116 ਭਾਰਤੀਆਂ ਵਿਚ 65 ਪੰਜਾਬੀ-
ਅੰਮ੍ਰਿਤਸਰ ( ਭੰਗੂ, ਲਾਂਬਾ)-ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 116 ਗੈਰਕਨੂੰਨੀ ਪਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਲੈ ਕੇ ਅਮਰੀਕਾ ਦਾ ਫੌਜੀ ਮਾਲਵਾਹਕ ਜਹਾਜ਼ ਸੀ-17 ਸ਼ਨੀਵਾਰ ਦੇਰ ਰਾਤ 11:30 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜਾ । ਇਨ੍ਹਾਂ ਵਿਚ 65 ਪੰਜਾਬੀ ਦੱਸੇ ਜਾਂਦੇ ਹਨ। ਦੂਜੇ ਬੈਚ ਵਿਚ ਪਹਿਲਾਂ 119 ਭਾਰਤੀਆਂ ਨੂੰ ਵਤਨ ਵਾਪਸ ਭੇਜਣ ਦਾ ਦਾਅਵਾ ਕੀਤਾ ਗਿਆ ਸੀ। 157 ਭਾਰਤੀਆਂ ਦਾ ਤੀਜਾ ਬੈਚ ਐਤਵਾਰ ਨੂੰ ਪੁੱਜਣ ਦੀ ਉਮੀਦ ਹੈ । ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਿਪੋਰਟ ਕੀਤੇ ਭਾਰਤੀਆਂ ਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਲਈ ਹਵਾਈ ਅੱਡੇ ਦੇ ਬਾਹਰ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਭਗਵੰਤ ਮਾਨ ਵਲੋਂ ਅਮਰੀਕੀ ਜਹਾਜ਼ ਨੂੰ ਅੰਮ੍ਰਿਤਸਰ ਉਤਾਰਨ ਤੇ ਰੋਸ ਪ੍ਰਗਟਾਵਾ-
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ ਥਾਂ ’ਤੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ ’ਤੇ ਉਤਾਰਿਆ ਜਾਵੇ। ਉਨ੍ਹਾਂ ਸਪੱਸ਼ਟ ਕਿਹਾ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ‘ਡਿਪੋਰਟ’ ਅੱਡਾ ਨਾ ਬਣਾਇਆ ਜਾਵੇ। ਉਨ੍ਹਾਂ ਭਾਜਪਾ ਆਗੂ ਆਰਪੀ ਸਿੰਘ ਦੀ ਇਸ ਦਲੀਲ ਨੂੰ ਰੱਦ ਕੀਤਾ ਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਨੇੜੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਹਵਾਈ ਅੱਡਾ ਨੇੜੇ ਪੈਂਦਾ ਹੈ ਤਾਂ ਫਿਰ ਇੱਥੋਂ ਅਮਰੀਕਾ ਅਤੇ ਕੈਨੇਡਾ ਨੂੰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਵਿੱਚ ਕੀ ਸਮੱਸਿਆ ਹੈ। ਉਨ੍ਹਾਂ ਕਿਹਾ, ‘‘ਅੰਮ੍ਰਿਤਸਰ ਸ਼ਹਿਰ ਇੱਕ ਰੂਹਾਨੀ ਕੇਂਦਰ ਹੈ ਅਤੇ ਇਸ ਨੂੰ ਅਧਿਆਤਮਕ ਕੇਂਦਰ ਹੀ ਰਹਿਣ ਦਿੱਤਾ ਜਾਵੇ। ਜੇ ਅਮਰੀਕਾ, ਵੈਟੀਕਨ ਸਿਟੀ ਦਾ ਕੋਈ ਨਾਗਰਿਕ ਡਿਪੋਰਟ ਕਰੇਗਾ ਤਾਂ ਕੀ ਉਸ ਨੂੰ ਉੱਥੋਂ ਦੇ ਹਵਾਈ ਅੱਡੇ ’ਤੇ ਉਤਾਰਨ ਦੀ ਆਗਿਆ ਦਿੱਤੀ ਜਾਵੇਗੀ। ਅੰਮ੍ਰਿਤਸਰ ਅਧਿਆਤਮਕ ਕੇਂਦਰ ਹੈ, ਵਪਾਰਕ ਕੇਂਦਰ ਹੈ ਅਤੇ ਇਸ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ।’’ ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਰਵਾਸੀਆਂ ਨੂੰ ਘਰ-ਘਰ ਪਹੁੰਚਾਉਣ ਵਾਸਤੇ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ।