ਕੈਲਗਰੀ ( ਦਲਵੀਰ ਜੱਲੋਵਾਲੀਆ)- ਉੱਘੇ ਗੀਤਕਾਰ ਭੱਟੀ ਭੜੀਵਾਲ਼ਾ ਦੀ ਅਗਵਾਈ ਅਤੇ ਗੀਤਕਾਰ ਜਰਨੈਲ਼ ਘੁਮਾਣ ਦੀ ਸਰਪ੍ਰਸਤੀ ਹੇਠ ਪੰਜਾਬ ਦਾ ਨਿਵੇਕਲਾ ਤੇ ਪਲੇਠਾ ਮੇਲਾ ਗੀਤਕਾਰਾਂ ਦਾ 22 ਫਰਵਰੀ ਨੂੰ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਵੱਲੋਂ ਪੰਜਾਬੀ ਗੀਤਕਾਰ ਸਭਾ, ਪੰਜਾਬ ਨਾਲ ਮਿਲਕੇ ਕਰਵਾਏ ਜਾ ਰਹੇ ਇਸ ਮੇਲੇ ਵਿਚ ਲੋਕ ਗਾਇਕ ਜਸਵੰਤ ਸੰਦੀਲਾ, ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ, ਲੋਕ ਗਾਇਕ ਹਾਕਮ ਬਖ਼ਤੜੀਵਾਲਾ, ਸੇਵਾ ਸਿੰਘ ਨੌਰਥ, ਬਲਬੀਰ ਮਾਨ, ਬੂਟਾ ਭਾਈ ਰੂਪਾ, ਬਿੱਟੂ ਖੰਨੇਵਾਲਾ, ਕਰਨੈਲ ਸਿਵੀਆ,ਗੁਰਮਿੰਦਰ ਕੈਂਡੋਵਾਲ, ਨਿੰਮਾ ਲੁਹਾਰਕੇ, ਬੱਬੂ ਬਰਾੜ, ਅਜੀਤਪਾਲ ਜੀਤੀ, ਭੰਗੂ ਫਲੇੜੇਵਾਲਾ, ਅਮਨ ਫੁੱਲਾਂਵਾਲ,ਅਤੇ ਮੇਲਾ ਕੋਆਰਡੀਨੇਟਰ ਇੰਦਰਜੀਤ ਸਾਹਨੀ ਅਤੇ ਬੰਨੀ ਸ਼ਰਮਾ ਦੇ ਸਹਿਯੋਗ ਸਦਕਾ ਇਸ ਮੇਲੇ ਦੀਆਣਂ ਤਿਆਰੀਆਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਮੇਲੇ ਦੌਰਾਨ ਗੀਤਕਾਰਾਂ ਲਈ ” ਸ਼੍ਰੋਮਣੀ ਗੀਤਕਾਰ ਐਵਾਰਡ ” ਜਾਰੀ ਕਰਵਾਉਣ, ਗੀਤਾਂ ਤੋਂ ਮਿਲਣ ਵਾਲੀ ਰਾਇਲਟੀ ਲਈ IPRS ( ਇੰਡੀਅਨ ਪ੍ਰਫੋਰਮੈਂਸ ਰਾਇਟ ਸੁਸਾਇਟੀ) ਨਾਲ ਜੋੜਨ ਲਈ ਅਤੇ ਗੀਤਕਾਰਾਂ ਦੀਆਂ ਹੋਰ ਸਮੱਸਿਆਵਾਂ ਹੱਲ ਲਈ ਵਿਚਾਰ ਚਰਚਾ ਵੀ ਹੋਵੇਗੀ।ਮੇਲੇ ਵਿੱਚ ਪੁੱਜਣ ਵਾਲੇ ਗਾਇਕ ਗੀਤਕਾਰ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਨਗੇ।