ਦੇਸ਼ ਭਰ ਚੋਂ ਵੱਡੀਆਂ ਹਸਤੀਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੀਆਂ-
ਚੰਡੀਗੜ ( ਦੇ ਪ੍ਰ ਬਿ)-ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਐਮ ਪੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਬੇਟੀ ਹਰਕੀਰਤ ਕੌਰ ਅਤੇ ਕਾਕਾ ਤੇਜਵੀਰ ਸਿੰਘ ਤੂਰ ( ਸਪੁੱਤਰ ਸ ਗੁਰਦੀਪ ਸਿੰਘ ਤੂਰ) ਦੇ ਰਾਜਧਾਨੀ ਦਿੱਲੀ ਵਿਚ 12 ਫਰਵਰੀ ਨੂੰ ਹੋਏ ਵਿਆਹ ਉਪਰੰਤ ਬੀਤੀ 17 ਫਰਵਰੀ ਨੂੰ ਨਿਊ ਚੰਡੀਗੜ ਦੇ ਸੁਰਜੀਤ ਬਾਗ ਨੇੜੇ ਓਮੈਕਸ ਟਰੇਡ ਟਾਵਰ ਵਿਖੇ ਸ਼ਾਨਦਾਰ ਰਿਸੈਪਸ਼ਨ ਪਾਰਟੀ ਕੀਤੀ ਗਈ । ਇਸ ਮੌਕੇ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਤੇ ਮੌੋਜੂਦਾ ਮੁੱਖ ਮੰਤਰੀ ਓਮਰ ਅਬਦੁੱਲਾ , ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭੁਪਿੰਦਰ ਹੁੱਡਾ, ਮਨੋਹਰ ਲਾਲ ਖੱਟਰ,ਬੀਬੀ ਰਾਜਿੰਦਰ ਕੌਰ ਭੱਠਲ ਤੇ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਦੇ ਸਿਆਸੀ, ਸਮਾਜਿਕ ਤੇ ਧਾਰਮਿਕ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ। ਭਾਜਪਾ ਤੇ ਕਾਂਗਰਸ ਦੇ ਸੀਨੀਅਰ ਆਗੂਆਂ ਸਮੇਤ ਸਮੇਤ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕਾਂ, ਸਾਬਕਾ ਮੰਤਰੀਆਂ, ਜ਼ਿਲ੍ਹਾ ਪ੍ਰਧਾਨਾਂ ਸਮੇਤ ਹੋਰ ਵੱਡੀ ਗਿਣਤੀ ਪਾਰਟੀ ਦੇ ਸੀਨੀਅਰ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਪੰਜਾਬੀ ਕਲਾਕਾਰਾਂ ਵਿਚ ਬੱਬੂ ਮਾਨ, ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ ਤੇ ਰਾਜਵੀਰ ਜਵੰਦਾ ਨੇ ਆਪਣੀ ਹਾਜਰੀ ਲਵਾਈ ਤੇ ਸੁਖਬੀਰ ਸਿੰਘ ਬਾਦਲ ਨੂੰ ਵਧਾਈਆਂ ਦਿੰਦਿਆਂ ਉਹਨਾਂ ਨਾਲ ਤਸਵੀਰਾਂ ਖਿਚਵਾਈਆਂ। ਪਾਰਟੀ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਵੱਡੇ ਆਗੂਆਂ ਤੇ ਮਹਿਮਾਨਾਂ ਦਾ ਸਵਾਗਤ ਕਰਦੇ ਦਿਸੇ। ਇਸ ਮੌਕੇ ਭਾਜਪਾ ਦੇ ਲਗਪਗ ਸਾਰੇ ਸੀਨੀਅਰ ਆਗੂਆਂ ਨੇ ਰਿਸੈਪਸ਼ਨ ਪਾਰਟੀ ਵਿਚ ਸ਼ਮੁੂਲੀਅਤ ਕਰਦਿਆਂ ਦੋਵਾਂ ਪਾਰਟੀਆਂ ਵਿਚਾਲੇ ਮੁੜ ਗਠਜੋੜ ਦੀਆਂ ਸੰਭਾਵਨਾਵਾਂ ਦੀ ਚਰਚਾ ਨੂੰ ਛੇੜਿਆ। ਰਿਸ਼ੈਪਪਸ਼ਨ ਪਾਰਟੀ ਦੌਰਾਨ ਪੰਜਾਬ ਦੇ ਉਹ ਆਗੂ ਵੀ ਸੱਜ ਧੱਜਕੇ ਤਸਵੀਰਾਂ ਖਿਚਵਾਉਂਦੇ ਦਿਸੇ ਜੋ ਅਕਾਲੀ ਦਲ ਛੱਡਕੇ ਦੂਸਰੀਆਂ ਪਾਰਟੀਆਂ ਵਿਚ ਸ਼ਾਮਿਲ ਹੋਣ ਸਮੇਂ ਬਾਦਲ ਪਰਿਵਾਰ ਤੇ ਮਜੀਠੀਆ ਨੂੰ ਪਾਣੀ ਪੀ ਪੀ ਕੋਸਦੇ ਸਨ।