ਰੇਡੀਓ ਤੋਂ ਮੁੱਦੇ ਉਠਾਉਣ ਵਾਲੇ ਹਰਜੀਤ ਗਿੱਲ ਉਤਰੇ ਚੋਣ ਮੈਦਾਨ ‘ਚ-
ਸਰੀ, (ਮਹੇਸ਼ਇੰਦਰ ਸਿੰਘ ਮਾਂਗਟ)- ਬੀਤੀ ਰਾਤ ਸਰੀ-ਨਿਊਟਨ ਤੋਂ ਫੈਡਰਲ ਕੰਸਰਵੇਟਿਵ ਪਾਰਟੀ ਦੇ ਐਮ. ਪੀ. ਉਮੀਦਵਾਰ ਹਰਜੀਤ ਸਿੰਘ ਗਿੱਲ ਵੱਲੋ ਫੰਡ ਰੇਜਿੰਗ ਸਮਾਗਮ ਐਮਪਾਇਰ ਬੈਕੁੰਟ ਹਾਲ ਵਿੱਚ ਅਯੋਜਿਤ ਕੀਤਾ ਗਿਆ | ਉਨ੍ਹਾਂ ਦੇ ਸਮਰਥਕਾਂ ਵੱਲੋ ਕੀਤਾ ਭਾਰੀ ਇਕੱਠ ਜੋ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ | ਖਚਾ ਖੱਚ ਭਰੇ ਹਾਲ ‘ਚ ਸੰਬੋਧਨ ਕਰਿਦਆਂ ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਸਮੇਂ ਕੈਨੇਡਾ ਨੂੰ ਦੁਨੀਆਂ ‘ਚ ਬਣੇ ਆਪਣੇ ਹਾਈਸਟੇਟਸ ਨੂੰ ਬਹਾਲ ਕਰਨ ਅਤੇ ਇਥੇ ਪੱਕੇ ਵੱਸੇ ਲੋਕਾਂ, ਜਿਨ੍ਹਾਂ ‘ਚ ਵੱਡੀ ਗਿਣਤੀ ‘ਚ ਪੰਜਾਬੀ ਭਾਈਚਾਰਾ ਵੀ ਸ਼ਾਮਿਲ ਹੈ ਨੂੰ ਹਰ ਪੱਖੋਂ ਮਜਬੂਤ ਕਰਨ ਲਈ ਹਾਈਟੈੱਕ ਪਾਲਿਸੀਆਂ ਦੀ ਲੋੜ ਹੈ, ਜੋ ਉਨ੍ਹਾਂ ਦੀ ਪਾਰਟੀ ਦੇ ਏਜੰਡੇ ਜਾਂ ਮੈਨੀਫੈਸਟੋ ਦਾ ਹਿੱਸਾ ਹਨ | ਉਨ੍ਹਾਂ ਕਿਹਾ ਕਿ ਮੇਰੀ ਜਿੰਦਗੀ ਸਫ਼ਰ ਬਹੁਤ ਸਮਾਂ ਲੋਕ ਮਸਲਿਆਂ ਨੂੰ ਰੇਡੀਓ ਮੰਚ ਤੋਂ ਉੱਠਾਉਣ ਤੇ ਕਿਸੇ ਵੀ ਸਮੱਸਿਆ ਦੇ ਹੱਲ ਲਈ, ਉਸ ਨਾਲ ਲੋਕ ਲਾਮਬੰਦੀ ਜੋੜ ਕੇ ਉਸ ਨੂੰ ਸਰਕਾਰ ਰਾਹੀਂ ਹੱਲ ਕਰਵਾਉਣ ਤੱਕ ਨੂੰ ਸਮਰਪਿਤ ਰਿਹਾ | ਇਸ ਦੌਰਾਨ ਮੇਰੀ ਸਵੇਰ ਅੱਖ ਖੁੱਲਦਿਆਂ ਹੀ ਪੰਜਾਬ ਦੇ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਏ ‘ਤੇ ਵੀ ਪੈ ਜਾਂਦੀ ਸੀ, ਜਿਥੇ ਉਠੇ ਪੰਜਾਬ ਜਾਂ ਆਪਣੇ ਭਾਈਚਾਰੇ ਦੇ ਮਸਲਿਆਂ ਨੂੰ ਕੈਨੇਡਾ ਦੇ ਰੇਡੀਓ ਤੋਂ ਪ੍ਰਸਾਰਿਤ ਕਰਕੇ, ਉਨ੍ਹਾਂ ਮੁੱਦਿਆਂ ਨੂੰ ਇੰਟਰਨੈਸ਼ਨਲ ਪੱਧਰ ‘ਤੇ ਲੈ ਜਾਣਾ ਮੇਰੀ ਰੁਟੀਨ ਰਹੀ ਹੈ, ਜਿਸ ਦੌਰਾਨ ਸਮੇਂ ਸਮੇਂ ਮੈਂ ਧੱਕੇਸ਼ਾਹੀ ਕਰਨ ਵਾਲੇ ਮਾਫ਼ੀਏ ਤੇ ਸਰਕਾਰਾਂ ਦੇ ਵੀ ਰੜਕਦਾ ਰਿਹਾਂ, ਪਰ ਮੈਂ ਆਪਣੀ ਡਿਊਟੀ ਨੂੰ ਹਮੇਸ਼ਾ ਨਿੱਡਰਤਾ ਨਾਲ ਨਿਭਾਇਆ | ਅੱਜ ਜੇ ਮੈਂ ਚੋਣ ਮੈਦਾਨ ‘ਚ ਉਤਰਿਆਂ ਹਾਂ ਤਾਂ ਲੋਕਾਂ ਲਈ, ਲੋਕ ਮੁੱਦੇ ਤੇ ਦੇਸ਼ ਦਾ ਵਿਕਾਸ ਮੇਰੀ ਪਹਿਲ ਰਹੇਗੀ | ਉਨ੍ਹਾਂ ਪੁੱਜੇ ਲੋਕਾਂ ਵਲੋਂ ਤਨੋ, ਮਨੋ ਤੇ ਵੱਡੀ ਗੱਲ ਆਪਣੀ ਚੋਣ ਮੁਹਿੰਮ ਸਮਝਦਿਆਂ ਧਨੋ ਵੀ ਸਹਿਯੋਗ ਦੇਣ ‘ਤੇ ਧੰਨਵਾਦ ਕੀਤਾ | ਇਸ ਮੌਕੇ ਲੋਕਾਂ ਵਲੋਂ ਤਾੜੀਆਂਦੀ ਗੂੰਜ ਨਾਲ ਹਰਜੀਤ ਗਿੱਲ ਨੂੰ ਕਾਮਯਾਬ ਕਰਨ ਦਾ ਭਰੋਸਾ ਦਿੱਤਾ |