ਸਰੀ,(ਹਰਦਮ ਮਾਨ, ਧਾਲੀਵਾਲ, ਮਹੇਸ਼ਇੰਦਰ ਸਿੰਘ ਮਾਂਗਟ )- ਸਰੀ ਸ਼ਹਿਰ ਦੀ ਨਾਮਵਰ ਸ਼ਖ਼ਸੀਅਤ ਤੇ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਆਰਟਿਸਟ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਦੀ ਦੁਖਦਾਈ ਖ਼ਬਰ ਹੈ । ਮਿਲੀ ਜਾਣਕਾਰੀ ਅਨੁਸਾਰ ਸਰਦਾਰ ਜਰਨੈਲ ਸਿੰਘ ਆਰਟਿਸਟ ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਗਏ ਹੋਏ ਸਨ। ਉੱਥੇ ਉਹ ਪੀਲੀਏ ਦੇ ਇਲਾਜ ਕਾਰਨ ਫੋਰਟਿਸ ਹਸਪਤਾਲ ਵਿੱਚ ਦਾਖਲ ਰਹੇ , ਫਿਰ ਘਰ ਆ ਗਏ ਤੇ ਹੁਣ ਖ਼ਬਰ ਮਿਲੀ ਹੈ ਕਿ ਉਹ ਅਚਾਨਕ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ।
ਸਰਦਾਰ ਜਰਨੈਲ ਸਿੰਘ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ । ਕਲਾ ਦੀ ਦੁਨੀਆਂ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਆਰਟਿਸਟ ਜਰਨੈਲ ਸਿੰਘ ਤਕਰੀਬਨ 24 ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਆ ਗਏ ਸਨ। ਉਹ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਰਹਿੰਦੇ ਸਨ, ਜਿੱਥੇ ਉਨ੍ਹਾਂ ਆਪਣੀ ਇੱਕ ਕਲਾ ਅਕੈਡਮੀ ਖੋਲ੍ਹੀ ਹੋਈ ਸੀ।
ਸਰਦਾਰ ਜਰਨੈਲ ਸਿੰਘ ਉੁੱਘੇ ਸਿੱਖ ਚਿੱਤਰਕਾਰ ਸਰਦਾਰ ਕ੍ਰਿਪਾਲ ਸਿੰਘ ਹੁਰਾਂ ਦੇ ਬੇਟੇ ਸਨ ।ਸਰਦਾਰ ਜਰਨੈਲ ਸਿੰਘ ਤਕਰੀਬਨ ਸੱਤਰ ਸਾਲ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ।ਉਹ ਆਪਣੇ ਪਿੱਛੇ ਪਤਨੀ, ਬੇਟੀ, ਬੇਟਾ ਅਤੇ ਦੋਸਤਾਂ-ਮਿੱਤਰਾਂ ਦਾ ਵੱਡਾ ਪਰਿਵਾਰ ਛੱਡ ਗਏ ਹਨ।
ਸਰਦਾਰ ਜਰਨੈਲ ਸਿੰਘ ਆਰਟਿਸਟ ਹੁਰਾਂ ਦੇ ਬੇਵਕਤ ਵਿਛੋੜਾ ਨਾਲ ਪਰਿਵਾਰ, ਪੰਜਾਬੀ ਕਲਾ ਜਗਤ ਅਤੇ ਪੰਜਾਬੀ ਪ੍ਰੈੱਸ ਕਲੱਬ ਆਫ ਬੀ.ਸੀ. ਜਿਸਦੇ ਉਹ ਮੁਢਲੇ ਮੈਂਬਰ ਸਨ, ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।