Headlines

ਭਾਜਪਾ ਨੇ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ

ਨਵੀਂ ਦਿੱਲੀ (ਦਿਓਲ)- ਭਾਜਪਾ ਹਾਈਕਮਾਨ ਨੇ  ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਨਾਮਜ਼ਦ ਕੀਤਾ ਹੈ।  ਮਨੋਨੀਤ ਮੁੱਖ ਮੰਤਰੀ ਰੇਖਾ ਗੁਪਤਾ ਤੇ ਉਨ੍ਹਾਂ ਦੀ ਕੈਬਨਿਟ ਵਿਚਲੇ ਮੰਤਰੀ ਵੀਰਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਅਹੁਦੇ ਦਾ ਹਲਫ਼ ਲੈਣਗੇ। ਭਾਜਪਾ 26 ਸਾਲਾਂ ਦੇ ਵਕਫ਼ੇ ਮਗਰੋਂ ਦਿੱਲੀ ਦੀ ਸੱਤਾ ਵਿਚ ਵਾਪਸੀ ਕਰ ਰਹੀ ਹੈ।

50 ਸਾਲਾ ਰੇਖਾ ਗੁਪਤਾ ਨੂੰ ਲੰਘੇ ਦਿਨ ਭਾਜਪਾ ਵਿਧਾਇਕ ਦਲ ਦੀ ਬੈਠਕ ਵਿਚ ਦਿੱਲੀ ਦੀ ਨਵੀਂ ਬਣੀ 8ਵੀਂ ਅਸੈਂਬਲੀ ਲਈ ਸਦਨ ਦਾ ਆਗੂ ਚੁਣਿਆ ਗਿਆ ਹੈ। ਭਾਜਪਾ ਨੇ ਸ਼ਾਲੀਮਾਰ ਬਾਗ਼ ਤੋਂ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਹੈ। ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋੇਵਗੀ।

ਰੇਖਾ ਗੁਪਤਾ ਨੇ ਬੁੱਧਵਾਰ ਸ਼ਾਮ ਨੂੰ ਰਾਜ ਨਿਵਾਸ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ, ਜਿਸ ਮਗਰੋਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਬੁੱਧਵਾਰ ਰਾਤ ਨੂੰ ਰਸਮੀ ਤੌਰ ’ਤੇ ਮਨੋਨੀਤ ਮੁੱਖ ਮੰਤਰੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਪ ਰਾਜਪਾਲ ਵੱਲੋਂ ਹਲਫ਼ ਦਿਵਾਉਣ ਮਗਰੋਂ ਗੁਪਤਾ ਦਿੱਲੀ ਦੇ 9ਵੇਂ ਮੁੱਖ ਮੰਤਰੀ ਬਣ ਜਾਣਗੇ।

ਭਾਜਪਾ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਇਕ ਦਹਾਕੇ ਦੇ ਕਾਰਜਕਾਲ ਦਾ ਭੋਗ ਪਾਉਂਦਿਆਂ 70 ਮੈਂਬਰੀ ਦਿੱਲੀ ਅਸੈਂਬਲੀ ਵਿਚ 48 ਸੀਟਾਂ ਜਿੱਤੀਆਂ ਸਨ। ਇਸ ਤੋਂ ਪਹਿਲਾਂ ਭਾਜਪਾ 1993-98 ਦੌਰਾਨ ਦਿੱਲੀ ਦੀ ਸੱਤਾ ’ਤੇ ਕਾਬਜ਼ ਰਹੀ ਸੀ।

Leave a Reply

Your email address will not be published. Required fields are marked *