Headlines

ਅੰਤਰਿੰਗ ਕਮੇਟੀ ਵਲੋਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦਾ ਅਸਤੀਫਾ ਅਪ੍ਰਵਾਨ-ਅਸਤੀਫਾ ਵਾਪਿਸ ਲੈਣ ਦੀ ਕੀਤੀ ਅਪੀਲ

ਅੰਮ੍ਰਿਤਸਰ ( ਭੰਗੂ)- ਪੰਜਾਬ ਦੀ ਅਕਾਲੀ ਸਿਆਸਤ ਵਿਚ ਅੱਜਕੱਲ ਕਾਫੀ ਹਲਚਲ ਚੱਲ ਰਹੀ ਹੈ। ਬੀਤੇ ਦਿਨੀਂ ਸ੍ਰੋਮਣੀ ਕਮੇਟੀ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਤੋ ਫਾਰਗ ਕੀਤੇ ਜਾਣ ਦੇ ਫੈਸਲੇ ਦੀ ਸਿੰਘ ਸਾਹਿਬ ਗਿਆਨੀ ਰਘਬੀਰ ਵਲੋਂ ਆਲੋਚਨਾ ਕੀਤੇ ਜਾਣ ਉਪਰੰਤ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਵਿਚਾਰ ਕਰਦਿਆਂ ਫਿਲਹਾਲ ਇਸ ਨੂੰ ਪ੍ਰਵਾਨ ਨਹੀਂ ਕੀਤਾ ਹੈ ਅਤੇ ਕਿਹਾ ਕਿ ਇਸ ਬਾਰੇ ਅਗਲੀ ਮੀਟਿੰਗ ਵਿਚ ਵਿਚਾਰ ਕੀਤਾ ਜਾਵੇਗਾ। ਉਂਝ ਇਸ ਮਾਮਲੇ ਵਿੱਚ ਅੰਤਰਿੰਗ ਕਮੇਟੀ ਦੇ ਮੈਂਬਰਾਂ ਦੀ ਇੱਕ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ, ਜੋ ਜਲਦੀ ਹੀ ਐਡਵੋਕੇਟ ਧਾਮੀ ਨੂੰ ਮਿਲੇਗੀ ਅਤੇ ਉਨ੍ਹਾਂ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕਰੇਗੀ। ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਿਲ ਮੈਂਬਰਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਬਲਦੇਵ ਸਿੰਘ ਕਾਇਮਪੁਰ, ਹਰ ਸੁਖਪ੍ਰੀਤ ਸਿੰਘ ਰੋਡੇ ,ਬੀਬੀ ਹਰਜਿੰਦਰ ਕੌਰ ਅਤੇ ਸੁਰਜੀਤ ਸਿੰਘ ਤੁਗਲਵਾਲਾ ਸ਼ਾਮਲ ਹਨ। ਇਹ ਪੰਜ ਮੈਂਬਰੀ ਕਮੇਟੀ ਐਡਵੋਕੇਟ ਧਾਮੀ ਨੂੰ ਮਿਲਣ ਵਾਸਤੇ ਜਾਵੇਗੀ ਅਤੇ ਅਸਤੀਫਾ ਵਾਪਸ ਲੈਣ ਦੀ ਅਪੀਲ ਕਰੇਗੀ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਹੈ, ਜਿਸ ਵਿੱਚ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਅੱਜ ਕੱਲ੍ਹ ਵਿੱਚ ਹੀ ਐਡਵੋਕੇਟ ਧਾਮੀ ਨੂੰ ਮਿਲਣ ਵਾਸਤੇ ਜਾਵੇਗੀ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਇੱਕ ਚੰਗੀ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੇ ਸਿੱਖ ਸੰਸਥਾ ਲਈ ਚੰਗੇ ਕੰਮ ਕੀਤੇ ਹਨ।

ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਵਿੱਚ ਐਡਵੋਕੇਟ ਧਾਮੀ ਵੱਲੋਂ ਦਿੱਤੇ ਗਏ ਅਸਤੀਫੇ ਦੇ ਕਾਰਨ ਬਾਰੇ ਵੀ ਵਿਚਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨ ਦਾ ਫੈਸਲਾ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਹੇਠ ਆਉਂਦਾ ਹੈ ਅਤੇ ਇਹ ਇੱਕ ਪ੍ਰਬੰਧਕੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅੰਤਰਿੰਗ ਕਮੇਟੀ ਵਿੱਚ ਵਿਚਾਰਿਆ ਗਿਆ ਸੀ ਅਤੇ ਬਹੁਸੰਮਤੀ ਦੇ ਵਿਚਾਰ ਅਤੇ ਸਹਿਮਤੀ ਲੈਣ ਮਗਰੋਂ ਕੀਤਾ ਗਿਆ ਸੀ।

ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਅਧਿਕਾਰ ਖੇਤਰ ਦੇ ਮਾਮਲੇ ਨੂੰ ਸਪਸ਼ਟ ਕਰਨ ਲਈ ਅੰਤਰਿੰਗ ਕਮੇਟੀ ਦੇ ਮੈਂਬਰ ਅੱਜ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਵਾਸਤੇ ਵੀ ਜਾਣਗੇ।

ਇਸ ਦੌਰਾਨ ਸ੍ਰੀ ਵਿਰਕ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤੇ ਜਾਣ ਸਬੰਧੀ ਜਾਂਚ ਕਮੇਟੀ ਦੀ ਰਿਪੋਰਟ ਅਤੇ ਜਾਂਚ ਸਬੰਧੀ ਤੱਥ ਮੀਡੀਆ ਦੇ ਸਾਹਮਣੇ ਰੱਖੇ ਗਏ ਹਨ। ਰਿਪੋਰਟ ਵਿੱਚ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਕਈ ਗੰਭੀਰ ਦੋਸ਼ ਲਾਏ ਗਏ ਹਨ।

Leave a Reply

Your email address will not be published. Required fields are marked *