ਸਰੀ ( ਪ੍ਰਭਜੋਤ ਕਾਹਲੋਂ)-. – ਸਰੀ ਸ਼ਹਿਰ ਵੱਲੋਂ, ਅਲਜ਼ਾਈਮਰ ਸੋਸਾਇਟੀ ਆਫ਼ ਬੀਸੀ ਨਾਲ ਭਾਈਵਾਲੀ ਕਰਕੇ 8 ਫਰਵਰੀ, 2025 ਨੂੰ ਸਾਊਥ ਏਸ਼ੀਆਈ ਡਿਮੇਨਸ਼ੀਆ ਫੋਰਮ ਦੀ ਮੇਜ਼ਬਾਨੀ ਕੀਤੀ ਗਈ। ਸਿਟੀ ਹਾਲ ਸੈਂਟਰ ਸਟੇਜ ਵਿਖੇ ਆਯੋਜਿਤ ਫੋਰਮ ਨੇ ਡਿਮੇਨਸ਼ੀਆ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਵੱਖ-ਵੱਖ ਭਾਸ਼ਾ ਵਿੱਚ ਜ਼ਰੂਰੀ ਸਿੱਖਿਆ, ਸਰੋਤ ਅਤੇ ਸਹਾਇਤਾ ਪ੍ਰਦਾਨ ਕੀਤੀ। ਇਸ ਸਾਲ ਦੇ ਸਮਾਗਮ ਦੀ ਇੱਕ ਵਿਸ਼ੇਸ਼ਤਾ ਸਿਟੀ ਵੱਲੋਂ, ਸਰੀ ਵਿੱਚ ਸਿਹਤਮੰਦ ਅਤੇ ਫ਼ੁਰਤੀਲਾ ਬੁਢਾਪਾ ਗਾਈਡ (Healthy Active Aging Guide ) ਪੰਜਾਬੀ ਵਿੱਚ ਜਾਰੀ ਕਰਨਾ ਸੀ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਵਿੱਚ ਸੀਨੀਅਰ ਨਾਗਰਿਕਾਂ ਅਤੇ ਉਨ੍ਹਾਂ ਦੇ ਪਿਆਰਿਆਂ ਦੀ ਮੱਦਦ ਲਈ, ਸਾਊਥ ਏਸ਼ੀਆਈ ਡਿਮੇਨਸ਼ੀਆ ਫੋਰਮ ਵਰਗੇ ਸਮਾਗਮ, ਵਿਲੱਖਣ ਭੂਮਿਕਾ ਨਿਭਾਉਂਦੇ ਹਨ। ਸ਼ਹਿਰ ਵਿੱਚ ਉਪਲੱਬਧ ਸੇਵਾਵਾਂ ਤੱਕ ਵੱਧ ਤੋਂ ਵੱਧ ਲੋਕ ਪਹੁੰਚ ਕਰ ਸਕਣ, ਇਸ ਸਾਲ ਦੇ ਇਸ ਸਮਾਗਮ ਵਿੱਚ ਸਿਟੀ ਦੀ ਹੈਲਦੀ ਐਕਟਿਵ ਏਜਿੰਗ ਗਾਈਡ ਪੰਜਾਬੀ ਵਿੱਚ ਲਾਂਚ ਕੀਤੀ ਗਈ ਸੀ। ਪੰਜਾਬੀ ਭਾਸ਼ਾ ਵਿੱਚ ਇਹ ਸਰੋਤ ਪ੍ਰਦਾਨ ਕਰਨਾ ਸਿਟੀ ਦੀ ਬਹੁ -ਭਾਸ਼ਾਈ ਸੰਚਾਰ ਨੀਤੀ ਦਾ ਹਿੱਸਾ ਹੈ, ਜਿਸ ਨੂੰ ਕੌਂਸਲ ਨੇ 2024 ਵਿੱਚ ਮਨਜ਼ੂਰੀ ਦਿੱਤੀ ਸੀ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਜ਼ੁਬਾਨ ਵਿੱਚ ਉਹ ਜਾਣਕਾਰੀ ਮਿਲੇ, ਜੋ ਉਨ੍ਹਾਂ ਨੂੰ ਉਮਰ ਦੇ ਅਨੁਸਾਰ ਆਪਣੀ ਸਿਹਤ ਨੂੰ ਵਧੀਆ ਬਣਾਈ ਰੱਖਣ ਲਈ ਲੋੜੀਂਦੀ ਹੈ।
ਸਿਹਤਮੰਦ ਅਤੇ ਫੁਰਤੀਲਾ ਬੁਢਾਪਾ ਗਾਈਡ, ਸਰੀ ਵਿੱਚ ਸੁਰੱਖਿਆ, ਤਕਨਾਲੋਜੀ, ਆਵਾਜਾਈ, ਘਰੇਲੂ ਸੰਭਾਲ ਪ੍ਰੋਗਰਾਮਾਂ, ਦੇਖਭਾਲ ਅਤੇ ਮਨੋਰੰਜਨ ਦੇ ਮੌਕਿਆਂ ਬਾਰੇ ਮਹੱਤਵਪੂਰਨ ਸੰਪਰਕ ਨੰਬਰ, ਨਕਸ਼ੇ ਅਤੇ ਜਾਣਕਾਰੀ ਦੀ ਪੇਸ਼ਕਸ਼ ਕਰਦੀ ਹੈ। ਇਹ ਗਾਈਡ ਆਨਲਾਈਨ ਵੀ ਉਪਲਬਧ ਹੈ ਜਾਂ ਸਿਟੀ ਹਾਲ ਅਤੇ ਕਿਸੇ ਵੀ ਸਰੀ ਦੀ ਲਾਇਬ੍ਰੇਰੀ ਵਿੱਚ ਜਾ ਕੇ ਵੀ ਲਈ ਜਾ ਸਕਦੀ ਹੈ। ਸਿਹਤਮੰਦ ਅਤੇ ਫ਼ੁਰਤੀਲਾ ਬੁਢਾਪਾ ਗਾਈਡ ਦੀ ਪੰਜਾਬੀ ਕਾਪੀ ਇੱਥੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਅਲਜ਼ਾਈਮਰ ਸੋਸਾਇਟੀ ਆਫ਼ ਬੀਸੀ ਦੀ ਸਹਾਇਤਾ ਅਤੇ ਸਿੱਖਿਆ ਕੋਆਰਡੀਨੇਟਰ ਜੋਤੀ ਸੰਧੂ ਨੇ ਕਿਹਾ,” ਸਰੀ ਸ਼ਹਿਰ ਅਤੇ ਸਪਾਂਸਰ ਗੌਲਿੰਗ ਡਬਲਯੂ ਐਲ ਜੀ (Gowling WLG ) ਦੀ ਭਾਈਵਾਲੀ ਸਦਕਾ, ਇਸ ਫੋਰਮ ਨੂੰ ਵੱਡੀ ਸਫਲਤਾ ਮਿਲੀ ਹੈ। “ਭਾਈਚਾਰੇ ਦੇ ਮੈਂਬਰਾਂ ਨੂੰ ਅਜਿਹੇ ਮਹੱਤਵਪੂਰਨ ਮੁੱਦਿਆਂ ਇਕੱਠੇ ਹੋ ਗੱਲਬਾਤ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਜੋ ਇਸ ਸਬੰਧੀ ਨਮੋਸ਼ੀ ਦੇ ਕਲੰਕ ਨੂੰ ਮਿਟਾ ਸਕੀਏ ਅਤੇ ਪਰਿਵਾਰਾਂ ਨੂੰ ਦਿਖਾ ਸਕੀਏ ਕਿ ਡਿਮੇਨਸ਼ੀਆ ਵਰਗੀ ਅਲਾਮਤ ‘ਚ ਉਹ ਇਕੱਲੇ ਨਹੀਂ ਹਨ”।
ਮਾਹਿਰ ਬੁਲਾਰਿਆਂ ਤੋਂ ਇਲਾਵਾ ਉੱਥੇ ਪਹੁੰਚੇ ਲੋਕਾਂ ਨੂੰ, ਡਿਮੇਨਸ਼ੀਆ ਸਹਾਇਤਾ ਮੁਹੱਈਆ ਕਰਨ ਵਾਲੀਆਂ ਸਥਾਨਕ ਸੰਸਥਾਵਾਂ ਨਾਲ ਜੁੜਨ ਦਾ ਮੌਕਾ ਮਿਲਿਆ, ਜਿਸ ਨਾਲ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਭਾਈਚਾਰੇ ਵਿੱਚ ਇਸ ਬਾਰੇ ਖੁੱਲ ਕੇ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਫੋਰਮ ਨੇ ਪੰਜਾਬੀ ਵਿੱਚ ਅਨੁਵਾਦ ਅਤੇ ਵਿਆਖਿਆ ਸੇਵਾਵਾਂ ਵੀ ਪ੍ਰਦਾਨ ਕੀਤੀਆਂ, ਤਾਂ ਜੋ ਉਕਤ ਭਾਸ਼ਾ ਪਿਛੋਕੜ ਦੇ ਪਰਿਵਾਰਾਂ ਲਈ ਮਹੱਤਵਪੂਰਨ ਜਾਣਕਾਰੀ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਇਆ ਜਾਵੇ।
ਸਰੀ ਸ਼ਹਿਰ, ਵਡੇਰੀ ਉਮਰ ਦੇ ਵਿਅਕਤੀਆਂ ਲਈ ਸਹਾਇਕ ਅਤੇ ਸਮਾਵੇਸ਼ੀ ਵਾਤਾਵਰਨ ਬਣਾਉਣ ਲਈ ਸਮਰਪਿਤ ਹੈ। ਇਹ ਗਾਈਡ ਅਤੇ ਅਜਿਹੇ ਫੋਰਮ, ਭਾਈਚਾਰੇ ਦੀ ਸ਼ਮੂਲੀਅਤ ਅਤੇ ਆਦਰਸ਼ ਨੀਤੀਆਂ ਤੇ ਆਧਾਰਤ, ਉਮਰ-ਅਨੁਕੂਲ ਸਹਾਇਤਾ ਪ੍ਰਦਾਨ ਕਰਦੇ ਹਨ। ਇਸ ਬਾਰੇ ਹੋਰ ਜਾਣਨ surrey.ca/seniors ‘ਤੇ ਜਾਵੋ।