Headlines

ਸਮਾਜਿਕ ਵਿਸੰਗਤੀਆਂ ਤੋਂ ਬਚਣ ਲਈ ਸਾਪੇਖੀ ਸਾਹਿਤ ਦੀ ਸਿਰਜਣਾ ਜਰੂਰੀ— ਡਾ. ਤੇਜਵੰਤ ਮਾਨ

ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਸਾਹਿਤਕ ਗੋਸ਼ਟੀ-
ਪਟਿਆਲਾ ( ਭਗਵੰਤ ਸਿੰਘ)-ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਸਮਾਜਿਕ, ਰਾਜਨੀਤਿਕ, ਆਰਥਿਕ ਪ੍ਰਸੰਗਾਂ ਬਾਰੇ ਵਿਚਾਰ ਚਰਚਾ ਕਰਨ ਲਈ ਨਿਰੰਤਰ ਕਾਰਜਸ਼ੀਲ ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਸੱਭਿਆਚਾਰ ਦੇ ਸੰਦਰਭ ਵਿੱਚ ਅਜੋਕੀਆਂ ਪੰਜਾਬੀ ਪ੍ਰਸਥਿਤੀਆਂ ਬਾਰੇ ਇੱਕ ਗੰਭੀਰ ਸਾਹਿਤਕ ਗੋਸ਼ਟੀ ਦਾ ਆਯੋਜਨ ਡਾ. ਤੇਜਵੰਤ ਮਾਨ, ਸਾਹਿਤ ਰਤਨ ਦੀ ਪ੍ਰਧਾਨਗੀ ਹੇਠ ਗਰੀਨਵੂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਧੂਰੀ ਵਿਖੇ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ ਪ੍ਰਧਾਨ, ਜੋਰਾ ਸਿੰਘ ਮੰਡੇਰ ਕੈਨੇਡਾ, ਅਨੋਖ ਸਿੰਘ ਵਿਰਕ ਅਤੇ ਡਾ. ਭਗਵੰਤ ਸਿੰਘ ਸ਼ਾਮਲ ਹੋਏ। ਅਮਰ ਗਰਗ ਕਲਮਦਾਨ ਨੇ ਪੂਰਬੀ ਦਰਸ਼ਨ ਦੇ ਪ੍ਰਸੰਗ ਵਿੱਚ ਪੇਪਰ ਪ੍ਰਸਤੁਤ ਕੀਤਾ, ਜਿਸ ਵਿੱਚ ਉਸਨੇ ਰੂਹਾਨੀਅਤ ਦੇ ਸੰਕਲਪਾਂ ਨੂੰ ਉਭਾਰਿਆ। ਬਹਿਸ ਦਾ ਅਰੰਭ ਕਰਦੇ ਹੋਏ ਨਿਹਾਲ ਸਿੰਘ ਮਾਨ ਨੇ ਗੁਰਮਤਿ ਦੇ ਆਸ਼ੇ ਅਨੁਸਾਰ ਲੇਖਕਾਂ ਨੂੰ ਸ਼ਾਵਨਵਾਦੀ ਸੋਚ ਤੋਂ ਬਚਣ ਦਾ ਸੁਨੇਹਾ ਦਿੱਤਾ। ਸੁਰਿੰਦਰ ਸ਼ਰਮਾ ਨਾਗਰਾ ਨੇ ਸੰਕੀਰਣਤਾ ਤੋਂ ਬਚਣ ਦਾ ਸੰਦੇਸ਼ ਦਿੱਤਾ। ਸੰਤ ਸਿੰਘ ਬੀਹਲਾ ਨੇ ਆਪਣੇ ਭਾਵ ਪ੍ਰਗਟ ਕਰਦੇ ਹੋਏ ਗੁਰਬਾਣੀ ਹਵਾਲੇ ਨਾਲ ਗਿਆਨ—ਹੰਕਾਰ ਦੇ ਨਾਕਾਰਤਮਕ ਪਹਿਲੂਆਂ ਨੂੰ ਦਰਸਾਇਆ। ਜੋਰਾ ਸਿੰਘ ਮੰਡੇਰ ਨੇ ਪੂਰਬੀ ਤੇ ਪੱਛਮੀ ਫਲਸਫੇ ਬਾਰੇ ਬੋਲਦੇ ਹੋਏ ਕਿਹਾ ਕਿ ਪ੍ਰਵਾਸ ਨੇ ਪੰਜਾਬ ਨੂੰ ਉਜਾੜ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸਥਿਤੀਆਂ ਨੇ ਸਾਨੂੰ ਮਜਬੂਰ ਕਰ ਦਿੱਤਾ ਹੈ। ਅਨੋਖ ਸਿੰਘ ਵਿਰਕ, ਜਗਦੀਪ ਸਿੰਘ ਗੰਧਾਰਾ, ਗੁਲਜਾਰ ਸਿੰਘ ਸ਼ੌਂਕੀ, ਗੁਰਨਾਮ ਸਿੰਘ, ਰਣਜੀਤ ਅਜ਼ਾਦ ਕਾਂਝਲਾ, ਸ਼ੇਰ ਸਿੰਘ, ਡਾ ਰਾਕੇਸ਼ ਸ਼ਰਮਾ ਨੇ ਵੀ ਚਰਚਾ ਵਿੱਚ ਭਾਗ ਲਿਆ। ਪਵਨ ਹਰਚੰਦਪੁਰੀ ਦਾ ਇਹ ਮੰਨਣਾ ਸੀ ਕਿ ਲੇਖਕਾਂ ਨੂੰ ਸਾਡੇ ਗੁਰਮਤਿ ਅਤੇ ਪੂਰਬੀ ਫਲਸਫੇ ਤੋਂ ਸੇਧ ਲੈ ਕੇ ਉਸਾਰੂ ਰਚਨਾ ਕਰਨੀ ਚਾਹੀਦੀ ਹੈ। ਡਾ. ਭਗਵੰਤ ਸਿੰਘ ਨੇ ਸਾਹਿਤ ਵਿੱਚ ਉਲਾਰੂ ਪ੍ਰਵਿਰਤੀ ਦੇ ਮਾੜੇ ਰੁਝਾਨਾਂ ਬਾਰੇ ਕਿਹਾ ਕਿ ਸਾਨੂੰ ਪੂਰਬੀ ਦਰਸ਼ਨ ਅਨੁਸਾਰ ਮਾਡਲ ਦਾ ਅਨੁਸਰਨ ਕਰਨਾ ਚਾਹੀਦਾ ਹੈ। ਡਾ. ਤੇਜਵੰਤ ਮਾਨ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਸਾਰਥਿਕ ਗੋਸ਼ਟੀਆ ਹੋਣੀਆਂ ਚਾਹੀਦੀਆਂ ਹਨ। ਸਾਹਿਤ ਨੂੰ ਸਾਪੇਖੀ ਹੋਣਾ ਚਾਹੀਦਾ ਹੈ। ਤਾਂ ਹੀ ਸਮਾਜ ਅਜੋਕੀਆਂ ਵਿਸੰਗਤੀਆਂ ਤੋਂ ਉਭਰ ਸਕੇਗਾ, ਡਾ. ਰਾਕੇਸ਼ ਸ਼ਰਮਾ ਨੇ ਪੁਰਖਲੂਸ ਅੰਦਾਜ਼ ਵਿੱਚ ਗਜ਼ਲ ਦਾ ਗਾਇਨ ਕਰਕੇ ਗੋਸ਼ਟੀ ਨੂੰ ਰਸਮਈ ਬਣਾ ਦਿੱਤਾ।
ਜਾਰੀ ਕਰਤਾ: ਡਾ. ਭਗਵੰਤ ਸਿੰਘ ਮੋ. 98148—51500

Leave a Reply

Your email address will not be published. Required fields are marked *