ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਲਿਖਦੇ ਹਨ-
ਸਟੀਫਨ ਹਾਰਪਰ ਕੈਨੇਡਾ ਦੇ 2006 ਤੋਂ 2015 ਤੱਕ 22ਵੇਂ ਪ੍ਰਧਾਨ ਮੰਤਰੀ ਰਹੇ ਹਨ। ਉਹਨਾਂ ਦੇ ਕਾਰਜਕਾਲ ਦੌਰਾਨ ਵਿਸ਼ਵ ਨੂੰ ਆਰਥਿਕ ਮੰਦੀ ਦੇ ਦੌਰ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਦੀ ਸੂਝਬੂਝ ਤੇ ਨੀਤੀਆਂ ਕਾਰਣ ਕੈਨੇਡਾ ਦੀ ਆਰਥਿਕਤਾ ਮਜ਼ਬੂਤ ਰਹੀ ਤੇ ਉਹਨਾਂ ਨੇ ਫੈਡਰਲ ਬਜਟ ਨੂੰ ਸੰਤਲਿਤ ਬਣਾਈ ਰੱਖਿਆ। ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਭਾਰੀ ਟੈਰਿਫ ਲਗਾਉਣ ਤੇ ਹੋਰ ਧਮਕੀਆਂ ਦਰਮਿਆਨ ਕੈਨੇਡਾ ਨੂੰ ਕਿਵੇ ਕੰਮ ਕਰਨ ਦੀ ਲੋੜ ਹੈ-ਬਾਰੇ ਸਾਬਕਾ ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ…
ਮੈਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੈਨੇਡਾ ਪ੍ਰਤੀ ਇਰਾਦਿਆਂ ਦੇ ਜਵਾਬ ਵਿਚ ਕੀ ਕਰਨ ਦੀ ਲੋੜ ਹੈ। ਜਿਥੋਂ ਤੱਕ ਮੇਰੀ ਸਮਝ ਹੈ ਤੱਥ ਸਪੱਸ਼ਟ ਹਨ ਰਾਸ਼ਟਰਪਤੀ ਟਰੰਪ ਅਮਰੀਕਾ ਤੇ ਕੈਨੇਡਾ ਵਿਚਾਲੇ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਚੱਲੇ ਆ ਰਹੇ ਆਰਥਿਕ ਸਬੰਧਾਂ ਨੂੰ ਵਿਗਾੜਨ ਲਈ ਤੁਲੇ ਹੋਏ ਹਨ। ਉਹ ਉਸ ਵਪਾਰਕ ਸਮਝੌਤੇ ਨੂੰ ਵੀ ਰੱਦ ਕਰਨ ਲਈ ਤਿਆਰ ਹਨ ਜਿਸ ‘ਤੇ ਉਸਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਦਸਤਖਤ ਕੀਤੇ ਸਨ। ਰਾਸ਼ਟਰਪਤੀ ਟਰੰਪ ਦੀਆਂ ਟੈਰਿਫ ਧਮਕੀਆਂ ਦੇ ਜਵਾਬ ਵਿਚ ਕੈਨੇਡਾ ਪਾਸ ਚਾਰ ਸਪੱਸ਼ਟ ਸਬਕ ਹਨ।
ਪਹਿਲਾ ਕਿ ਸਾਨੂੰ ਸ਼੍ਰੀਮਾਨ ਟਰੰਪ ਦੀਆਂ ਧਮਕੀਆਂ ਦੇ ਸਾਮ੍ਹਣੇ ਬਿਲਕੁਲ ਸ਼ਾਂਤ ਰਹਿਣ ਦੀ ਲੋੜ ਹੈ। ਸਾਨੂੰ ਉਦੋਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਤੱਕ ਇਹ ਸਪੱਸ਼ਟ ਨਹੀਂ ਹੋ ਜਾਂਦਾ ਕਿ ਰਾਸ਼ਟਰਪਤੀ ਖੁਦ ਕੀ ਕਰਨਾ ਚਾਹੁੰਦੇ ਹਨ।
ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਕੈਨੇਡਾ ਦੇ ਖਿਲਾਫ ਵਿਆਪਕ ਵਪਾਰਕ ਕਾਰਵਾਈ ਦੀ ਮੰਗ ਕਰਨ ਵਾਲੀ ਕੋਈ ਜਨਤਕ ਰਾਏ ਜਾਂ ਮਹੱਤਵਪੂਰਨ ਸੰਸਥਾ ਨਹੀਂ ਹੈ। ਅਜਿਹੀ ਕੋਈ ਵੀ ਕਾਰਵਾਈ ਅਮਰੀਕੀਆਂ ਦੇ ਹਿੱਤ ਵਿਚ ਨਹੀ ਹੈ ।
ਦੂਜਾ, ਸਾਨੂੰ ਕਿਸੇ ਵੀ ਸੰਕਟ ਲਈ ਤਿਆਰ ਰਹਿਣ ਦੀ ਲੋੜ ਹੈ। ਇਸਤੇ ਕੋਈ ਬਹਿਸ ਨਹੀ ਹੋਣੀ ਚਾਹੀਦੀ ਕਿ ਅਸੀ ਟੈਰਿਫ ਦਾ ਸਾਹਮਣਾ ਬਦਲਾਲਊ ਕਾਰਵਾਈ ਕਰਦਿਆਂ ਲਵਾਂਗੇ। ਬਦਲਾਲਊ ਕਾਰਵਾਈ ਦਾ ਨਤੀਜਾ ਕਿਤੇ ਵੀ ਸਾਰਥਿਕ ਨਹੀ ਹੁੰਦਾ।
ਤੀਜਾ, ਸਾਨੂੰ ਇਕਪਾਸੜ ਰਿਆਇਤਾਂ ਦੀ ਪੇਸ਼ਕਸ਼ ਨਹੀਂ ਕਰਨੀ ਚਾਹੀਦੀ। ਰਿਆਇਤ ਉਦੋਂ ਹੀ ਕਰੋ ਜਦੋਂ ਸਾਨੂੰ ਪਤਾ ਹੋਵੇ ਕਿ ਬਦਲੇ ਵਿਚ ਸਾਨੂੰ ਕੁਝ ਹਾਸਲ ਹੋ ਸਕਦਾ ਹੈ।
ਚੌਥਾ, ਵਧੇਰੇ ਪਰੇਸ਼ਾਨ ਕਰਨ ਵਾਲਾ ਸਬਕ ਹੈ ਰਾਸ਼ਟਰਪਤੀ ਟਰੰਪ ਦਾ ਸਾਡੇ ਮੁਲਕ ਪ੍ਰਤੀ ਦ੍ਰਿਸ਼ਟੀਕੋਣ।
ਰਾਸ਼ਟਰਪਤੀ ਟਰੰਪ ਕੈਨੇਡਾ ਨਾਲ ਅਮਰੀਕਾ ਦੇ ਸਬੰਧਾਂ ਨੂੰ ਇਸ ਦੇ ਸਭ ਤੋਂ ਵੱਧ ਲਾਭਕਾਰੀ, ਸਭ ਤੋਂ ਵੱਧ ਪਰਸਪਰ, ਅਤੇ ਦੁਨੀਆ ਵਿੱਚ ਸਭ ਤੋਂ ਸੁਰੱਖਿਅਤ ਸਾਥੀ ਵਜੋਂ ਦੇਖਣ ਦੀ ਬਜਾਏ, ਅਮਰੀਕਾ ਲਈ ਘਾਟੇਵੰਦਾ ਦੇਖਦੇ ਹਨ। ਉਸਦਾ ਮੰਨਣਾ ਹੈ ਕਿ ਕੈਨੇਡਾ ਦੀ ਆਰਥਿਕ ਸੁਰੱਖਿਆ ਅਮਰੀਕਾ ਨਾਲ ਮਿਲ ਜਾਣ ਵਿਚ ਹੈ ਤੇ ਉਹ ਕੈਨੇਡਾ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇ ਰਹੇ ਹਨ। ਮੈਂ ਵਾਰ-ਵਾਰ ਕਹਿੰਦਾ ਹਾਂ ਕਿ ਕੈਨੇਡਾ ਦਾ ਅਮਰੀਕਾ ਨਾਲ ਗਠਜੋੜ, ਭਾਈਵਾਲੀ ਅਤੇ ਦੋਸਤੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸੰਪੱਤੀ ਵਿੱਚੋਂ ਇੱਕ ਹੈ। ਹਾਲਾਂਕਿ, ਅਮਰੀਕੀ ਦ੍ਰਿਸ਼ਟੀਕੋਣ ਦੇ ਉਲਟ, ਸਾਡਾ ਧਿਆਨ ਹੁਣ ਡੂੰਘੀ ਆਰਥਿਕ ਅਤੇ ਸੁਰੱਖਿਆ ਭਾਈਵਾਲੀ ਨੂੰ ਅੱਗੇ ਵਧਾਉਣ ‘ਤੇ ਨਹੀਂ ਹੋਣਾ ਚਾਹੀਦਾ ਹੈ। ਇਸ ਪੜਾਅ ‘ਤੇ ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ‘ਤੇ ਹੋਰ ਨਿਰਭਰਤਾ ਤੋਂ ਬਚਣ ਦੀ ਲੋੜ ਹੈ।
ਮੇਰਾ ਇਹ ਵਿਸ਼ਵਾਸ ਹੈ ਕਿ ਕੈਨੇਡਾ ਦੀ ਹੋਂਦ ਨੂੰ ਕਾਇਮ ਰੱਖਣਾ ਸਾਡਾ ਸਭ ਤੋਂ ਉੱਚਤਮ ਉਦੇਸ਼ ਹੋਣਾ ਚਾਹੀਦਾ ਹੈ। ਸਾਡਾ ਵੱਖਰਾ ਇਤਿਹਾਸ, ਪਛਾਣ ਅਤੇ ਸੱਭਿਆਚਾਰ ਸੁਰੱਖਿਅਤ ਰੱਖਣ ਯੋਗ ਹਨ। ਟਰੰਪ ਵਲੋਂ ਪੈਦਾ ਕੀਤੀ ਮੌਜੂਦਾ ਸਥਿਤੀ ਬਹੁਤ ਵੱਡਾ ਖਤਰਾ ਵੀ ਪੇਸ਼ ਕਰਦੀ ਹੈ, ਪਰ ਨਾਲ ਹੀ ਕਾਫ਼ੀ ਮੌਕੇ ਵੀ ਪ੍ਰਦਾਨ ਕਰਦੀ ਹੈ । ਅਸੀਂ ਇਹਨਾਂ ਪਲਾਂ ਦੀ ਵਰਤੋਂ ਕੈਨੇਡਾ ਨੂੰ ਇੱਕ ਵਾਰ ਫਿਰ ਤੋਂ ਮਾਣਮੱਤਾ ਅਤੇ ਮਜ਼ਬੂਤ ਦੇਸ਼ ਬਣਾਉਣ ਲਈ ਕਰ ਸਕਦੇ ਹਾਂ। ਇਹ ਸਾਡੇ ਲਈ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਤੀਯੋਗੀ ਅਰਥਵਿਵਸਥਾ ਬਣਨ ਲਈ ਲੰਬੇ ਸਮੇਂ ਦੇ ਏਜੰਡੇ ਨੂੰ ਵਿਕਸਤ ਕਰਨ ਦਾ ਮੌਕਾ ਹੈ। ਇਸ ਦਾ ਮਤਲਬ ਸਿਰਫ਼ ਸਰਕਾਰੀ ਨੀਤੀ ਵਿੱਚ ਹੀ ਨਹੀਂ, ਸਗੋਂ ਸਾਡੇ ਆਰਥਿਕ ਢਾਂਚੇ ਅਤੇ ਵਪਾਰਕ ਸੱਭਿਆਚਾਰ ਨੀਤੀਆਂ ਵਿਚ ਵੀ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਹੈ ।
ਸਾਨੂੰ ਅੰਤਰ-ਪ੍ਰਾਂਤਕ ਵਪਾਰਕ ਰੁਕਾਵਟਾਂ ਖਤਮ ਕਰਨਾ ਚਾਹੀਦਾ ਹੈ, ਅੰਦਰੂਨੀ ਬਾਜ਼ਾਰਾਂ ਨੂੰ ਖੋਲ੍ਹਣਾ ਚਾਹੀਦਾ ਹੈ, ਟੈਕਸਾਂ ਨੂੰ ਘੱਟ ਕਰਨਾ ਚਾਹੀਦਾ ਹੈ, ਸਬਸਿਡੀਆਂ ਨੂੰ ਘਟਾਉਣਾ ਚਾਹੀਦਾ ਹੈ, ਸੌਖੇ ਨਿਯਮ ਬਣਾਉਣੇ ਚਾਹੀਦੇ ਹਨ ਤੇ ਆਪਣੇ ਸਰੋਤਾਂ ਨੂੰ ਵਰਤੋਂ ਵਿਚ ਲਿਆਉਣ ਦੀ ਲੋੜ ਹੈ। ਨਿਰਯਾਤ-ਮੁਖੀ ਬੁਨਿਆਦੀ ਢਾਂਚਾ ਬਣਾਉਣਾ ਦੇ ਨਾਲ ਬਾਹਰੀ ਬਾਜ਼ਾਰਾਂ ਨੂੰ ਵਿਭਿੰਨ ਬਣਾਉਣ ਲਈ ਇੱਕ ਰਾਸ਼ਟਰੀ ਮਿਸ਼ਨ ਬਣਾਉਣਾ ਚਾਹੀਦਾ ਹੈ।
ਜੇਕਰ ਅਸੀਂ ਆਪਣੇ ਸਰੋਤਾਂ ਦੀ ਵਰਤੋਂ ਕਰਦਿਆਂ ਆਪਣੀਆਂ ਨੀਤੀਆਂ ਨੂੰ ਅੱਗੇ ਲਿਜਾਣ ਦਾ ਰਾਹ ਚੁਣਦੇ ਹਾਂ, ਤਾਂ ਯਕੀਨਨ ਅਸੀਂ ਮਜ਼ਬੂਤ ਹੋਵਾਂਗੇ। ਪਰ ਜੇਕਰ ਅਸੀਂ ਟਰੰਪ ਦੇ ਸੁਰੱਖਿਆਵਾਦ ਦਾ ਸਾਹਮਣਆ ਕਰਦਿਆਂ ਕੈਨੇਡੀਅਨ ਜਵਾਬ ਦਿੰਦੇ ਹਾਂ, ਤਾਂ ਇਸ ਨਾਲ ਸਾਡਾ ਦੇਸ਼ ਕਮਜ਼ੋਰ ਹੋਵੇਗਾ ।
ਸਾਡਾ ਏਜੰਡਾ ਕੰਮ ਕਰਨ ਵਾਲੇ ਕੈਨੇਡੀਅਨ ਪਰਿਵਾਰਾਂ ਲਈ ਮੌਕਿਆਂ ਅਤੇ ਆਮਦਨ ‘ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਮੁਦਰਾ ਨੀਤੀ, ਘਾਟੇ, ਇਮੀਗ੍ਰੇਸ਼ਨ, ਜਲਵਾਯੂ, ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਕੈਨੇਡਾ ਦੇ ਮੌਜੂਦਾ ਨੇਤਾਵਾਂ ਦੀਆਂ ਕੁਲੀਨ ਤਰਜੀਹਾਂ ਨੇ ਪਹਿਲਾਂ ਹੀ ਮਹਿੰਗਾਈ ਨੂੰ ਵਧਾ ਦਿੱਤਾ ਹੈ, ਰਿਹਾਇਸ਼ੀ ਲਾਗਤਾਂ ਨੂੰ ਦੁੱਗਣਾ ਕਰ ਦਿੱਤਾ ਹੈ।
ਸਾਡੀ ਆਰਥਿਕਤਾ ਦੇ ਨੁਕਸਾਨ ਤੋਂ ਬਚਾਅ ਅਤੇ ਅੱਗੇ ਵਧਣ ਲਈ ਕੈਨੇਡਾ ਦਾ ਸਭ ਤੋਂ ਵਧੀਆ ਰਸਤਾ ਸਾਡੇ ਊਰਜਾ ਸਰੋਤਾਂ ਦਾ ਸਰਬਪੱਖੀ ਵਿਕਾਸ ਹੈ। ਸਾਨੂੰ ਅਜਿਹਾ ਕੁਝ ਕਰਨਾ ਚਾਹੀਦਾ ਹੈ ਜੋ ਇਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਨੂੰ ਕਰਨ ਦੀ ਲੋੜ ਹੈ।
ਇਸ ਵਿਚ ਦੋ ਰਾਵਾਂ ਨਹੀਂ ਕਿ ਸਰਹੱਦ ਦੀ ਰਾਖੀ ਸਾਡੀ ਅਮਰੀਕਾ ਨਾਲ ਸਾਂਝੀ ਜ਼ਿੰਮੇਵਾਰੀ ਹੈ। ਪਰ ਇਹਨਾਂ ਲਾਈਨਾਂ ਤੋਂ ਪਰੇ, ਸਾਨੂੰ ਆਪਣੀ ਫੌਜ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ ਅਤੇ ਕੈਨੇਡਾ ਦੀ ਜ਼ਮੀਨ, ਸਮੁੰਦਰਾਂ ਅਤੇ ਅਸਮਾਨ ਦੀ ਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਵਾਸਤੇ ਵੱਡਾ ਨਿਵੇਸ਼ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਸੁਰੱਖਿਆ ਲਈ ਕਿਸੇ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਸਾਨੂੰ ਸੰਯੁਕਤ ਰਾਜ ਅਮਰੀਕਾ ਦਾ ਭਾਈਵਾਲ ਤਾਂ ਰਹਿਣਾ ਚਾਹੀਦਾ ਹੈ, ਪਰ ਉਸਤੋਂ ਬਿਨਾਂ ਸੁਤੰਤਰ ਕਾਰਵਾਈ ਕਰਨ ਦੇ ਸਮਰੱਥ ਵੀ ਹੋਣਾ ਚਾਹੀਦਾ ਹੈ।
ਅੰਤ ਵਿੱਚ, ਸਾਨੂੰ ਆਪਣੀਆਂ ਗਲਤ ਪ੍ਰਵਿਰਤੀਆਂ ਤੋਂ ਬਚਣਾ ਚਾਹੀਦਾ ਹੈ। ਸੰਯੁਕਤ ਰਾਜ ਅਮਰੀਕਾ ਨੂੰ ਕੋਸਣਾ ਜਾਂ ਰਾਸ਼ਟਰਪਤੀ ਟਰੰਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਾ , ਭਾਵੇਂ ਭਾਵਨਾਤਮਕ ਤੌਰ ‘ਤੇ ਸੰਤੁਸ਼ਟੀਜਨਕ ਹੋਵੇ, ਪਰ ਇਹ ਸਮੂਹਿਕ ਹਿੱਤ ਵਿਚ ਨਹੀਂ। ਸਾਨੂੰ ਆਦਰ ਦਿਖਾਉਣਾ ਚਾਹੀਦਾ ਹੈ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇਹ ਕਾਲੇ ਦਿਨ ਹੋ ਸਕਦੇ ਹਨ, ਪਰ ਇਹ ਲੰਘ ਜਾਣਗੇ। ਆਓ ਅਸੀਂ ਇਸ ਚੁਣੌਤੀ ਨੂੰ ਕੈਨੇਡਾ ਦੇ ਰਾਸ਼ਟਰੀ ਨਵੀਨੀਕਰਨ ਦੇ ਮਾਣਮੱਤੇ ਸਫਰ ਦੇ ਇਕ ਮੌਕੇ ਵਜੋਂ ਵੇਖੀਏ।