Headlines

ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਦੌਰਾਰ ਉਸਾਰੂ ਵਿਚਾਰਾਂ

 ਮਹੀਨਾਵਾਰ ਮੀਟਿੰਗਾਂ ਵੀ ਸਾਡਾ ਪ੍ਰੇਮ ਦਿਵਸ ਹੀ ਹਨ – ਗੁਰਦੀਸ਼ ਕੌਰ ਗਰੇਵਾਲ-

ਕੈਲਗਰੀ (ਜਸਵਿੰਦਰ ਸਿੰਘ ਰੁਪਾਲ):-ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜੈਨੇਸਸ ਸੈਂਟਰ ਵਿਖੇ 16 ਫਰਵਰੀ 2025 ਦਿਨ ਐਤਵਾਰ ਨੂੰ ਭਰਪੂਰ ਹਾਜ਼ਰੀ ਵਿੱਚ ਬਹੁਤ ਹੀ ਜੋਸ਼- ਓ- ਖਰੋਸ਼ ਨਾਲ ਹੋਈ। ਇਹ ਮੀਟਿੰਗ ਮਾਂ ਬੋਲੀ, ਪ੍ਰੇਮ ਦਿਵਸ, ਪਰਿਵਾਰ ਦਿਵਸ ਤੇ ਬਸੰਤ ਨੂੰ ਸਮਰਪਿਤ ਰਹੀ। ਸਭ ਤੋਂ ਪਹਿਲਾਂ ਸਭਾ ਦੇ ਸਕੱਤਰ ਸ੍ਰੀ ਮਤੀ ਗੁਰਨਾਮ ਕੌਰ ਨੇ  ਆਈਆਂ ਭੈਣਾਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਸ੍ਰੀ ਮਤੀ ਬਲਵਿੰਦਰ ਕੌਰ ਬਰਾੜ ਜੀ ਦੇ ਛੋਟੇ ਭਰਾ ਅਤੇ  ਸਭਾ ਦੀਆਂ ਮੈਂਬਰ ਭੈਣਾਂ ਤਰਨਜੀਤ ਕੌਰ ਅਤੇ ਬਲਜੀਤ ਕੌਰ ਜਠੌਲ ਦੇ ਬਰਦਰ- ਇਨ- ਲਾਅ ਦੇ ਅਕਾਲ ਚਲਾਣਾ ਕਰਨ ਦਾ ਸ਼ੋਕ ਮਤਾ ਪਾਕੇ, ਸਾਰੀਆਂ ਭੈਣਾਂ ਨੇ ਉਨ੍ਹਾਂ ਦੇ ਇਸ ਦੁੱਖ ਵਿੱਚ ਸ਼ਾਮਲ ਹੋ ਕੇ ਦੋ ਮਿੰਟ ਲਈ ਮੌਨ ਧਾਰਿਆ।

ਇਸ ਤੋਂ ਬਾਅਦ ਗੁਰਚਰਨ ਕੌਰ ਥਿੰਦ ਜੋ ਕਿ ਲਾਹੌਰ ਵਿਖੇ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਿੱਚ ਭਾਗ ਲੈ ਕੇ ਆਏ ਸਨ, ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਹੋਇਆਂ ਦੱਸਿਆ ਕਿ-ਕਿਵੇਂ ਉਥੇ ਪੰਜਾਬੀ ਬੋਲਣ ਅਤੇ ਲਿਖਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਥਾਂ ਥਾਂ ਤੇ ਸਲੋਗਨ ਲੱਗੇ ਸਨ- ‘ਆਓ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰੀਏ’। ਚੜ੍ਹਦੇ ਪੰਜਾਬ ਵਿੱਚ ਬਣੀ ਰੋਟੀ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨਾਲ ਰਲ਼ ਕੇ ਖਾਣ ਦਾ ਵੱਖਰਾ ਆਨੰਦ ਆਇਆ।ਉਥੇ ਮੰਥਨ ਹੋਇਆ ਕਿ- ‘ਵੰਡ ਮੁਲਕ ਦੀ ਨਹੀ ਸਿਰਫ਼ ਪੰਜਾਬ ਦੀ ਹੋਈ ਹੈ!’ ਉਨ੍ਹਾਂ ਨੇ 15 ਫਰਵਰੀ ਨੂੰ ਕਨੇਡੀਅਨ ਫਲੈਗ ਡੇ ਅਤੇ ਪੀ ਐਮ ਜਸਟਿਨ ਟਰੂਡੋ ਦੇ ਕੈਨੇਡੀਅਨ ਚੀਜ਼ਾਂ ਵਰਤਣ ਦੇ ਸੁਨੇਹੇ ਦੀ ਵੀ ਸਪੋਰਟ ਕੀਤੀ।ਬਾਅਦ ਵਿੱਚ ਉਨ੍ਹਾਂ ਸੁਰਜੀਤ ਪਾਤਰ ਦੀ ਅੰਤਿਮ ਰਚਨਾ ਵੀ ਪੜ੍ਹ ਕੇ ਸੁਣਾਈ। ਗੁਰਨਾਮ ਕੌਰ ਨੇ ਇਸ ਮਹੀਨੇ ਵਿੱਚ ਆਏ ਪ੍ਰਸਿੱਧ ਦਿਹਾੜਿਆਂ ਬਾਰੇ, ਜਿਵੇਂ ਮਾਂ ਬੋਲੀ ਦਿਨ ਪਰਿਵਾਰ ਦਿਨ, ਵੈਲੇਟਾਇਨ ਡੇ, ਬਸੰਤ ਪੰਚਮੀ ਅਤੇ ਫਰਵਰੀ 1762 ਵਿੱਚ ਕੌਮ ਨਾਲ ਵਾਪਰੇ ਵੱਡੇ ਘੱਲੂਘਾਰੇ ਬਾਰੇ ਸੰਖੇਪ ਚਾਨਣਾ ਪਾਇਆ।

ਗੁਰਦੀਸ਼ ਕੌਰ ਗਰੇਵਾਲ  ਨੇ ਪ੍ਰੇਮ ਦਿਨ ਅਤੇ ਪਰਿਵਾਰ ਦਿਨ ਤੇ ਕਵਿਤਾਵਾਂ ਸੁਣਾ ਕੇ ਸਮੁੱਚੀ ਲੋਕਾਈ ਨੂੰ ਪਿਆਰ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ- ‘ਇਹ ਮਹੀਨਾਵਾਰ ਮੀਟਿੰਗਾਂ ਵੀ ਸਾਡਾ ਪ੍ਰੇਮ ਦਿਵਸ ਹੀ ਹਨ!’

ਅਮਰਜੀਤ ਕੌਰ ਟਿਵਾਣਾ ਨੇ ਮਾਂ ਬੋਲੀ ਅਤੇ ਦਲਬੀਰ ਕੌਰ ਨੇ ਮਾਂ ਬਾਰੇ ਕਵਿਤਾਵਾਂ ਸੁਣਾਈਆਂ। ਕਿਰਨ ਕਲਸੀ ਨੇ ਫੁਲਾਂ ਦੀ ਅਹਿਮੀਅਤ ਬਾਰੇ ਕਵਿਤਾ ਪੜ੍ਹੀ। ਮਨਿੰਦਰ ਕੌਰ ਨੇ ਪਾਕਿਸਤਾਨੀ ਸ਼ਾਇਰ ਦੀ ਗ਼ਜ਼ਲ, ਸੁਰਿੰਦਰ ਕੌਰ ਸੰਧੂ ਬਲਬੀਰ ਕੌਰ ਹਜੂਰੀਆ, ਅਮਰਜੀਤ ਕੌਰ ਸੱਗੂ, ਜੁਗਿੰਦਰ ਪੁਰਬਾ, ਅਵਤਾਰ ਕੌਰ ਢਿੱਲੋਂ, ਛਿੰਦਰ ਦਿਓਲ, ਬਲਵੀਰ ਕੌਰ ਗਰੇਵਾਲ, ਅਮਰਜੀਤ ਕੌਰ ਵਿਰਦੀ, ਲਖਵਿੰਦਰ ਸਚਦੇਵਾ, ਰਣਜੀਤ ਕੌਰ ਕੰਗ, ਜਗਦੇਵ ਕੌਰ ਪੰਧੇਰ, ਨੇ ਕਵਿਤਾਵਾਂ, ਲੋਕ ਗੀਤ ਤੇ ਸੁਹਾਗ ਸੁਣਾ ਕੇ, ਪੰਜਾਬੀ ਵਿਰਸੇ ਨੂੰ ਯਾਦ ਕੀਤਾ। ਹਰਭਜਨ ਕੌਰ ਬਨਵੈਤ, ਆਸ਼ਾ ਪਾਲ ਤੇ ਜਗਦੀਸ਼ ਬਰੀਆ ਨੇ ਮਨ ਦੇ ਵਲਵਲੇ ਸਾਂਝੇ ਕੀਤੇ ਅਤੇ ਹੋਰ ਭੈਂਣਾਂ ਨਾਲ ਗਿੱਧਾ ਪਾਕੇ ਅੰਤ ਤੇ ਖ਼ੂਬ ਰੌਣਕਾਂ ਲਾਈਆਂ। ਅੰਮ੍ਰਿਤ ਕੌਰ ਨੇ ਇਸ ਸਭਾ ਦੀ ਸ਼ਲਾਘਾ ਕੀਤੀ। ਗੁਰਚਰਨ ਕੌਰ ਥਿੰਦ ਨੇ ਇਕਬਾਲ ਖ਼ਾਨ ਦੀ ਪਤਨੀ ਮਹਿੰਦਰ ਕੌਰ ਖ਼ਾਨ ਨਾਲ ਵਾਕਫੀਅਤ ਕਰਾਈ।

ਇਸ ਤਰ੍ਹਾਂ ਇਹ ਮੀਟਿੰਗ ਬਹੁਤ ਹੀ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਸਮਾਪਤ ਹੋਈ। ਸਭਾ ਦੇ ਉਪ ਪ੍ਰਧਾਨ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਸਾਰੀਆਂ ਭੈਣਾਂ ਦਾ ਧੰਨਵਾਦ ਕੀਤਾ। ਬਰੇਕ ਦੌਰਾਨ ਸਭ ਨੇ ਚਾਹ ਅਤੇ ਸਨੈਕਸ ਦਾ ਆਨੰਦ ਮਾਣਿਆ। ਵਧੇਰੇ ਜਾਣਕਾਰੀ ਲਈ- ਗੁਰਚਰਨ ਕੌਰ ਥਿੰਦ  +1 403  590  9629 ਜਾਂ  ਗੁਰਨਾਮ ਕੌਰ ਸਕੱਤਰ +1 825 735 4550*  ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *