Headlines

ਸ਼ਾਇਰ ਮਲਵਿੰਦਰ ਦੇ ਕੁਝ ਚੋਣਵੇਂ ਦੋਹੇ

ਮੈਂ ਖੁੱਲੀ ਕਵਿਤਾ ਦਾ ਸ਼ਾਇਰ ਹਾਂ।ਦੋਹੇ ਲਿਖਣੇ ਮੇਰੇ ਸੁਭਾਅ ‘ਚ ਸ਼ਾਮਲ ਨਹੀਂ।ਪਰ ਕਦੀ ਕੋਈ ਵਿਚਾਰ ਦੋਹੇ ਦਾ ਆਕਾਰ ਵੀ ਗ੍ਰਹਿਣ ਕਰ ਲੈਂਦਾ ਹੈ।ਮੇਰੀਆਂ ਕਵਿਤਾ ਦੀਆਂ ਛੇ ਕਿਤਾਬਾਂ ਹਨ।ਕਦੀ ਕੋਈ ਦੋਹਿਆਂ ਦੀ ਕਿਤਾਬ ਵੀ ਛਪਾ ਸਕਾਂਗਾ, ਅਜਿਹਾ ਮੇਰੇ ਵਿਸ਼ਵਾਸ ਵਿੱਚ ਸ਼ਾਮਲ ਨਹੀਂ ਹੈ।ਉਂਝ ਇਹ ਕ੍ਰਿਸ਼ਮਾ ਵਾਪਰ ਵੀ ਸਕਦਾ ਹੈ।ਇਹ ਕ੍ਰਿਸ਼ਮਾ ਮੇਰੇ ਦੋਹੇ ਪੜ੍ਹ ਕੇ ਆਏ ਤੁਹਾਡੇ ਪ੍ਰਤੀਕਰਮ ਹੀ ਕਰ ਸਕਦੇ ਹਨ।-ਮਲਵਿੰਦਰ

ਜਾਤ ਧਰਮ ਤੇ ਨਫ਼ਰਤਾਂ, ਹਾਕਮ ਹੱਥ ਹਥਿਆਰ
ਜਿੱਤ ਜਾਵਣ ਹਥਿਆਰ ਇਹ, ਮਾਨਵ ਜਾਵੇ ਹਾਰ

ਤੂੰ ਭਗਤਾਂ ਦੀ ਭਗਤਣੀ, ਸ਼ਾਹਾਂ ਦੀ ਸਰਕਾਰ
ਤੇਰੇ ਪਹਿਰਨ ਮਖ਼ਮਲੀ, ਭਗਤੀ ਰੂਹ ਦੀ ਠਾਰ

ਜਿਸ ਦੋਹੇ ਦੀ ਰੂਹ ਨੂੰ, ਲੱਗੇ ਸਿਰਜਣ ਸੇਕ
ਉਹ ਪੌਣਾ ਵਿਚ ਗੂੰਜਦਾ, ਬਣ ਕਵਿਤਾ ਦੀ ਹੇਕ

ਧਰਮਾਂ ਅੰਦਰ ਵੰਡ ਕੇ, ਮਾਨਵ ਦਾ ਪਰਿਵਾਰ
ਤੂੰ ਕਿਸ ਰੱਬ ਦੀ ਖੋਜ ਦਾ, ਸਿਰਜ ਰਿਹਾ ਸੰਸਾਰ

ਕਿੰਝ ਮੈਂ ਹਾਮੀਂ ਭਰ ਦਿਆਂ, ਜ਼ਹਿਰੀ ਜਿਸਦੇ ਵਾਰ
ਜੋ ਨਾਨਕ ਨੂੰ ਵੰਡ ਰਿਹਾ, ਕੁਰਸੀ ਦਾ ਲੋਭੀ ਯਾਰ

ਜਿਸ ਰਸਤੇ ਦੀ ਰੇਤ ਵੀ, ਦੇਵੇ ਹਿਰਦਾ ਠਾਰ
ਉਹ ਰਾਹ ਨਾਨਕ ਪੀਰ ਦਾ, ਉਸ ਰਾਹ ਨੂੰ ਸਤਿਕਾਰ

ਸੁੱਤੇ ਧਰਮ ਜਦ ਜਾਗਦੇ, ਬਣ ਹਿੰਸਕ ਹਥਿਆਰ
ਸਾਂਝਾਂ, ਰਿਸ਼ਤੇ ਤਿੜਕਦੇ, ਰੂਹ ‘ਤੇ ਕਰਦੇ ਵਾਰ

ਬੈਠੇ ਪਾਰ ਸਮੁੰਦਰਾਂ, ਸੋਚੀਂ ਵਹਿਣ ਪੰਜ ਆਬ
ਮੰਡੀ, ਜਿਣਸ, ਹਕੂਮਤਾਂ , ਇਹ ਸਭ ਸਾਡੇ ਖ਼ਾਬ

ਜਦ ਸੱਤਾ ਨੂੰ ਲੋੜ ਸੀ, ਸਸਤੇ ਸਨ ਮਜ਼ਦੂਰ
ਲਾਲਚ ਦੇ ਕੇ ਸੱਦ ਲਏ, ਹੁਣ ਸਿਸਟਮ ਮਜ਼ਬੂਰ

ਘੱਤ ਵਹੀਰਾਂ ਆ ਗਏ, ਵਿਚ ਕੈਨੇਡੇ ਦੇਸ
ਹੁਣ ਜੌਬਾਂ ਨੂੰ ਤਰਸਦੇ, ਬੈਠੇ ਵਿਚ ਪਰਦੇਸ

ਨੰਨੇ ਨਿਆਣੇ ਖੇਡਦੇ, ਮਾਸੂਮ ਜਿਹੀ ਕੋਈ ਖੇਡ
ਘਰ ਵੀ ਮੈਨੂੰ ਲੱਗ ਰਿਹਾ, ਰੱਬ ਦੀ ਧਰਤੀ ਜੇਡ

ਤੀਆਂ ਚੱਲ ਘਰ ਆਈਆਂ, ਗਿੱਧੇ ਭਗੜੇ ਪੈਣ
ਮਹਿਫਲ ਲਾਈ ਦੋਸਤਾਂ, ਦੂਰ ਖਿਸਕ ਗਈ ਰੈਣ

ਚੁੱਪ ਦੇ ਅੰਦਰ ਸ਼ੋਰ ਹੈ, ਬਾਹਰ ਸੁੰਨ ਮਸਾਣ
ਇਸ ਸ਼ੋਰ ਨੇ ਪਲਟਣੇ, ਨਫ਼ਰਤ ਲਿਬੜੇ ਬਾਣ

ਮੇਰੀ ਕਵਿਤਾ ਜਾਲ ਸੀ, ਤੂੰ ਸੀ ਮੱਛਲੀ ਹੀਰ
ਨਾ ਵਾਰਸ ਦਾ ਕਾਵਿ ਬਣੀ, ਨਾ ਮਿਰਜੇ ਦਾ ਤੀਰ

ਘਣ ਬਿਰਖਾਂ ਚੋਂ ਗੁਜ਼ਰਦੀ, ਜਿਵ ਨਿਮਰ ਜਿਹੀ ਪੌਣ
ਇੰਝ ਤੂੰ ਮੇਰੀ ਰੂਹ ‘ਚੋਂ , ਰੁਮਕ ਰਿਹਾ ਹੈਂ ਗੌਣ

ਨਾ ਤੂੰ ਸਾਡੀ ਸਮਝਦਾ, ਨਾ ਸੁਣਦਾ ਫਰਿਆਦ
ਤਾਂ ਹੀ ਸਾਨੂੰ ਆ ਗਈ, ਬਾਬਰ ਬਾਣੀ ਯਾਦ

ਵਿਸ਼ਵ ਜਦੋਂ ਦਾ ਸੁੰਘੜਿਆ, ਭਾਸ਼ਾ ਫੈਲੀ ਬਾਹਰ
ਹੱਦਾਂ ਬੰਨੇ ਟੱਪ ਰਿਹਾ, ਭਾਸ਼ਾਵਾਂ ਦਾ ਪਰਿਵਾਰ

ਮਾਂ ਬੋਲੀ ਲਈ ਲੜਦਿਆਂ, ਉਮਰ ਰਹੀ ਹੈ ਬੀਤ
ਨਾ ਤੇਰੇ ਫੌਜੀ ਮੰਨ ਰਹੇ, ਨਾ ਭਗਤਾਂ ਦੀ ਸਾਡੇ ਰੀਤ

ਕੀ ਖਟਿਆ ਅਸਾਂ ਵੰਡ ਕੇ, ਧਰਤੀ, ਜਲ ਤੇ ਲੋਕ
ਤੈਨੂੰ ਵੀ ਹਾਕਮ ਖਾ ਗਿਆ, ਸਾਨੂੰ ਵੀ ਚਿੰਬੜੀ ਜੋਕ

ਉਂਝ ਬਿਰਖਾਂ ਨੂੰ ਪੂਜਦੇ, ਪਰ ਹੋਛੇ ਕਿਰਦਾਰ
ਧਰਤ,ਬਿਰਖ ਤੇ ਪੌਣ ਜਲ, ਸਹਿਣ ਕੁਹਾੜੀ ਵਾਰ

ਪਾ ਕੇ ਕੰਨੀਂ ਮੁੰਦਰਾਂ, ਸੁਣ ਰੌਲੇ ਵਰਗੇ ਗੀਤ
ਕਿਹੜੇ ਸਭਿਆ ਚਾਰ ਦੀ , ਸਾਂਭ ਰਹੇ ਹਾਂ ਰੀਤ

ਪਾਣੀ ਪਾਣੀ ਹੋ ਰਹੇ, ਪਰ ਪਾਣੀ ਹੈ ਦੂਰ
ਨਾਨਕ ਜਲ ਸੀ ਪੂਜਿਆ, ਹੁਣ ਦੂਸ਼ਿਤ ਬੇਨੂਰ

ਪੰਜ ਆਬਾਂ ਦੀ ਧਰਤ ਦੇ, ਲੂਸ ਰਹੇ ਹਨ ਲੋਕ
ਰੁੱਖਾਂ ਹਿਜ਼ਰਤ ਕਰਦਿਆਂ, ਚੁਣਿਆਂ ਹੈ ਪਰਲੋਕ

ਕਲ਼ ਕਲ਼ ਵਹਿੰਦੇ ਪਾਣੀਆਂ, ਮੋੜ ਲਏ ਕਿਉਂ ਮੁੱਖ
ਕਿਉਂ ਦਰਿਆ ਨੇ ਰੁੱਸ ਗਏ, ਬਿਰਖ ਕਹਿਣ ਕਿਵ ਦੁੱਖ

ਬੇਨਕਸ਼ੇ ਇਸ ਸ਼ੋਰ ਦਾ, ਨਾ ਮੂੰਹ ਸਿਰ ਨਾ ਪੈਰ
ਧਿਰ ਇਸ ਦੀ ਬਣਦਿਆਂ, ਵਣਜ ਲਏ ਸੀ ਵੈਰ

ਮੰਡੀ ਅੰਦਰ ਵਿਕ ਰਹੇ, ਰਿਸ਼ਤੇ, ਸਾਂਝ, ਪਿਆਰ
ਖ਼ਾਲੀ ਬੋਝੇ ਛਣਕਦੇ, ਨਫ਼ਰਤ, ਸਾੜਾ, ਖਾਰ

ਭਾਸ਼ਾ, ਪਿਆਰ, ਸਹਿਜ ਵੀ, ਪੀੜਾ, ਕੁਦਰਤ ਨਾਲ਼
ਮੁਝ ਅੰਦਰ ਸਭ ਕੂਕਦੇ, ਮੈਂ ਵਿਸਰ ਗਏ ਦੀ ਭਾਲ਼

ਸੱਥ ਦੀਆਂ ਵਿਚ ਰੌਣਕਾਂ, ਬਹਿਸ ਰਿਹਾ ਜੇ ਰਾਜ
ਸਮਝੋ ਕੁੜਤਣ ਆ ਰਹੀ, ਲੈ ਕੰਡਿਆਂ ਦਾ ਤਾਜ

ਖਿਝ ਨਾਲ ਭਰੀ ਦੇਹ ਨੂੰ, ਕਦ ਸੁਝਦੇ ਹਨ ਗੀਤ
ਕਦ ਮੋਇਆਂ ਦੀ ਕਬਰ ‘ਤੇ, ਗੂੰਜਣ ਸੁਰ ਸੰਗੀਤ

ਪਾਣੀ ‘ਤੇ ਉਹ ਲੀਕ ਸੀ, ਪਾਣੀ ਸੀ ਪੰਜ ਆਬ
ਜਿਸ ਦੀ ਚੂਲੀ ਭਰਨ ਨੂੰ, ਹਰ ਕਾਵਿ ਸਤਰ ਬੇਤਾਬ

ਰੰਗ ਪੱਤਿਆਂ ਦੇ ਬਦਲਦੇ, ਹਿਰਦੇ ਪਰਤਣ ਗੀਤ
ਪੰਛੀ ਚਹਿਕਣ ਸੁਰਮਈ, ਬਣ ਗੀਤਾਂ ਦੇ ਮੀਤ

ਲੋੜ ਨਹੀਂ ਸਾਨੂੰ ਭੀੜ੍ਹ ਦੀ, ਸਿਰ ਜਗਦੇ ਬੱਸ ਚਾਰ
ਸੰਗ ਤੁਰਨ ਹਿੱਕ ਤਾਣ ਕੇ, ਝੱਲਣ ਹਰ ਇੱਕ ਵਾਰ

ਚੁੱਪ ਬਹਿਣਾ ਤਾਂ ਧਰਮ ਨਾ, ਨਾ ਇਹ ਜੀਣ ਆਚਾਰ
ਉੱਠ ਸੱਤਾ ਨੂੰ ਵੰਗਾਰੀਏ, ਰੱਖ ਬੋਲਾਂ ਵਿਚ ਅੰਗਿਆਰ

ਸੀਖਾਂ ਅੰਦਰ ਬੰਦ ਹਨ, ਜਾਗ ਰਹੇ ਜੋ ਸਿਰ
ਉਹਨਾਂ ਤੇਰੇ ਤਖ਼ਤ ਦਾ, ਡਗਮਗਾਇਆ ਥਿਰ

ਬੋਲ ਮੁਹੱਬਤਾਂ ਵਣਜਦੇ, ਬੋਲ ਵਣਜਣ ਤਕਰਾਰ
ਬੋਲਾਂ ਦੇ ਸੰਕੋਚ ਵਿਚ, ਮੁਹੱਬਤ ਦਾ ਇਕਰਾਰ

ਅਪਣੇ ਅੰਦਰ ਝਾਕਣਾ, ਲੱਭਣੇ ਖੁਦ ਦੇ ਦੋਸ਼
ਔਖਾ ਹੈ ਇਹ ਖੋਜਣਾ, ਕਾਇਮ ਰੱਖ ਕੇ ਹੋਸ਼

ਸਦਕੇ ਤੇਰੇ ਸਿਦਕ ਦੇ, ਹਠ ਤੋਂ ਮੈਂ ਕੁਰਬਾਨ
ਪੌਣਾਂ ਹੱਥ ਦਿਲ ਘੱਲਿਆ, ਤੇਰੇ ਨਾ ਪਰਵਾਨ

ਜੇ ਨਾ ਕਵਿਤਾ ਬੋਲਿਆ, ਕੌੜੇ ਸੱਚ ਦਾ ਬੋਲ਼
ਢੱਠੇ ਖ਼ੂਹ ਫਿਰ ਪੈਣ ਦੇ, ਝੂਠ ਨਾ ਛਾਬੇ ਤੋਲ

ਅਲਫ਼ ਨੰਗੀ ਇੱਕ ਪੌਣ ਨੇ, ਛੂਹੀ ਪੱਥਰ ਸੋਚ
ਵੇਖ ਤਰੰਗਾਂ ਨੱਚਦੀਆਂ, ਪੱਥਰ ਜਾਗੀ ਲੋਚ

ਕੁਝ ਤਾਂ ਕਵਿਤਾ ਲਿਖ ਰਹੇ, ਕੁਝ ਕਰਦੇ ਪਰਚਾਰ
ਛਿਣ ਭੰਗਰ ਦਾ ਸ਼ੋਰ ਸੀ, ਕਵਿਤਾ ਉਮਰ ਦਰਾਜ਼

ਹੰਕਾਰੀ ਛਿਣ ਗਰਜ਼ਦਾ, ਨਫ਼ਰਤ ਦੇ ਫਰਮਾਨ
ਆਪਣੀ ਪਿੱਠ ਪਲੋਸਦਾ, ਹੋਰਾਂ ਦਾ ਅਪਮਾਨ

ਵੇਖਣ ਸੂਰਜ ਚੜ੍ਹ ਰਿਹਾ, ਝੁਕ ਕੇ ਕਰਨ ਸਲਾਮ
ਡੁੱਬਦੇ ਦੀ ਬੇਚਾਰਗੀ, ਸੰਗ ਨਾ ਕਰਨ ਕਲਾਮ

ਚੈਨਲ ਝੂਠ ਪਰੋਸ ਰਹੇ , ਸੱਚ ਨਾਲ ਕਰਨ ਕਲੋਲ
ਭੁੱਲ ਖ਼ਬਰਾਂ ਦੀ ਮੂੜਮਤੀ, ਸੁਣ ਰਵਿਸ਼ ਜਿਹੇ ਬੋਲ

ਅੰਮ੍ਰਿਤ ਵੇਲ਼ੇ ਉੱਠ ਕੇ, ਪਹਿਲਾਂ ਪੜ੍ਹ ਕਿਤਾਬ
ਅੰਦਰ ਤੇਰੇ ਜਾਗਣੇ, ਨਾਨਕ, ਸ਼ਬਦ, ਰਬਾਬ

ਇੱਕ ਕਬੂਤਰ ਫੁੰਡਿਆ, ਇਕ ਦੀ ਹੋਰ ਹੈ ਭਾਲ਼
ਫੇਲਨ ਫੇਲਨ ਫਾਹ ਲਿਆ, ਦੋਹੇ ਵਿਚਲਾ ਤਾਲ

ਕਾਠ ਦੀ ਹਾਂਡੀ ਚੜ੍ਹ ਰਹੀ, ਤਖ਼ਤ ਬਣੇ ਹਨ ਦਾਸ
ਇੱਕ ਦਿਨ ਸੂਰਜ ਡੁੱਬਣੇ, ਦੰਭ ਨਾ ਆਉਣੇ ਰਾਸ

ਜਾਤ ਧਰਮ ਦੇ ਫ਼ਲਸਫ਼ੇ, ਪੂਜਣ ਦੇ ਅਸਥਾਨ
ਖ਼ਾਲੀ ਸਿਰਾਂ ਤੋਂ ਵਾਰ ਕੇ, ਫਾਹ ਲੈਂਦੇ ਭਗਵਾਨ

ਜੇਕਰ ਮੇਰੀ ਮੈਂ ਮਰੀ, ਡੁੱਬ ਜਾਣਾ ਹੈ ਦੇਸ
ਮੇਰੀ ਮੈਂ ਨੂੰ ਪੂਜ ਲੈ, ਸਮਝ ਫਰੇਬੀ ਵੇਸ

ਬੋਲੀ ਵਿਚ ਹੰਕਾਰ ਹੈ, ਵਾਅਦੇ ਵਿਚ ਵਿਸ਼ਵਾਸ
ਮਸਜਿਦ ਦੀ ਨੀਂਹ ਅੰਦਰੋਂ,ਲੱਭ ਰਿਹਾ ਧਰਵਾਸ

ਪਾਰ ਲਕੀਰੋਂ ਰਹਿ ਗਏ, ਬੋਲੀ ਤੇ ਢਾਈ ਆਬ
ਪਰ ਹਿਰਦੇ ਵਿਚ ਵੱਸ ਰਹੇ, ਵਿਛੜੇ ਰਾਵੀ ਝਨਾਬ

ਜੀਵਨ ਦਾ ਪੰਧ ਬਿਖੜਿਆ, ਬਣਦੇ ਮਿਟਦੇ ਰਾਹ
ਰਾਹਾਂ ਦੇ ਨਕਸ਼ ਨਿਵੇਕਲੇ, ਦੁਖ ਸੁਖ ਲੈਣ ਪਨਾਹ

ਇਹ ਜੋ ਰਿਸ਼ਤੇ ਮਖ਼ਮਲੀ, ਤਿਲਕ ਤਿਲਕ ਕੇ ਜਾਣ
ਨਾਨਕ ਦੀ ਸਾਂਝੀ ਸੋਚ ਦੇ, ਬਣਨ ਕਦੇ ਨਾ ਹਾਣ

ਮਾਂ ਦੀ ਮਮਤਾ ਪਰਖਦਾ, ਕੁੱਛੜ ਅੱਲੜ ਬਾਲ
ਸਾਂਭ ਰਹੇ ਘਰ ਖਿਲਰਿਆ, ਮਾਂ ਦੇ ਖਿਲਰੇ ਵਾਲ

ਹੌਲ਼ੀ ਹੌਲ਼ੀ ਬਿਰਧਿਆ, ਹੁਣ ਹਾਂ ਤਾਲਾ ਯਾਰ
ਬੂਹੇ ਟੰਗ ਤੁਰ ਜਾਣ ਉਹ, ਇਹ ਮੇਰਾ ਸਤਿਕਾਰ

ਕੰਡੇ, ਫੁੱਲ ਤੇ ਟਾਹਣੀਆਂ, ਇੱਕੋ ਰੁੱਖ ਦੇ ਅੰਗ
ਕੁਝ ਦੇ ਵਸਤਰ ਮਖ਼ਮਲੀ, ਕੁਝ ਜਨਮਾਂ ਤੋਂ ਨੰਗ

ਭਾਵਕ ਨਾ ਹੋ ਬੰਦਿਆ, ਮੁਹੱਬਤ ਦੀ ਨਬਜ਼ ਪਛਾਣ
ਭਰਮ ਤਾਂ ਕਵਿਤਾ ਸਿਰਜਦੇ, ਤੂੰ ਰੂਹ ਦੀ ਭਾਸ਼ਾ ਜਾਣ

ਸੰਪਰਕ -9779591344

Leave a Reply

Your email address will not be published. Required fields are marked *