਜ ਸਿੰਘ ਢਿੱਲੋ ਨੂੰ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ, ਕੈਨੇਡਾ ਦੇ ਸੈਨੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸੰਨ 1991 ਵਿੱਚ ਬਲਤੇਜ ਸਿੰਘ ਢਿੱਲੋ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਕੈਨੇਡਾ ਦੀ ਪੁਲਿਸ ਵਿੱਚ ਦਸਤਾਰ ਸਜਾਉਣ ਵਾਲੇ ਪਹਿਲੇ ਅਧਿਕਾਰੀ ਬਣੇ ਸਨ। ਉਹ 16 ਸਾਲ ਦੀ ਉਮਰੇ ਆਪਣੇ ਮਾਤਾ ਤੇ ਭੈਣਾਂ ਨਾਲ ਕੈਨੇਡਾ ਦੀ ਧਰਤੀ ‘ਤੇ ਆਏ ਅਤੇ ਲੰਮੇ ਸੰਘਰਸ਼ ਵਿੱਚੋਂ ਦੀ ਲੰਘੇ। ਇੱਥੇ ਵੱਡੇ ਭਰਾ ਤੇ ਭਰਜਾਈ ਦੇ ਸਹਿਯੋਗ ਨਾਲ ਉਹ ਅਗਾਂਹ ਵਧਦੇ ਗਏ। ਨਸਲਵਾਦੀ ਮੁਸ਼ਕਲਾਂ ਵਿੱਚੋਂ ਦੀ ਲੰਘ ਕੇ ਉਹ ਜ਼ਿੰਦਗੀ ਦੇ ਉੱਚੇ ਥਾਂ ‘ਤੇ ਪਹੁੰਚੇ।
ਅੱਜ ਕੈਨੇਡਾ ਵਸਦੇ ਸਿੱਖਾਂ ਸਮੇਤ, ਬਹੁ-ਸੱਭਿਆਚਾਰਕ ਭਾਈਚਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਜਿਹੇ ਵਿਅਕਤੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੈਨੇਟਰ ਚੁਣਿਆ ਹੈ।ਸੈਨੇਟਰ ਦੀ ਉਪਾਧੀ ਕੈਨੇਡਾ ਵਿੱਚ ਉੱਪਰਲੇ ਸਦਨ ਵਿੱਚ ਸਨਮਾਨਯੋਗ ਮੰਨੀ ਜਾਂਦੀ ਹੈ।
ਸ. ਬਲਤੇਜ ਸਿੰਘ ਢਿੱਲੋ ਬੇਹੱਦ ਨਰਮ, ਸਾਦੇ, ਗੁਰਬਾਣੀ ਨਾਲ ਜੁੜੇ ਅਤੇ ਕੈਨੇਡਾ ਦੇ ਬਹੁ ਸੱਭਿਆਚਾਰਕ ਢਾਂਚੇ ਦੇ ਪ੍ਰਤੀਕ ਵਜੋਂ ਮੰਨੇ ਜਾਂਦੇ ਹਨ। ਉਹ ਅਕਸਰ ਗੁਰਮਤਿ ਦੇ ਆਸ਼ੇ ਅਨੁਸਾਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਕਰਨ ਦੇ ਨਾਲ-ਨਾਲ, ਵਿਆਹ-ਸ਼ਾਦੀਆਂ ਅਤੇ ਹੋਰਨਾਂ ਸਮਾਗਮਾਂ ਵਿੱਚ ਸੰਗਤਾਂ ਨੂੰ ਸੰਬੋਧਨ ਵੀ ਕਰਦੇ ਰਹਿੰਦੇ ਹਨ।