Headlines

ਚਿੱਤਰ ਕਲਾ ਖੇਤਰ ਦੀ ਸੰਸਾਰ ਪ੍ਰਸਿੱਧ ਸ਼ਖਸੀਅਤ ਸਨ ਸ ਜਰਨੈਲ ਸਿੰਘ ਆਰਟਿਸਟ

ਡਾ. ਗੁਰਵਿੰਦਰ ਸਿੰਘ-
ਪੰਜਾਬੀ ਕਲਾ ਅਤੇ ਸਾਹਿਤ ਖੇਤਰ ਦੇ ਪ੍ਰੇਮੀਆਂ ਲਈ ਇਹ ਦੁਖਦਾਈ ਖਬਰ ਹੈ ਕਿ ਸਰਦਾਰ ਜਰਨੈਲ ਸਿੰਘ ਆਰਟਿਸਟ ਵਿਛੋੜਾ ਦੇ ਗਏ ਹਨ। ਉਹ ਇੰਨੀਂ ਦਿਨੀਂ ਪੰਜਾਬ ਗਏ ਹੋਏ ਸਨ, ਜਿੱਥੇ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਅੱਜ ਇਹ ਦੁਖਦਾਈ ਖਬਰ ਮਿਲੀ ਕਿ ਉਹ ਸੰਸਾਰਕ ਯਾਤਰਾ ਪੂਰੀ ਕਰ ਗਏ ਹਨ। ਪਰਿਵਾਰਿਕ ਸੂਤਰਾਂ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰਾਈਵੇਟ ਹਸਪਤਾਲ ਚੰਡੀਗੜ੍ਹ ਵਿੱਚ ਦਾਖਲ ਸਨ, ਜਿੱਥੇ 10 ਫਰਵਰੀ ਦੀ ਸਵੇਰ ਨੂੰ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਜੋ ਕਿ ਜਾਨ ਲੇਵਾ ਸਾਬਤ ਹੋਇਆ। ਇਸ ਤੋਂ ਪਹਿਲਾਂ ਪੀਲੀਏ ਦੀ ਸ਼ਿਕਾਇਤ ਕਾਰਨ ਉਹ ਹਸਪਤਾਲ ਦਾਖਲ ਹੋਏ, ਜਿਸ ਦਾ ਲਿਵਰ ਤੇ ਕਿਡਨੀ ‘ਤੇ ਅਸਰ ਸੀ, ਇਲਾਜ ਮਗਰੋਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਅਤੇ ਘਰੇ ਆ ਗਏ ਸਨ। ਪੰਜਾਬ ਫੇਰੀ ਦੌਰਾਨ ਉਨਾਂ ਦੀ ਸੁਪਤਨੀ ਬੀਬੀ ਬਲਜੀਤ ਕੌਰ ਨਾਲ ਸਨ, ਜਦ ਕਿ ਪੁੱਤਰ ਤੇ ਧੀ ਕੈਨੇਡਾ ਤੋਂ ਪੰਜਾਬ ਰਵਾਨਾ ਹੋ ਰਹੇ ਹਨ। ਉਹਨਾਂ ਦਾ ਸਸਕਾਰ ਪਰਿਵਾਰ ਵੱਲੋਂ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।
ਜਰਨੈਲ ਸਿੰਘ ਆਰਟਿਸਟ ਦੀ ਉਮਰ 69 ਸਾਲ ਦੀ ਸੀ। ਉਹ ਆਪਣੇ ਪਿੱਛੇ ਸੁਪਤਨੀ, ਪੁੱਤਰ, ਧੀ ਅਤੇ ਵੱਡਾ ਸਾਹਿਤਕ ਪਰਿਵਾਰ ਛੱਡ ਗਏ ਹਨ। ਜਰਨੈਲ ਸਿੰਘ ਮਹਾਨ ਚਿੱਤਰਕਾਰ ਸਰਦਾਰ ਕਿਰਪਾਲ ਸਿੰਘ ਜੀ ਦੇ ਸਪੁੱਤਰ ਸਨ ਅਤੇ ਉਨਾਂ ਨੇ ਸਮੁੱਚੀ ਜ਼ਿੰਦਗੀ ਸਾਹਿਤ ਅਤੇ ਕਲਾ ਖੇਤਰ ਦੀ ਬੇਮਿਸਾਲ ਸੇਵਾ ਕੀਤੀ। ਆਪ ਦਾ ਜਨਮ ਸੰਨ 1956 ਵਿਖੇ ਜ਼ੀਰਾ ਸ਼ਹਿਰ ਚ ਹੋਇਆ ਅਤੇ ਆਪਣੇ ਪਿਤਾ ਕਿਰਪਾਲ ਸਿੰਘ ਜੀ ਤੋਂ ਪੇਂਟਿੰਗ ਦਾ ਗਿਆਨ ਹਾਸਲ ਕੀਤਾ। ਇਸ ਤੋਂ ਇਲਾਵਾ ਉਚਕੋਟੀ ਦੇ ਵਿਸ਼ਵ ਵਿਦਿਆਲੇ ਤੋਂ ਇਸ ਸਬੰਧੀ ਮੁਹਾਰਤ ਹਾਸਲ ਕੀਤੀ ਅਤੇ ਆਪਣੀ ਯੋਗਤਾ ਨਾਲ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਿਆ। ਆਪਣਾ ਜੀਵਨ ਦੇ 40 ਸਾਲਾਂ ਤੋਂ ਵੱਧ ਸਮਾਂ ਪੰਜਾਬ ਆਰਟ ਖੇਤਰ ਨੂੰ ਸਮਰਪਿਤ ਕੀਤਾ। ਸ. ਜਰਨੈਲ ਸਿੰਘ ਨੇ ਸਾਨੂੰ 2000 ਵਿੱਚ ਪਰਿਵਾਰ ਸਮੇਤ ਪੱਕੇ ਤੌਰ ‘ਤੇ ਕੈਨੇਡਾ ਟਿਕਾਣਾ ਕੀਤਾ। ਕੈਨੇਡਾ ਵਿਖੇ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੇ ਮੁਢਲੇ ਮੈਂਬਰਾਂ ਵਿੱਚੋਂ ਸਨ ਅਤੇ ਇਸ ਦੇ ਪ੍ਰਧਾਨ ਰਹਿ ਚੁੱਕੇ ਸਨ ਤੇ ਅੱਜ-ਕੱਲ ਜਨਰਲ ਸਕੱਤਰ ਦੇ ਅਹੁਦੇ ‘ਤੇ ਸਨ। ਇਸ ਤੋਂ ਇਲਾਵਾ ਪੰਜਾਬੀ ਲੇਖਕ ਮੰਚ, ਵੈਨਕੂਵਰ ਵਿਚਾਰ ਮੰਚ ਸਮੇਤ ਕਈ ਸਾਹਿਤਕ ਸੰਸਥਾਵਾਂ ਦੀ ਵੀ ਆਪ ਅਗਵਾਈ ਕਰਦੀ ਰਹੇ।ਆਪ ਸਰੀ ਤੋਂ ਪ੍ਰਕਾਸ਼ਤ ਹੁੰਦੇ ਹਫਤਾਵਾਰੀ ਪੰਜਾਬੀ ਅਖਬਾਰ ‘ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਵੀ ਸਨ।
ਚਿੱਤਰਕਾਰ ਜਰਨੈਲ ਸਿੰਘ ਨੇ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਅਨੇਕਾਂ ਚਿੱਤਰ ਬਣਾਏ। ਉਹਨਾਂ ਸਰੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਵਿਖੇ ਗਦਰੀ ਬਾਬਿਆਂ ਦੀਆਂ ਯਾਦਗਾਰੀ ਤਸਵੀਰਾਂ ਬਣਾਈਆਂ, ਜੋ ਪਿੱਛੇ ਜਿਹੇ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ ਸਨ। ਉਹਨਾਂ ਦੀਆਂ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਸਬੰਧੀ ਬਣਾਈਆਂ ਪੇਂਟਿੰਗਾਂ ਦੀ ਕੈਨੇਡਾ ਵਿੱਚ ਥਾਂ ਥਾਂ ਪ੍ਰਦਰਸ਼ਨੀ ਅਤੇ ਉਹਨਾਂ ਨੂੰ ਬੇਹਦ ਸਤਿਕਾਰ ਮਿਲਿਆ। ਆਪ ਦੀਆਂ ਆਖਰੀ ਪੇਂਟਿੰਗਾਂ ਵਿੱਚੋਂ ਇੱਕ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਪੇਂਟਿੰਗ ਸੀ, ਜੋ ਮੂਲ ਨਿਵਾਸੀ ਭਾਈਚਾਰੇ ਦੇ ਦਿਹਾੜੇ ‘ਤੇ ਰਿਲੀਜ਼ ਕੀਤੀ ਗਈ। ਆਪਣੇ ਕਈ ਕਿਤਾਬਾਂ ਲਿਖੀਆਂ ਜਿਹਨਾਂ ਵਿੱਚ ‘ਏ ਜਰਨੀ ਵਿਦ ਦਾ ਐਂਡਲੈਸ ਆਈ’, ‘ਵਿਸ਼ਵ ਦੇ ਪ੍ਰਸਿੱਧ ਚਿੱਤਰਕਾਰ ਸ਼ਾਹਕਾਰ’ ਅਤੇ ‘ਪੰਜਾਬੀ ਪੇਂਟਿੰਗਜ਼’ ਆਦਿ ਸ਼ਾਮਿਲ ਹਨ। ਪ੍ਰਸਿੱਧ ਲਿਖਾਰੀ ਹਰਭਜਨ ਸਿੰਘ ਹੁੰਦਲ ਵੱਲੋਂ ਆਪ ਬਾਰੇ ਕਿਤਾਬ ‘ਚਿਤਰਕਾਰ ਜਰਨੈਲ ਸਿੰਘ’ ਲਿਖੀ ਗਈ
ਸਰੀ ਵਿੱਚ ਜਰਨੈਲ ਸਿੰਘ ਆਰਟਿਸਟ ਦੀ ਜਰਨੈਲ ਆਰਟਸ ਅਕੈਡਮੀ ਸਾਹਿਤਿਕ ਇਕੱਠਾ ਦਾ ਕੇਂਦਰ ਹੁੰਦੀ, ਜਿੱਥੇ ਵੱਖ ਵੱਖ ਸ਼ਖਸੀਅਤਾਂ ਆਉਂਦੀਆਂ ਅਤੇ ਵਿਚਾਰ ਸਾਂਝੇ ਕਰਦੀਆਂ। ਉਨਾਂ ਦੇ ਮਿਲਾਪੜੇ ਸੁਭਾਅ ਨੇ ਸਾਰਿਆਂ ਦੇ ਦਿਲਾਂ ਨੂੰ ਜੋੜਿਆ ਅਤੇ ਬੇਪਨਾਹ ਮੁਹੱਬਤ ਹਾਸਲ ਕੀਤੀ। ਪੰਜਾਬ ਤੋਂ ਇਲਾਵਾ ਕੈਨੇਡਾ ਵਿੱਚ ਵੀ ਉਨਾਂ ਨੂੰ ਕਲਾ ਖੇਤਰ ਵਿੱਚ ਵੱਡੇ ਸਨਮਾਨ ਮਿਲ ਚੁੱਕੇ ਸਨ ਅਤੇ ਸਭ ਤੋਂ ਵੱਡਾ ਸਨਮਾਨ ਜਰਨੈਲ ਸਿੰਘ ਦਾ ਲੋਕ ਦਿਲਾਂ ਵਿੱਚ ਸਤਿਕਾਰ ਸੀ। ਆਪ ਨੂੰ ਕੈਨੇਡਾ ਸਰਕਾਰ ਵੱਲੋਂ ਕੁਇਨ ਅਲੈਜ਼ਾਬਿਥ ਡਾਇਮੰਡ ਜੁਬਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ, ਗਦਰੀ ਬਾਬਿਆਂ ਦੇ ਮੇਲੇ ਅਤੇ ਸਰੀ ਆਰਟਸ ਕੌਂਸਲ ਵੱਲੋਂ ਵੀ ਵਿਸ਼ੇਸ਼ ਅਵਾਰਡ ਦਿੱਤੇ ਗਏ। ਬੀਸੀ ਸਿੱਖ ਕੌਂਸਲ, ਕੈਨੇਡਾ ਵੱਲੋਂ ਸੰਨ 2001 ਵਿੱਚ ਕੌਮਾਂਤਰੀ ਸਿੱਖ ਕਾਨਫਰੰਸ ਮੌਕੇ ਉਹਨਾਂ ਨੂੰ ਵਿਸ਼ੇਸ਼ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਸਰਦਾਰ ਜਰਨੈਲ ਸਿੰਘ ਦਾ ਵਿਛੋੜਾ ਦਰਦਨਾਕ ਹੈ। ਵਾਹਿਗੁਰੂ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ!

Leave a Reply

Your email address will not be published. Required fields are marked *