ਕਿਹਾ, ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਪੋਲ੍ਹ ਖੁੱਲ ਗਈ ਹੈ-
ਐਸ.ਏ.ਐਸ. ਨਗਰ- ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿਧੂ ਨੇ ਕਿਹਾ ਹੈ ਕਿ ਅਮਰੀਕਾ ਵਲੋਂ ਭਾਰਤ ਦੇ ਨੌਜਵਾਨਾਂ ਨੂੰ ਹੱਥਕੜੀਆਂ ਤੇ ਬੇੜ੍ਹੀਆਂ ‘ਚ ਜਕੜ ਕੇ ਦੇਸ਼ ਨਿਕਾਲਾ ਦੇਣਾ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਘੋਰ ਉਲੰਘਣਾ ਨੇ ਮੋਦੀ ਸਰਕਾਰ ਵਿਦੇਸ਼ ਨੀਤੀ ਦੀ ਪੋਲ੍ਹ ਖੋਲ੍ਹ ਕੇ ਰੱਖ ਦਿਤੀ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਲੁਹਾ ਕੇ ਨੰਗੇ ਸਿਰ ਭੇਜਣਾ ਮਨੁੱਖ ਅਧਿਕਾਰਾਂ ਦੀ ਉਲੰਘਣਾ ਦੇ ਨਾਲ ਨਾਲ ਧਾਰਮਿਕ ਅਕੀਦੇ ਦੀ ਤੌਹੀਨ ਹੈ ਜਿਸ ਨਾਲ ਸਿਖ ਜਗਤ ਦੇ ਹਿਰਦੇ ਵਲੂੰਦਰ ਗਏ ਹਨ। ਉਹਨਾਂ ਕਿਹਾ ਕਿ ਅਮਰੀਕਾ ਦੇ ਇਸ ਅਤਿ ਨਿੰਦਣ ਯੋਗ ਵਰਤਾਰੇ ਸਬੰਧੀ ਪ੍ਰਧਾਨ ਮੰਤਰੀ ਦੀ ਚੁੱਪ ਦਰਸਾ ਰਹੀ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਅੱਗੇ ਬੇਬੱਸ ਹੋ ਗਏ ਹਨ ਜਿਨ੍ਹਾਂ ਨੂੰ ਉਹ ਆਪਣੇ ਨਿੱਜੀ ਦੋਸਤ ਕਹਿ ਕੇ ਵਡਿਆਉਂਦੇ ਹੁੰਦੇ ਸਨ। ਉਹਨਾਂ ਅੱਗੇ ਕਿਹਾ ਕਿ ਕੋਲੰਬੀਆ ਵਰਗੇ ਛੋਟੇ-ਛੋਟੇ ਦੇਸ਼ਾਂ ਨੇ ਵੀ ਅਮਰੀਕਾ ਵੱਲੋਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਲੈ ਕੇ ਆ ਰਹੇ ਅਮਰੀਕੀ ਫੌਜ਼ੀ ਜਹਾਜ਼ ਨਾ ਉਤਰਨ ਅਤੇ ਜਹਾਜ਼ ਭੇਜ ਕੇ ਦੇਸ਼ ਦੇ ਨੌਜਵਾਨਾਂ ਨੂੰ ਸਨਮਾਨ ਸਾਹਿਤ ਵਾਪਸ ਲਿਆ ਕੇ ਆਪਣੀ ਕੌਮੀ ਸ਼ਾਨ ਬਹਾਲ ਰੱਖੀ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹਵਾਈ ਅੱਡਾ ਚੁਣ ਕੇ ਸਿੱਧੇ ਤੌਰ ਉਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਇਸ ਖੇਡ ਵਿਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਪੂਰੀ ਤਰਾਂ ਸ਼ਾਮਲ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਕੇਂਦਰ ਸਰਕਾਰ ਕੋਲ ਆਪਣਾ ਰੋਸ ਪ੍ਰਗਟਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਨੂੰ ਬਦਨਾਮ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਵਾਪਸ ਭੇਜੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਉਹ ਸਨਮਾਨ ਯੋਗ ਜ਼ਿੰਦਗੀ ਬਿਤਾ ਸਕਣ।
ਸ਼੍ਰੀ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਟਰੈਵਲ ਏਜੰਟਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗਲਤ ਢੰਗਾਂ ਨਾਲ ਵਿਦੇਸ਼ਾਂ ਵਿਚ ਜਾਣ ਦਾ ਕਾਰੋਬਾਰ ਬਹੁਤ ਵੱਡੀ ਪੱਧਰ ਉਤੇ ਸ਼ੁਰੂ ਹੋ ਗਿਆ ਸੀ ਕਿਉਂਕਿ ਇਸ ਪਾਰਟੀ ਦੇ ਆਗੂ ਤੇ ਕੁਝ ਚਹੇਤੇ ਅਫਸਰ ਇਸ ਖੇਡ ਵਿਚ ਭਾਈਵਾਲ ਬਣੇ ਹੋਏ ਹਨ। ਉਹਨਾਂ ਕਿਹਾ ਕਿ ਇਸ ਵਰਤਾਰੇ ਨੇ ਆਮ ਆਦਮੀ ਪਾਰਟੀ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਵਿਦੇਸ਼ਾਂ ਵਿਚੋਂ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਦਾਅਵੇ ਵੀ ਨੰਗੇ ਹੋ ਗਏ ਹਨ।
ਕਾਂਗਰਸੀ ਆਗੂ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਕੁਲਦੀਪ ਸਿੰਘ ਧਾਲੀਵਾਲ ਤੇ ਹਰਭਜਨ ਸਿੰਘ ਈ.ਟੀ.ਓ. ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਫੋਟੋ ਖਿਚਾਉਣ ਦੇ ਚਾਅ ਵਿਚ ਨੰਗੇ ਸਿਰ ਖੜਾ ਸਿਖ ਨੌਜਵਾਨ ਨਹੀਂ ਦਿਸਿਆ। ਉਹਨਾਂ ਕਿਹਾ ਕਿ ਮੰਤਰੀਆਂ ਨੂੰ ਚਾਹੀਦਾ ਸੀ ਕਿ ਉਹ ਸਭ ਤੋਂ ਪਹਿਲਾਂ ਨੰਗੇ ਸਿਰ ਭੇਜੇ ਸਿਖ ਨੌਜਵਾਨ ਲਈ ਦਸਤਾਰ ਜਾਂ ਪਟਕੇ ਦਾ ਪ੍ਰਬੰਧ ਕਰਦੇ।