Headlines

ਸਰੀ ਮੇਅਰ ਬਰੈਂਡਾ ਲੌਕ ਨੇ ਅਮਰੀਕੀ ਕੰਪਨੀ ਨਾਲ ਪ੍ਰਸਤਾਵਿਤ ਸਮਝੌਤਾ ਰੱਦ ਕੀਤਾ

ਸਰੀ ( ਪ੍ਰਭਜੋਤ ਕਾਹਲੋਂ)-.- ਮੇਅਰ ਬਰੈਂਡਾ ਲੌਕ ਨੇ ਸਰੀ ਸਿਟੀ ਦੀ ਬੀਤੀ ਰੈਗੂਲਰ ਕੌਂਸਲ ਮੀਟਿੰਗ ਦੌਰਾਨ, ਵਿਚਾਰੀ ਜਾਣ ਵਾਲੀ ਇੱਕ ਕਾਰਪੋਰੇਟ ਰਿਪੋਰਟ ਵਾਪਸ ਲੈਣ ਦਾ ਐਲਾਨ ਕੀਤਾ ਸੀ । ਰਿਪੋਰਟ ਵਿੱਚ ਥਾਂ ਬਦਲ ਕੇ ਰੱਖੇ ਜਾਣ ਵਾਲੇ ਵੱਡੇ ਬੈਂਚਾਂ (Mobile Towable Bleachers ) ਦੇ ਨਿਰਮਾਣ ਅਤੇ ਡਿਲਿਵਰੀ ਲਈ ਪ੍ਰਸਤਾਵਿਤ $ 740,000 ਦਾ ਇਕਰਾਰਨਾਮਾ ਸ਼ਾਮਲ ਸੀ , ਜੋ ਮੁੱਖ ਤੌਰ ‘ਤੇ ਇੱਕ ਅਮਰੀਕੀ ਕੰਪਨੀ ਨਾਲ ਕੀਤਾ ਗਿਆ ਸੀ । ਇਹ ਫ਼ੈਸਲਾ ਕੈਨੇਡੀਅਨ ਅਰਥਵਿਵਸਥਾ ਲਈ ਖ਼ਤਰਾ ਪੈਦਾ ਕਰਨ ਵਾਲੇ ਸੰਭਾਵੀ ਅਮਰੀਕੀ ਟੈਰਿਫਾਂ ਬਾਰੇ ਵਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਅਮਰੀਕੀ ਟੈਰਿਫ਼ ਨੂੰ ਲੈ ਕੇ ਚੱਲ ਰਹੀ ਅਨਿਸ਼ਚਿਤਤਾ ਦੇ ਮੱਦੇਨਜ਼ਰ, ਇਹ ਜ਼ਰੂਰੀ ਹੈ ਕਿ ਅਸੀਂ ਕੈਨੇਡਾ ਦੇ ਹਿੱਤਾਂ ਦੀ ਰੱਖਿਆ ਲਈ ਤੁਰੰਤ ਕਾਰਵਾਈ ਕਰੀਏ”। ਉਨ੍ਹਾਂ ਕਿਹਾ ਕਿ ਇਨ੍ਹਾਂ ਟੈਰਿਫਾਂ ਦੇ ਸੰਭਾਵੀ ਖ਼ਤਰਿਆਂ ਨੂੰ ਦੇਖਦੇ ਹੋਏ, ਮੈਂ ਬੁਨਿਆਦੀ ਢਾਂਚੇ ‘ਚ ਸੁਧਾਰ ਲਈ ਆਪਣੇ ਸਰੋਤਾਂ ਦਾ ਮੁੜ ਮੁਲਾਂਕਣ ਕਰਨ ਦਾ ਫ਼ੈਸਲਾ ਕੀਤਾ ਹੈ। ਅਜੇਹੀ ਚੁਣੌਤੀਪੂਰਨ ਸਥਿਤੀ ਕੈਨੇਡੀਅਨ ਨੌਕਰੀਆਂ ਨੂੰ ਤਰਜੀਹ ਦੇਣ, ਸਥਾਨਕ ਕਾਰੋਬਾਰਾਂ ਨੂੰ ਮਜ਼ਬੂਤ ਕਰਨ ਅਤੇ ਸਾਡੇ ਭਾਈਚਾਰਿਆਂ ਦੀ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ।

ਲੌਕ ਨੇ ਦੱਸਿਆ ਕਿ,  “2020 ਤੋਂ ਲੈ ਕੇ ਹੁਣ ਤੱਕ, ਸਰੀ ਸ਼ਹਿਰ ਦੀ 99% ਤੋਂ ਵੱਧ ਖ਼ਰੀਦਦਾਰੀ ਕੈਨੇਡੀਅਨ ਕੰਪਨੀਆਂ ਤੋਂ ਕੀਤੀ ਗਈ ਹੈ, ਜਦਕਿ ਸਿਰਫ਼ 0.58% ਅਮਰੀਕੀ ਕੰਪਨੀਆਂ ਤੋਂ ਹੈ। ਹਾਲਾਂਕਿ, ਅਸੀਂ ਮੰਨਦੇ ਹਾਂ ਕਿ ਅਸੀਂ ਹੋਰ ਵੀ ਵੱਧ ਕਰ ਸਕਦੇ ਹਾਂ ਅਤੇ ਕਰਨਾ ਚਾਹੀਦਾ ਹੈ। ਸਰੀ ਸ਼ਹਿਰ ਕੈਨੇਡੀਅਨ ਹਿੱਤਾਂ ਦੀ ਰਾਖੀ ਕਰਨ ਅਤੇ ਆਪਣੇ ਦੇਸ਼ ਦੇ ਹੱਕ ਵਿੱਚ ਖੜ੍ਹਾ ਰਹਿਣ ਲਈ ਵਚਨਬੱਧ ਹੈ”।

ਇਸ ਖ਼ਾਸ ਇਕਰਾਰਨਾਮੇ ਲਈ ਸਹਿਮਤੀ ਦੀ ਬੇਨਤੀ 6 ਦਸੰਬਰ, 2024 ਨੂੰ ਕੀਤੀ ਗਈ ਸੀ।

ਸਰੀ ਸ਼ਹਿਰ ਪੂਰੀ ਪਾਰਦਰਸ਼ਤਾ ਅਤੇ ਨਿਰਪੱਖ ਮੁਕਾਬਲੇ ਲਈ ਵਚਨਬੱਧ ਹੈ, ਪਰ ਵਧਦੇ ਹੋਏ ਵਪਾਰਕ ਹਾਲਾਤ ਸਾਨੂੰ ਆਪਣੀਆਂ ਖ਼ਰੀਦਦਾਰੀ ਯੋਜਨਾਵਾਂ ਦੀ ਮੁੜ-ਸਮੀਖਿਆ ਕਰਨ ਲਈ ਮਜਬੂਰ ਕਰ ਰਹੇ ਹਨ, ਤਾਂ ਕਿ ਸਥਾਨਕ ਨੌਕਰੀਆਂ

ਦੀ ਰੱਖਿਆ ਕੀਤੀ ਜਾ ਸਕੇ ਅਤੇ ਕੈਨੇਡੀਅਨ ਵਪਾਰਾਂ ਨੂੰ ਸਮਰਥਨ ਮਿਲ ਸਕੇ। ਸਟਾਫ਼ ਵਰਤਮਾਨ ਹਾਲਾਤ ਨੂੰ ਵੇਖਦੇ ਹੋਏ ਖ਼ਰੀਦਦਾਰੀ ਨੀਤੀਆਂ ਦੀ ਸਮੀਖਿਆ ਕਰ ਰਿਹਾ ਹੈ ਅਤੇ ਅਮਰੀਕੀ ਟੈਰੀਫ਼ਾਂ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਉਪਲਬਧ ਵਿਕਲਪਾਂ ‘ਤੇ ਵਿਚਾਰ ਕਰਨਗੇ।

Leave a Reply

Your email address will not be published. Required fields are marked *