ਹੁਸ਼ਿਆਰਪੁਰ- ਬੀਤੇ ਦਿਨੀਂ ਕੈਲਗਰੀ ਨਿਵਾਸੀ ਸ ਦਿਲਬਾਗ ਸਿੰਘ ਤੇ ਜਸਪਾਲ ਸਿੰਘ ਦੁੱਲਟ ਦੇ ਮਾਤਾ ਬਖਸ਼ੀਸ਼ ਕੌਰ ਅਤੇ ਪਿਤਾ ਸ ਸਰਵਣ ਸਿੰਘ ਦੁੱਲਟ ਤੇ ਕੈਲਗਰੀ ਨਿਵਾਸੀ ਉਘੇ ਬਿਜਨਸਮੈਨ ਸ ਅਮਰਪ੍ਰੀਤ ਸਿੰਘ ਬੈਂਸ ਦੀ ਪਤਨੀ ਬੀਬਾ ਮਨਜਿੰਦਰ ਕੌਰ ਬੈਂਸ ਦੇ ਮਾਤਾ ਪਿਤਾ ਜੋ ਬੀਤੇ ਦਿਨੀਂ ਕੈਲਗਰੀ ਵਿਖੇ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਗ੍ਰਹਿ ਗੋਬਿੰਦਪੁਰ ਖੁਣਖੁਣ ਵਿਖੇ ਪਾਏ ਗਏ ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਰਾਗੀ ਸੁਲਤਾਨ ਸਿਘ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਤੇ ਅੰਤਿਮ ਅਰਦਾਸ ਉਪਰੰਤ ਉਘੇ ਢਾਡੀ ਭਾਈ ਤਰਲੋਚਨ ਸਿੰਘ ਭਮੱਦੀ ਨੇ ਮੰਚ ਸੰਚਾਲਨ ਕਰਦਿਆਂ ਵਿਛੜੀਆਂ ਰੂਹਾਂ ਮਾਤਾ ਬਖਸ਼ੀਸ਼ ਕੌਰ ਤੇ ਸ ਸਰਵਣ ਸਿੰਘ ਦੁੱਲਟ ਤੇ ਪਰਿਵਾਰ ਨਾਲ ਆਪਣੀ ਨਿੱਜੀ ਸਾਂਝਾਂ ਅਤੇ ਮਾਤਾ ਪਿਤਾ ਵਲੋਂ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਚੰਗੇ ਸੰਸਕਾਰ ਦੇਣ ਅਤੇ ਸਮਾਜ ਪ੍ਰਤੀ ਪਰਿਵਾਰ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਸੰਗਤਾਂ ਨਾਲ ਸਾਂਝ ਪਾਈ। ਇਸ ਮੌਕੇ ਉਘੇ ਅਕਾਲੀ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਵੀ ਬਜੁਰਗਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬਜੁਰਗਾਂ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਰਿਸ਼ਤੇਦਾਰਾਂ ਤੇ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਰਿਵਾਰ ਦੇ ਮੁਖੀ ਸ ਦਿਲਬਾਗ ਸਿੰਘ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਲਈ ਇਕ ਲੱਖ ਰੁਪਏ, ਗੁਰੂ ਰਵਿਦਾਸ ਮੰਦਿਰ ਲਈ 50 ਹਜ਼ਾਰ ਰੁਪਏ, ਪਿੰਡ ਦੇ ਸਕੂਲ ਲਈ 21 ਹਜ਼ਾਰ ਰੁਪਏ ਤੇ ਪਿੰਡ ਦੀ ਡਿਸਪੈਂਸਰੀ ਲਈ 11 ਹਜ਼ਾਰ ਰੁਪਏ ਭੇਟ ਕੀਤੇ। ਆਈ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਪਰਿਵਾਰ ਵਲੋਂ ਸ ਅਮਰਪ੍ਰੀਤ ਸਿੰਘ ਬੈਂਸ, ਜਸਪਾਲ ਸਿੰਘ ਦੁੱਲਟ ਤੇ ਮਨਿੰਦਰ ਸਿੰਘ ਨੇ ਆਈਆਂ ਸੰਗਤਾਂ, ਰਿਸ਼ਤੇਦਾਰਾਂ ਤੇ ਸਨੇਹੀਆਂ ਦਾ ਧੰਨਵਾਦ ਕੀਤਾ।
ਕੈਲਗਰੀ ਨਿਵਾਸੀ ਸਰਵਣ ਸਿੰਘ ਦੁੱਲਟ ਤੇ ਮਾਤਾ ਬਖਸ਼ੀਸ਼ ਕੌਰ ਨਮਿਤ ਪਿੰਡ ਗੋਬਿੰਦਪੁਰ ਖੁਣਖੁਣ ਵਿਖੇ ਭੋਗ ਤੇ ਸ਼ਰਧਾਂਜਲੀ ਸਮਾਗਮ
![](https://deshpardes.ca/wp-content/uploads/2025/02/ਭੋਗ.jpg)