Headlines

ਸੰਪਾਦਕੀ- ਟਰੰਪ ਟੈਰਿਫ ਦਾ ਤਾਂਡਵ ਤੇ ਖਤਰਨਾਕ ਮਨਸੂਬਿਆਂ ਤੋਂ ਕੈਨੇਡਾ ਨੂੰ ਸੁਚੇਤ ਰਹਿਣ ਦੀ ਲੋੜ

-ਸੁਖਵਿੰਦਰ ਸਿੰਘ ਚੋਹਲਾ-

ਅਮਰੀਕੀ ਰਾਸ਼ਟਰਪਤੀ ਟਰੰਪ ਦਾ ਟੈਰਿਫ ਤਾਂਡਵ ਡੁੱਗਡੁਗੀ ਦੀ ਤਾਲ ਫੜਨ ਲੱਗਾ ਹੈ। ਉਸਦੇ ਕਾਰ ਵਿਹਾਰ ਦੀਆਂ ਤਣੀਆਂ ਭਵਾਂ ਤੇ ‘ਕਦਮਾਂ ‘ ਦੀ ਧਮਕ ਨੇ ਕੈਨੇਡਾ ਤੇ ਮੈਕਸੀਕੋ ਸਮੇਤ ਪੂਰੇ ਵਿਸ਼ਵ ਨੂੰ ਸੁੱਕਣੇ ਪਾ ਰੱਖਿਆ ਹੈ। ਵਿਸ਼ਵ ਦੇ ਹੋਰ ਮੁਲਕਾਂ ਪ੍ਰਤੀ ਉਸਦਾ ਜੋ ਵੀ ਵਤੀਰਾ ਹੋਵੇ ਪਰ ਆਪਣੇ ਸਭ ਤੋਂ ਨੇੜਲੇ ਤੇ ਵਿਸ਼ਵ ਰਾਜਨੀਤੀ ਵਿਚ ਹਮੇਸ਼ਾਂ ਸਹਿਯੋਗੀ ਰਹੇ ਕੈਨੇਡਾ ਪ੍ਰਤੀ ਵਿਵਹਾਰ ਚਿੰਤਾਜਨਕ ਹੈ। ਟਰੰਪ ਵਾਰ-ਵਾਰ ਕੈਨੇਡਾ ਤੇ ਕੈਨੇਡੀਅਨ ਆਗੂਆਂ ਨੂੰ ਟਿੱਚਰਾਂ ਕਰਦੇ ਵਿਖਾਈ ਦਿੰਦੇ ਹਨ। ਉਹਨਾਂ ਵਲੋਂ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਕੇ 51ਵਾਂ ਸੂਬਾ ਬਣਾਉਣ ਦੀਆਂ ਸਲਾਹਾਂ ਤੇ ਮੱਤਾਂ ਲਗਾਤਾਰ ਜਾਰੀ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਤੇ ਹੋਰ ਆਗੂਆਂ ਵਲੋਂ ਉਹਨਾਂ ਦੁਆਰਾ ਲਗਾਤਾਰ ਲਗਾਈਆਂ ਜਾ ਰਹੀਆਂ ਸ਼ਰਤਾਂ ਤਹਿਤ ਸਰਹੱਦ ਦੀ ਰਾਖੀ ਦੇ ਪੁਖਤਾ ਪ੍ਰਬੰਧ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਉਪਰਾਲਿਆਂ ਦੇ ਬਾਵਜੂਦ ਉਹਨਾਂ ਨੇ ਕੈਨੇਡੀਅਨ ਸਟੀਲ ਤੇ ਐਲਮੀਨੀਅਮ ਉਪਰ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਵਿਸ਼ਵ ਭਰ ਦੇ ਮੁਲਕਾਂ ਸਮੇਤ ਕੈਨੇਡਾ ਅਤੇ ਮੈਕਸੀਕੋ ਉਪਰ ਵੀ ਬਦਲਵੇਂ ਟੈਰਿਫ ਲਗਾਉਣ ਲਈ ਸਮੀਖਿਆ ਦਾ ਕੰਮ ਸੌਂਪ ਦਿੱਤਾ ਹੈ। ਬਦਲਵੇਂ  ਜਾਂ ਪ੍ਰਸਪਰ ਟੈਰਿਫ ਨੂੰ ਬਦਲਾਲਊ ਟੈਕਸ ਕਹਿਣਾ ਸ਼ਾਇਦ ਜਿਆਦਾ ਮੁਨਾਸਿਬ ਹੈ।ਵਾਈਟ ਹਾਉਸ ਦਾ ਮੰਨਣਾ ਹੈ ਕਿ ਬਹੁਤ ਸਾਰੇ ਮੁਲਕ ਅਮਰੀਕਨ ਵਸਤਾਂ ਉਪਰ ਬੇਲੋੜਾ ਟੈਕਸ ਲਗਾ ਰਹੇ ਹਨ। ਅਮਰੀਕਾ ਦੀਆਂ ਵੱਡੀਆਂ ਡਿਜੀਟਲ ਕੰਪਨੀਆਂ ਉਪਰ ਕੈਨੇਡਾ ਅਤੇ ਫਰਾਂਸ ਵਲੋਂ ਭਾਰੀ ਟੈਕਸ ਵਸੂਲ ਕੀਤੇ ਜਾਣ ਤੇ ਇਤਰਾਜ਼ ਪ੍ਰਗਟਾਏ ਗਏ ਹਨ। ਦਾਅਵਾ ਹੈ ਕਿ ਅਮਰੀਕੀ ਡਿਜੀਟਲ ਕੰਪਨੀਆਂ ਜਿਵੇਂ ਐਮਾਜਾਨ, ਗੂਗਲ,ਨੈਟਫਲਿਕਸ ਅਤੇ ਸਪੌਟੀਫਾਈ ਸ਼ਾਮਿਲ ਹਨ ਉਪਰ ਭਾਰੀ ਟੈਕਸ ਲਗਾਕੇ ਕੈਨੇਡਾ ਤੇ ਫਰਾਂਸ ਲਗਪਗ 500 ਮਿਲੀਅਨ ਡਾਲਰ ਕਮਾ ਰਹੇ ਹਨ। ਵਾਈਟ ਹਾਉਸ ਦਾ ਕਹਿਣਾ ਹੈ ਕਿ ਅਮਰੀਕਨ ਕੰਪਨੀਆਂ ਨੂੰ ਅਜਿਹੇ ਟੈਕਸਾਂ ਕਾਰਣ ਭਾਰੀ ਨੁਕਸਾਨ ਪੁੱਜ ਰਿਹਾ ਹੈ।

ਟਰੰਪ ਵਲੋਂ ਆਪਣੇ ਪ੍ਰਸ਼ਾਸਨ ਨੂੰ ਬਦਲਵੇਂ ਟੈਕਸਾਂ ਵਿਚ ਕੈਨੇਡਾ ਵਿਚ ਵਿਦੇਸ਼ੀ-ਅਸੈਂਬਲਡ ਆਟੋਮੋਬਾਈਲਜ਼ ਨੂੰ ਵੀ ਸ਼ਾਮਿਲ ਕੀਤੇ ਜਾਣ ਦੀ ਚਰਚਾ ਹੈ। ਬੀਤੇ ਹਫਤੇ ਉਹਨਾਂ ਇਕ ਨਿਊਜ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ  ਉਹ 50 ਤੋਂ 100 ਪ੍ਰਤੀਸ਼ਤ ਤੱਕ ਕੈਨੇਡਾ ਵਿਚ ਬਣੀਆਂ ਕਾਰਾਂ ‘ਤੇ ਲੇਵੀ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਉਹਨਾਂ ਸਪੱਸ਼ਟ ਕਿਹਾ ਹੈ ਕਿ ਸਾਨੂੰ ਕੈਨੇਡਾ ਦੀਆਂ ਕਾਰਾਂ ਦੀ ਕੋਈ ਲੋੜ ਨਹੀ। ਜੇਕਰ ਸਾਡਾ ਕੈਨੇਡਾ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਉਹ ਕੈਨੇਡਾ ਵਿਚ ਅਸੈਂਬਲਡ ਕਾਰਾਂ ਉਪਰ 50 ਤੋਂ 100 ਪ੍ਰਤੀਸ਼ਤ ਟੈਰਿਫ ਲਗਾਉਣਗੇ। ਜਿਕਰਯੋਗ ਹੈ ਕਿ ਕੈਨੇਡਾ ਵਿਚ ਡੌਜ, ਕ੍ਰਿਸਲਰ ਤੋਂ ਇਲਾਵਾ ਰੈਵ 4, ਫੋਰਡ, ਹਾਂਡਾ  ਵਗੈਰਾ ਕੰਪਨੀਆਂ ਦੀਆਂ ਕਾਰਾਂ ਬਣਦੀਆਂ ਤੇ ਅਸੈਂਬਲਡ ਹੁੰਦੀਆਂ ਹਨ ਜੋ ਵੱਡੇ ਪੱਧਰ ਤੇ ਨਾਰਥ ਅਮਰੀਕਾ ਵਿਚ ਸਪਲਾਈ ਹੁੰਦੀਆਂ ਹਨ। ਟਰੰਪ ਆਪਣੀ ਗੱਲਬਾਤ ਵਿਚ ਵਾਰ ਵਾਰ ਕੈਨੇਡਾ ਦਾ ਜ਼ਿਕਰ ਕਰਦੇ ਹਨ ਤੇ ਕਹਿ ਰਹੇ ਹਨ ਕਿ ਕੈਨੇਡੀਅਨ ਵਪਾਰ ਅਮਰੀਕਾ ਲਈ ਘਾਟੇਵੰਦਾ ਹੈ  ਪਰ ਹੁਣ ਕੈਨੇਡਾ ਨੂੰ ਇਸਦਾ ਖਮਿਆਜ਼ਾ ਭਰਨਾ ਪਵੇਗਾ।  ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਨਾਟੋ ਭਾਈਵਾਲੀ ਵਿਚ ਵੀ ਡਿਫੈਂਸ ਉਪਰ ਘੱਟ ਖਰਚ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਸਪੱਸ਼ਟ ਕਿਹਾ ਹੈ ਕਿ ਕੈਨੇਡਾ ਆਪਣੇ ਕੁੱਲ ਘਰੇਲੂ ਉਤਪਾਦ ਦਾ 2 ਪ੍ਰਤੀਸ਼ਤ ਨਾਟੋ ਫੌਜੀ ਗਠਜੋੜ ਦੇ ਰੱਖਿਆ ਖਰਚ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ ਜਦੋਂਕਿ  ਅਮਰੀਕਾ ਉਹਨਾਂ ਦੀ ਰੱਖਿਆ ਕਰ ਰਿਹਾ ਹੈ। ਪਰ ਨਾਲ ਹੀ ਉਹਨਾਂ ਤਨਜ਼ ਵੀ ਕੀਤਾ ਹੈ ਕਿ ਜੇ ਨਿਰਪੱਖ ਹੋਕੇ ਕੈਨੇਡਾ ਆਪਣਾ ਰੱਖਿਆ ਖਰਚਾ ਉਠਾਵੇ ਤਾਂ ਸ਼ਾਇਦ ਉਹ ਇਕ ਮੁਲਕ ਵਜੋਂ ਆਪਣੀ ਹੋਂਦ ਵੀ ਬਚਾ ਨਹੀ ਸਕਦਾ। ਇਸ ਲਈ ਉਹਨਾਂ ਦਾ ਸੁਝਾਅ ਹੈ ਕਿ ਕੈਨੇਡਾ ਨੂੰ ਅਮਰੀਕਾ ਦਾ ਇਕ ਰਾਜ ਬਣ ਚਾਹੀਦਾ ਹੈ। ਕੈਨੇਡਾ ਨੇ ਨਾਟੋ ਭਾਈਵਾਲੀ ਵਿਚ 2032 ਤੱਕ 2-ਫੀਸਦੀ ਦੇ ਟੀਚੇ ਨੂੰ ਪੂਰਾ ਕਰਨ ਦਾ ਵਾਅਦਾ ਕਰ ਰੱਖਿਆ ਹੈ।

ਰਾਸ਼ਟਰਪਤੀ ਟਰੰਪ ਵਲੋਂ ਤਾਜ਼ਾ ਬਦਲਵੇਂ ਟੈਰਿਫ ਸਬੰਧੀ ਐਲਾਨ ਤੋਂ ਬਾਦ ਪਹਿਲਾਂ ਹੀ ਪ੍ਰੇਸ਼ਾਨ ਕੈਨੇਡਾ ਸਾਹਮਣੇ ਹੋਰ ਚੁਣੌਤੀਆਂ ਆਣ ਖੜੀਆਂ ਹੋਈਆਂ ਹਨ। ਟਰੰਪ ਵਲੋਂ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਉਪਰ 25 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਐਲਾਨ ਦੇ ਨਾਲ ਹੁਣ ਕੈਨੇਡੀਅਨ ਵਪਾਰ ਦੀਆਂ ਆਧਾਰ ਵਸਤਾਂ ਉਪਰ ਵੀ ਟੈਕਸਾਂ ਦਾ ਤਲਵਾਰ ਲਟਕ ਗਈ ਹੈ।

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਦਾ ਯੋਜਨਾਬੱਧ ਪਰਸਪਰ ਟੈਰਿਫ ਉਹਨਾਂ ਦੀ ਚੋਣ ਮੁਹਿੰਮ ਦੇ ਉਸ ਵਾਅਦੇ ਤਹਿਤ ਹੈ ਜੋ ਉਸਨੇ ਉਹਨਾਂ ਦੇਸ਼ਾਂ ਦੇ ਵਿਰੁੱਧ ਬਦਲਾ ਲੈਣ ਲਈ ਕੀਤਾ ਸੀ ਜੋ ਅਮਰੀਕੀ ਆਯਾਤ ‘ਤੇ ਵਾਧੂ ਟੈਕਸ ਲਗਾਉਂਦੇ ਹਨ।

ਇਹ ਕਾਊਂਟਰ ਟੈਰਿਫ ਦੂਜੇ ਦੇਸ਼ਾਂ ਦੁਆਰਾ ਅਮਰੀਕਾ ‘ਤੇ ਲਗਾਈਆਂ ਗਈਆਂ ਵਪਾਰਕ ਰੁਕਾਵਟਾਂ ਦੇ ਬਦਲੇ ਵਜੋਂ ਹਨ ਜਿਹਨਾਂ ਦੇ ਵੇਰਵੇ ਆਉਣੇ ਅਜੇ ਬਾਕੀ ਹਨ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਸੰਭਾਵਿਤ ਕੈਨੇਡੀਅਨ ਟੈਕਸ ਖੇਤਰ ਵਿਚ ਫੈਡਰਲ ਡਿਜੀਟਲ ਸਰਵਿਸਿਜ਼ ਟੈਕਸ, ਵਸਤੂਆਂ ਅਤੇ ਸੇਵਾਵਾਂ ਟੈਕਸ ਅਤੇ ਇੱਥੋਂ ਤੱਕ ਕਿ ਕੈਨੇਡਾ ਦੇ ਡੇਅਰੀ, ਅੰਡੇ ਅਤੇ ਪੋਲਟਰੀ ਉਦਯੋਗ ਵੀ ਸ਼ਾਮਲ ਹੋ ਸਕਦੇ ਹਨ।

ਕੈਨੇਡਾ ਭਾਵੇਂਕਿ ਪਹਿਲਾਂ ਹੀ ਟਰੰਪ ਟੈਰਿਫ ਦੀਆਂ ਤਿਆਰੀਆਂ ਅਤੇ ਢੁੱਕਵੇਂ ਜਵਾਬ ਲਈ ਤਿਆਰ ਹੈ। ਪ੍ਰਧਾਨ ਮੰਤਰੀ ਟਰੂਡੋ ਅਤੇ ਸੂਬਿਆਂ ਦੇ ਪ੍ਰੀਮੀਅਰਾਂ ਵਲੋਂ ਇਹਨਾਂ ਤਿਆਰੀਆਂ ਤਹਿਤ ਵਾਈਟ ਹਾਉਸ ਅਧਿਕਾਰੀਆਂ ਨਾਲ ਬਾਕਾਇਦਾ ਗੱਲਬਾਤ ਦਾ ਸਿਲਸਿਲਾ ਵੀ ਆਰੰਭਿਆ ਗਿਆ ਹੈ। ਕੈਨੇਡੀਅਨ ਪ੍ਰੀਮੀਅਰਾਂ ਦੇ ਵਫਦ ਵਲੋਂ ਵਾਈਟ ਹਾਊਸ ਦੇ ਪ੍ਰਤੀਨਿਧਾਂ ਨਾਲ ਬਾਕਾਇਦਾ ਮੁਲਾਕਾਤ ਕਰਦਿਆਂ ਦੋਵਾਂ ਮੁਲਕਾਂ ਦੇ ਇਤਿਹਾਸਕ ਸਬੰਧਾਂ ਅਤੇ ਪਰਿਵਾਰਕ ਸਾਂਝਾਂ ਦੇ ਆਧਾਰ  ਦਾ ਵਾਸਤਾ ਪਾਉਂਦਿਆਂ ਟਰੰਪ ਨੂੰ ਸਮਝਾਉਣ ਤੇ ਮਨਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਬੀਸੀ ਪ੍ਰੀਮੀਅਰ ਡੇਵਿਡ ਈਬੀ ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵਲੋਂ ਕੁਝ ਸਖਤ ਹੁੰਦਿਆਂ ਵਾਈਟ ਹਾਉਸ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਕੈਨੇਡੀਅਨ ਲੋਕ ਟਰੰਪ ਦੇ ਅਜਿਹੇ ਮਨਸੂਬਿਆਂ ਨੂੰ ਕਦੇ ਵੀ ਸਫਲ ਨਹੀ ਹੋਣ ਦੇਣਗੇ।

ਪਰ ਲੱਗਦਾ ਹੈ ਕਿ ਉਹ ਅਜੇ ਤੱਕ ਅਮਰੀਕੀ ਪ੍ਰਸ਼ਸਾਸਨ ਨੂੰ ਸਮਝਾਉਣ ਜਾਂ ਆਪਣੇ ਤਰਕ ਦਲੀਲ ਨਾਲ ਸਹਿਮਤ ਕਰਨ ਵਿਚ ਸਫਲ ਨਹੀ ਹੋ ਸਕੇ। ਟਰੰਪ ਦੇ ਰਵੱਈਏ ਅਤੇ ਤਾਜ਼ਾ ਪਰਸਪਰ ਟੈਰਿਫ ਦੇ ਐਲਾਨ ਨਾਲ ਵਿਸ਼ਵ ਟੈਰਿਫ ਜੰਗ ਸ਼ੁਰੂ ਹੋ ਚੁੱਕੀ ਹੈ। ਕੈਨੇਡਾ ਨੂੰ ਹੋਰ ਮੁਲਕਾਂ ਵਾਂਗ ਆਪਣੀਆਂ ਪੇਸ਼ਬੰਦੀਆਂ ਖੁਦ ਹੀ ਕਰਨੀਆਂ ਹੋਣਗੀਆਂ। ਟਰੰਪ ਦੇ ਤਰਲੇ ਕੱਢਣ ਨਾਲੋਂ ਬੇਹਤਰ ਇਹੀ ਹੈ ਕਿ ਕੈਨੇਡੀਅਨ ਫੈਡਰਲ ਤੇ ਸੂਬਾਈ ਸਰਕਾਰਾਂ ਆਰਥਿਕ ਮਾਹਿਰਾਂ ਦੀ ਸਲਾਹ ਨਾਲ ਨਵੇਂ ਰਸਤੇ ਤਲਾਸ਼ ਕਰਨ। ਇਹਨਾਂ ਰਸਤਿਆਂ ਵਿਚ ਕੈਨੇਡੀਅਨ ਸਰਹੱਦਾਂ ਦੀ ਰਾਖੀ ਕਰਨਾ ਵੀ ਸ਼ਾਮਿਲ ਹੈ। ਵਰਨਾ ਟਰੰਪ ਦਾ ਇਹ ਕਹਿਣਾ ਕਿ ਕੈਨੇਡਾ ਆਪਣੀ ਰੱਖਿਆ ਕਰਨ ਦੇ ਵੀ ਸਮਰੱਥ ਨਹੀ, ਉਸ ਵਲੋਂ  ਕੈਨੇਡਾ ਨੂੰ 51 ਵੀਂ ਸਟੇਟ ਬਣਾਉਣ ਦੇ ਜੁਮਲੇ ਪਿੱਛੇ ਸੱਚਾਈ ਖਤਰਨਾਕ ਮਨਸੂਬਿਆਂ ਦੀ ਗਵਾਹ ਵੀ ਹੋ ਸਕਦੀ ਹੈ।

Leave a Reply

Your email address will not be published. Required fields are marked *