ਵਿਸ਼ਾ “ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾ: ਨਾਨਕ ਸਿੰਘ”
ਅੰਮ੍ਰਿਤਸਰ, 15 ਫਰਵਰੀ ( ਪਰਵੀਨ ਪੁਰੀ )- ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਹਿਯੋਗ ਸਦਕਾ ਅਤੇ ਮਾਣਯੋਗ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਤੀਜਾ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ “ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾ: ਨਾਨਕ ਸਿੰਘ” ਵਿਸ਼ੇ ਉੱਪਰ ਮਿਤੀ 18 ਫ਼ਰਵਰੀ 2025,ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਤੀਜੇ ਯਾਦਗਾਰੀ ਭਾਸ਼ਣ ਵਿਚ ਡਾ. ਜਗਬੀਰ ਸਿੰਘ ,ਚਾਂਸਲਰ ,ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਮੁੱਖ ਵਕਤਾ ਦੇ ਤੌਰ ਉੱਤੇ ਸ਼ਿਰਕਤ ਕਰਨਗੇ। ਇਸ ਯਾਦਗਾਰੀ ਭਾਸ਼ਣ ਬਾਰੇ ਜਾਣਕਾਰੀ ਦਿੰਦਿਆਂ ਮਾਣਯੋਗ ਉਪ-ਕੁਲਪਤੀ ਪ੍ਰੋ.(ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਦੇ ਪ੍ਰਬੁੱਧ ਨਾਵਲਕਾਰ ਸ. ਨਾਨਕ ਸਿੰਘ ਜੀ ਦੀਆਂ ਸਾਹਿਤਕ ਰਚਨਾਵਾਂ ਅਤੇ ਜੀਵਨ ਨਾਲ ਜੁੜੀ ਮਹੱਤਵਪੂਰਨ ਸਮੱਗਰੀ ਨੂੰ ਸਾਂਭਣ ਦੀ ਜ਼ਿੰਮੇਵਾਰੀ ਨਿਭਾ ਹੈ। ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਜੀ ਦੀਆਂ ਰਚਨਾਵਾਂ ਨੂੰ ਸਾਂਭਣ ਦਾ ਇਹ ਇਕ ਸ਼ਲਾਘਾਯੋਗ ਯਤਨ ਹੈ। ਨਾਵਲਕਾਰ ਸ. ਨਾਨਕ ਸਿੰਘ ਪੰਜਾਬੀ ਸਾਹਿਤਕ ਜਗਤ ਦੀ ਉਹ ਮਹਾਨ ਸ਼ਖਸੀਅਤ ਹਨ, ਜਿਨ੍ਹਾਂ ਨੇ ਸਮਕਾਲ ਅਤੇ ਸਰਬਕਾਲ ਦੇ ਵਿਸ਼ਿਆਂ ਨੂੰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਉਂਦਿਆਂ ਮਾਨਵਤਾ ਦੀ ਸੇਵਾ ਕੀਤੀ ਹੈ। ਪੰਜਾਬੀ ਨਾਵਲ ਨਵੀਸੀ ਵਿਚ ਨਾਨਕ ਸਿੰਘ ਦਾ ਦਰਜਾ ਪ੍ਰਥਮ ਹੈ। ਪੰਜਾਬੀ ਜ਼ੁਬਾਨ ਅਤੇ ਗਲਪ ਸਾਹਿਤ ਦੇ ਆਧੁਨਿਕ ਦੌਰ ਦੇ ਵਿਕਾਸ ਦੀ ਕਹਾਣੀ ਵਿਚ ਸ.ਨਾਨਕ ਸਿੰਘ ਦਾ ਨਾਂ ਉਚੇਚੇ ਤੌਰ ਉੱਤੇ ਲਿਆ ਜਾਂਦਾ ਹੈ। ਸ. ਨਾਨਕ ਸਿੰਘ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਡਾ. ਪਲਵਿੰਦਰ ਸਿੰਘ,ਡੀਨ ਅਕਾਦਮਿਕ ਮਾਮਲੇ,ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕਿਹਾ ਕਿ ਸ.ਨਾਨਕ ਸਿੰਘ ਆਮ ਲੋਕਾਈ ਦਾ ਪ੍ਰਤੀਨਿਧਤਵ ਕਰਨ ਵਾਲਾ ਲੇਖਕ ਹੈ । ਯੂਨੀਵਰਸਿਟੀ ਵਾਸਤੇ ਇਹ ਗੌਰਵ ਵਾਲੀ ਗੱਲ ਹੈ ਕਿ ਉਸਨੇ ਅਜਿਹੇ ਨਾਵਲਕਾਰ ਦੀ ਸਾਹਿਤਕ ਵਿਰਾਸਤ ਨੂੰ ਸੰਭਾਲਿਆ ਹੈ, ਜਿਸ ਦਾ ਨਾਮ ਵਿਸ਼ਵ ਪੱਧਰੀ ਲੇਖਕਾਂ ਵਿਚ ਲਿਆ ਜਾਂਦਾ ਹੈ। ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਪ੍ਰਧਾਨ ਸ. ਕੁਲਬੀਰ ਸਿੰਘ ਸੂਰੀ ਅਤੇ ਸਕੱਤਰ ਸ. ਨਵਦੀਪ ਸਿੰਘ ਸੂਰੀ (ਅੰਬੈਸਡਰ ਆਫ਼ ਇੰਡੀਆ ਟੂ ਯੂਨਾਈਟਡ ਅਰਬ ਅਮੀਰਾਤ) ਨੇ ਸ. ਨਾਨਕ ਸਿੰਘ ਫਾਊਂਡੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸੈਂਟਰ ਦੀ ਸਥਾਪਨਾ ਨਾਨਕ ਸਿੰਘ ਜੀ ਦੀ ਸਾਹਿਤਕ ਘਾਲਣਾ ਨੂੰ ਸੰਭਾਲਣ ਦਾ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਉਪਰਾਲਾ ਹੈ। ਸ. ਨਵਦੀਪ ਸਿੰਘ ਸੂਰੀ ਨੇ ਕਿਹਾ ਕਿ ਨਾਨਕ ਸਿੰਘ ਸੈਂਟਰ,ਭਾਈ ਗੁਰਦਾਸ ਲਾਇਬ੍ਰੇਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਸਥਾਪਤੀ ਰਾਹੀਂ ਸ. ਨਾਨਕ ਸਿੰਘ ਦੀਆਂ ਪੁਰਾਣੀਆਂ ਤੇ ਅਣਮੁੱਲੀਆਂ ਕਿਰਤਾਂ ਨੂੰ ਸਦੀਵਤਾ ਪ੍ਰਦਾਨ ਕੀਤੀ ਗਈ ਹੈ। ਸ. ਨਾਨਕ ਸਿੰਘ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਡਾ. ਮਨਜਿੰਦਰ ਸਿੰਘ,ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਕਿਹਾ ਕਿ ਪੰਜਾਬੀ ਸਾਹਿਤ ਸਿਰਜਣਧਾਰਾ ਵਿਚ ਨਾਵਲਕਾਰ ਸ. ਨਾਨਕ ਸਿੰਘ ਵੱਖਰੇ ਅਤੇ ਨਵੀਆਂ ਪੈੜਾਂ ਪਾਉਣ ਵਾਲੇ ਸਾਹਿਤਕਾਰ ਹਨ। ਸ. ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ ਨੇ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ. ਨਾਨਕ ਸਿੰਘ ਦੀ ਸਿਰਜਣਾ ਦਾ ਆਹਲਾ ਤਸੱਵਰ ਬੇਮਿਸਾਲ ਹੀ ਨਹੀਂ ਸਗੋਂ ਬਾਕਮਾਲ ਵੀ ਹੈ। ਉਹ ਸਾਹਿਤ ਨੂੰ ਤ੍ਰੈਕਾਲੀ ਸੰਦਰਭ ਵਿਚ ਪੇਸ਼ ਕਰਦੇ ਹਨ। ਉਹਨਾਂ ਦੇ ਨਾਵਲਾਂ ਵਿਚ ਪੰਜਾਬੀ ਸਾਹਿਤ ਵਿਚ ਕਲਾਤਮਕ ਸੁਹਜ ਸਿਰਜਣਾ ਦੀ ਖਿੜਕੀ ਖੁੱਲ੍ਹਦੀ ਹੈ। ਉਹਨਾਂ ਦੇ ਨਾਵਲਾਂ ਵਿਚ ਸਮਾਜਿਕ ਸਰੋਕਾਰ, ਆਰਥਿਕ ਨਾ-ਬਰਾਬਰੀ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ ,ਵੱਢੀ-ਖੋਰੀ ਅਤੇ ਫ਼ਿਰਕੂ ਜਨੂੰਨ ਆਦਿ ਨੂੰ ਨਸ਼ਰ ਕੀਤਾ ਗਿਆ ਹੈ। ਅੱਜ ਉਹਨਾਂ ਦੇ ਨਾਵਲਾਂ ਦੀ ਚਰਚਾ ਗਲੋਬ ਦੇ ਹਰ ਖ਼ਿੱਤੇ ਵਿਚ ਹੋ ਰਹੀ ਹੈ।
ਸ.ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਨੂੰ ਚੱਕ ਹਮੀਦ ਪਾਕਿਸਤਾਨ ਵਿਚ ਹੋਇਆ। ਉਹਨਾਂ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਕਵਿਤਾ ,ਕਹਾਣੀ ਅਤੇ ਨਾਵਲ ਰਾਹੀਂ ਸਾਹਿਤ ਰਚਨਾ ਕੀਤੀ ਪ੍ਰੰਤੂ ਨਾਵਲ ਦੇ ਖੇਤਰ ਵਿਚ ਉਨ੍ਹਾਂ ਨੂੰ ਵਿਸ਼ੇਸ਼ ਪਹਿਚਾਣ ਹਾਸਲ ਹੋਈ। ਸ. ਨਾਨਕ ਸਿੰਘ ਸੈਂਟਰ ਦੀ ਸਥਾਪਨਾ 23 ਨਵੰਬਰ 2021 ਨੂੰ ਮਾਣਯੋਗ ਸਾਬਕਾ ਉਪ-ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਜੀ ਦੀ ਰਹਿਨੁਮਾਈ ਹੇਠ ਕੀਤੀ ਗਈ। ਇਸੇ ਦਿਨ ਹੀ ਯਾਦਗਾਰੀ ਭਾਸ਼ਣ ਦੀ ਲੜੀ ਦੀ ਸ਼ੁਰੂਆਤ ਹੋਈ, ਜਿਸ ਵਿਚ ਪਹਿਲਾ ਯਾਦਗਾਰੀ ਭਾਸ਼ਣ ਡਾ. ਰਵੀ ਰਵਿੰਦਰ ਵੱਲੋਂ ਕੀਤਾ ਗਿਆ। ਡਾ. ਰਵੀ ਨੇ ਨਾਨਕ ਸਿੰਘ ਦੀ ਰਚਨਾਕਾਰੀ ਸਬੰਧੀ ਚਰਚਾ ਕਰਦਿਆਂ ਉਨਾਂ ਨੂੰ ਇੱਕੋ ਵੇਲੇ ਆਦਰਸ਼ਵਾਦ,ਸੁਹਜਵਾਦ, ਸੁਧਾਰਵਾਦ ਅਤੇ ਯਥਾਰਥਵਾਦ ਨਾਲ ਜੁੜੀ ਹੋਈ ਸ਼ਖ਼ਸੀਅਤ ਸਵੀਕਾਰਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ ਦੇ ਸਹਿਯੋਗ ਨਾਲ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਸਥਾਪਿਤ ਕੀਤੇ ਸ. ਨਾਨਕ ਸਿੰਘ ਸੈਂਟਰ ਵੱਲੋਂ ਦੂਸਰਾ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ 25 ਜਨਵਰੀ 2024 ਨੂੰ ਕਰਵਾਇਆ ਗਿਆ। ਇਸ ਭਾਸ਼ਣ ਦਾ ਵਿਸ਼ਾ ਬਟਵਾਰੇ ਨਾਲ ਸੰਬੰਧਤ ‘ਸ.ਨਾਨਕ ਸਿੰਘ ਦੇ ਨਾਵਲ: ਵਰਤਮਾਨ ਪ੍ਰਸੰਗਿਕਤਾ ਅਤੇ ਪੜ੍ਹਤ’ ਰਿਹਾ । ਮੁੱਖ ਵਕਤਾ ਡਾ.ਗੁਰਮੁਖ ਸਿੰਘ ਨੇ ਨਾਨਕ ਸਿੰਘ ਦੀਆਂ ਲਿਖਤਾਂ ਨਾਲ ਸਾਂਝ ਪਾਉਂਦਿਆਂ ਉਹਨਾਂ ਨੂੰ ਸਿਜਦਾ ਕੀਤਾ। ਜੇਕਰ ਸ. ਨਾਨਕ ਸਿੰਘ ਸੈਂਟਰ ਦੀਆਂ ਸਲਾਨਾ ਗਤੀਵਿਧੀਆਂ ਦੀ ਗੱਲ ਕਰੀਏ ਤਾਂ 21 ਸਤੰਬਰ 2023 ਨੂੰ ਸੁਰਿੰਦਰ ਸਿੰਘ ਕੰਧਾਰੀ (ਪ੍ਰਵਾਸੀ ਭਾਰਤੀ ਸਨਮਾਨ ਨਾਲ ਸਨਮਾਨਿਤ ਅਤੇ ਅਲ ਦੁਬਈ ਯੂ.ਏ.ਈ ਦੇ ਚੇਅਰਮੈਨ) ਨੇ ਆਗਮਨ ਕੀਤਾ। ਉਹਨਾਂ ਨੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਨਾਵਲਕਾਰ ਨਾਨਕ ਸਿੰਘ ਦੀਆਂ ਰਚਨਾਵਾਂ ਨੂੰ ਸੰਭਾਲਣਾ ਆਪਣੇ ਆਪ ਵਿਚ ਇੱਕ ਸ਼ਲਾਘਾਯੋਗ ਪਹਿਲ ਕਦਮੀ ਹੈ। 21 ਫਰਵਰੀ 2024 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ.ਨਾਨਕ ਸਿੰਘ ਸੈਂਟਰ ਦਾ ਦੌਰਾ ਕੀਤਾ ਗਿਆ। ਸਮੇਂ- ਸਮੇਂ ਉੱਤੇ ਵੱਖ-ਵੱਖ ਕਾਲਜਾਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਸ. ਨਾਨਕ ਸਿੰਘ ਸੈਂਟਰ ਦਾ ਦੌਰਾ ਕਰਨ ਲਈ ਆਉਂਦੇ ਹਨ।
4 ਜੁਲਾਈ 2024 ਨੂੰ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸ. ਨਾਨਕ ਸਿੰਘ ਨਾਵਲਕਾਰ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਸ. ਨਾਨਕ ਸਿੰਘ ਦੀ ਯਾਦ ਵਿਚ ਬੂਟੇ ਲਗਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਮੈਰਿਟ ਦੇ ਆਧਾਰ ਉੱਤੇ ਕੀਤੀ ਗਈ ਚੋਣ ਰਾਹੀਂ ਪੰਜਾਬੀ ਅਧਿਐਨ ਸਕੂਲ ਦੇ ਇਕ ਖੋਜ-ਵਿਦਿਆਰਥੀ ਨੂੰ 25 ਹਜ਼ਾਰ ਸਲਾਨਾ ਰਾਸ਼ੀ ਵੀ ਫ਼ੈਲੋਸ਼ਿਪ ਦੇ ਰੂਪ ਵਿਚ ਪ੍ਰਦਾਨ ਕੀਤੀ ਜਾਂਦੀ ਹੈ। ਮੰਗਲਵਾਰ ਮਿਤੀ 18 ਫ਼ਰਵਰੀ 2025 ਨੂੰ ਕਰਵਾਇਆ ਜਾ ਰਿਹਾ ਤੀਜਾ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ ਵੀ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਸੇ ਕੜੀ ਵਿਚ ਇਕ ਅਹਿਮ ਉਪਰਾਲਾ ਹੈ।
ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਰਦਾਰ ਨਾਨਕ ਸਿੰਘ ਯਾਦਗਾਰੀ ਭਾਸ਼ਣ 18 ਫਰਵਰੀ ਨੂੰ
