ਪੰਜਾਬੀ ਸੱਭਿਆਚਾਰਕ ਤਸਵੀਰਾਂ ਨੂੰ ਪਿਆਰ ਕਰਨ ਵਾਲਾ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ ਜਿਹੜਾ ਆਰਟਿਸਟ ਜਰਨੈਲ ਸਿੰਘ ਨੂੰ ਨਾ ਜਾਣਦਾ ਹੋਵੇ। ਆਪਣੀ ਕਲਪਨਾ ਨੂੰ ਰੰਗਾਂ ਦੇ ਸਹਾਰੇ ਕੈਨਵਸ ’ਤੇ ਚਿੱਤਰ ਕੇ ਇਸ ਕਲਾਕਾਰ ਨੇ ਲੱਖਾਂ ਪੰਜਾਬੀਆਂ ਦੇ ਘਰਾਂ ਦੀਆਂ ਕੰਧਾਂ ’ਤੇ ਥੋੜ੍ਹੀ ਥੋੜ੍ਹੀ, ਪਰ ਦਿਲਾਂ ਵਿੱਚ ਬਹੁਤ ਸਾਰੀ ਥਾਂ ਮੱਲ ਲਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੜ੍ਹਦਿਆਂ ਮੈਂ ਵੀ ਆਪਣੇ ਹੋਸਟਲ ਦੇ ਕਮਰੇ ਵਿੱਚ ਇਸ ਰੰਗਾਂ ਦੇ ਜਾਦੂਗਰ ਦੁਆਰਾ ਬਣਾਈਆਂ ‘ਫੁਲਕਾਰੀ ਵਾਲੀਆਂ ਪੰਜਾਬਣਾਂ’ ਦੀਆਂ ਤਸਵੀਰਾਂ ਹਮੇਸ਼ਾਂ ਲਗਾ ਕੇ ਰੱਖੀਆਂ ਅਤੇ ਸ਼ਾਇਦ ਕਦੇ ਕਦੇ ਇਨ੍ਹਾਂ ਤਸਵੀਰਾਂ ਨੂੰ ਵੇਖ ਵੇਖ ਕੇ ਪੈਨਸਿਲ ਤੇ ਕਾਗਜ਼ ਨਾਲ ਖੇਡ ਕੇ ‘ਜਰਨੈਲ’ ਬਣਨ ਦੀ ਅਸਫਲ ਕੋਸ਼ਿਸ਼ ਵੀ ਕਰਦਾ ਰਿਹਾ ਹਾਂ।
ਇਹ ਨੱਬੇਵਿਆਂ ਦੇ ਮੱਧ ਵੇਲੇ ਦੀਆਂ ਗੱਲਾਂ ਨੇ। ਤਿੱਖੇ ਨੈਣ ਨਕਸ਼ਾਂ ਵਾਲੀਆਂ ਇਨ੍ਹਾਂ ਪੰਜਾਬਣਾਂ ਦਾ ਇਹ ਚਿਤੇਰਾ ਕਿੱਥੋਂ ਦਾ ਜੰਮਪਲ ਹੈ? ਕਿਹੜੇ ਘਰ ਦਾ ਚਿਰਾਗ ਹੈ? ਤੇ ਵੇਖਣ ਨੂੰ ਕਿਹੋ ਜਿਹਾ ਲੱਗਦਾ ਹੋਵੇਗਾ? ਇਹ ਸਵਾਲ ਹਮੇਸ਼ਾਂ ਮੇਰੇ ਖ਼ਿਆਲਾਂ ਵਿੱਚ ਘੁੰਮਦੇ ਰਹਿੰਦੇ, ਪਰ ਸਾਇੰਸ ਪੜ੍ਹਦਿਆਂ ਪੜ੍ਹਦਿਆਂ ਮੈਂ ਇਸ ਕਲਾਕਾਰ ਤੱਕ ਪਹੁੰਚਣ ਦਾ ਸਬੱਬ ਨਾ ਬਣਾ ਸਕਿਆ। ਕੈਨੇਡਾ ਪਹੁੰਚ ਕੇ ਜਦੋਂ ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਜਾਣ ਦਾ ਮੌਕਾ ਮਿਲਿਆ ਤਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਜਰਨੈਲ ਆਰਟਸ ਦਾ ਸਾਈਨ ਬੋਰਡ ਪੜ੍ਹ ਕੇ ਵੀਰ ਜੀ ਹੁਰਾਂ ਨੂੰ ਮਿਲਣ ਦੀ ਇੱਛਾ ਫਿਰ ਜਾਗੀ। ਫੋਨ ’ਤੇ ਗੱਲਬਾਤ ਹੋਈ ਤੇ ਇੱਕ ਸੁਭਾਗਾ ਐਤਵਾਰ ਗੱਲਬਾਤ ਲਈ ਚੁਣ ਲਿਆ ਗਿਆ। ਲਗਭਗ ਦੋ ਘੰਟੇ ਦੀ ਵਿਚਾਰ ਚਰਚਾ ਮਗਰੋਂ ਜੋ ਮੈਂ ਇਸ ਕਲਾਕਾਰ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਜਾਣ ਸਕਿਆ ਉਹ ਆਪਣੇ ਪਾਠਕਾਂ ਨਾਲ ਸਾਂਝੀ ਕਰਨ ਦਾ ਆਨੰਦ ਲੈ ਰਿਹਾ ਹਾਂ।
ਜਰਨੈਲ ਸਿੰਘ, ਆਰਟਿਸਟ ਕਿਰਪਾਲ ਸਿੰਘ ਦੇ ਸਭ ਤੋ ਛੋਟੇ ਸਪੁੱਤਰ ਨੇ। ਪੰਜਾਬ ਦੇ ਸ਼ਹਿਰ ਜ਼ੀਰਾ ਵਿੱਚ ਜਨਮੇ ਇਸ ਕਲਾਕਾਰ ਨੂੰ ਜ਼ੀਰੇ ਵਿੱਚ ਰਹਿਣ ਦਾ ਮੌਕਾ ਤਾਂ ਨਹੀਂ ਮਿਲਿਆ, ਪਰ ਛੋਟੀ ਉਮਰ ਤੋਂ ਹੀ ਪਿਤਾ ਜੀ ਦੇ ਚੱਲ ਰਹੇ ਚਿੱਤਰਕਾਰੀ ’ਤੇ ਪ੍ਰਾਜੈਕਟਾਂ ਕਰਕੇ ਉਸ ਨੇ ਆਪਣੇ ਬਚਪਨ ਤੇ ਜੁਆਨੀ ਦੇ ਪਲ ਅੰਮ੍ਰਿਤਸਰ, ਦਿੱਲੀ ਅਤੇ ਚੰਡੀਗੜ੍ਹ ਵਿੱਚ ਗੁਜ਼ਾਰੇ। ਉਸ ਦੇ ਪਿਤਾ ਜੀ ਸਰਦਾਰ ਕਿਰਪਾਲ ਸਿੰਘ ਦੁਆਰਾ ਬਣਾਈਆਂ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਜੀ ਦੀਆਂ ਤਸਵੀਰਾਂ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਿੱਖ ਅਜਾਇਬ ਘਰ ਵਿੱਚ ਲੱਗੀਆਂ ਹੋਈਆਂ ਹਨ, ਤੋਂ ਦੁਨੀਆ ਭਰ ਦੇ ਪੰਜਾਬੀ ਵਾਕਿਫ਼ ਹਨ। ਸਰਦਾਰ ਕਿਰਪਾਲ ਸਿੰਘ ਇਸ ਸਿੱਖ ਅਜਾਇਬ ਘਰ ਦੇ ਫਾਊਂਡਰ ਆਰਟਿਸਟ ਸਨ।
ਜਰਨੈਲ ਸਿੰਘ ਦੀ ਮੁੱਢਲੀ ਸਿੱਖਿਆ ਇਨ੍ਹਾਂ ਤਿੰਨੇ ਸ਼ਹਿਰਾਂ ਤੋਂ ਹੋਈ ਅਤੇ ਉਸ ਨੇ ਆਪਣੀ ਮੈਟ੍ਰਿਕ ਚੰਡੀਗੜ੍ਹ ਦੇ ਉੱਨੀ ਸੈਕਟਰ ਸਥਿਤ ਗੁਰੂ ਨਾਨਕ ਮਾਡਲ ਸਕੂਲ ਤੋਂ ਕੀਤੀ। ਆਪਣੇ ਕਲਾ ਸਫ਼ਰ ਬਾਰੇ ਦੱਸਦਿਆਂ ਉਸ ਨੇ ਦੱਸਿਆ ਕਿ ਉਹ ਆਪਣੀਆਂ ਕਿਤਾਬਾਂ ਵਿੱਚ ਛਪੀਆਂ ਕੁਝ ਤਸਵੀਰਾਂ ਅਤੇ ਪਿਤਾ ਜੀ ਦੀਆਂ ਬਣਾਈਆਂ ਤਸਵੀਰਾਂ ਦੀ ਨਕਲ ਉਤਾਰ ਕੇ ਛੋਟੀ ਉਮਰ ਤੋਂ ਹੀ ਡਰਾਇੰਗ ਕਰਨ ਲੱਗ ਪਿਆ ਸੀ। ਇੱਕ ਵਾਰ ਸੋਭਾ ਸਿੰਘ ਆਰਟਿਸਟ, ਚੰਡੀਗੜ੍ਹ ਉਨ੍ਹਾਂ ਦੇ ਘਰ ਆਏ ਤੇ 10 ਸਾਲਾਂ ਦੇ ਬਾਲਕ ਜਰਨੈਲ ਨੇ ਉਨ੍ਹਾਂ ਨੂੰ ਆਪਣੀ ਬਣਾਈ ਇੱਕ ਡਰਾਇੰਗ ਵਿਖਾਈ। ਇਨਾਮ ਵਜੋਂ ਮਿਲੀ ਅਠਿਆਨੀ ਨੇ ਜਰਨੈਲ ਨੂੰ ਅਜਿਹਾ ਹੁਲਾਰਾ ਦਿੱਤਾ ਕਿ ਉਸ ਨੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਵਿਦਿਆਰਥੀ ਜੀਵਨ ਦੌਰਾਨ ਹੀ ਉਸ ਨੇ ਪਿਤਾ ਜੀ ਨਾਲ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਦਸ ਸਾਲਾਂ ਦੇ ਜ਼ਿਮੀਂਦਾਰਾਂ ਦੇ ਪੁੱਤਰ ਨੂੰ ਬਾਪ ਹਲ਼ ਦੀ ਮੁੰਨੀ ਫੜਾਉਣੀ ਸ਼ੁਰੂ ਕਰ ਦਿੰਦੈ ਹਨ। ਆਰਟਿਸਟ ਬਾਪ ਲਈ ਕੈਨਵਸ ਤਿਆਰ ਕਰਨੇ ਤੇ ਕਲਾ ਦੀਆਂ ਬਾਰੀਕੀਆਂ ਨੂੰ ਸਮਝਣਾ ਸ਼ੁਰੂ ਹੋ ਗਿਆ ਸੀ। ਮਦਦ ਕਰਦੇ ਕਰਦੇ ਉਸ ਨੇ ਆਪਣੀ ਪੇਂਟਿੰਗ ਵੀ ਸ਼ੁਰੂ ਕਰ ਲੈਣੀ। ਪਿਤਾ ਜੀ ਨੇ ਗ਼ਲਤੀਆਂ ਤਾਂ ਦੱਸਣੀਆਂ, ਪਰ ਇਹ ਨਾ ਦੱਸਣਾ ਕਿ ਇਨ੍ਹਾਂ ਨੂੰ ਠੀਕ ਕਿਵੇਂ ਕਰਨੈ। ਇਹ ਵੇਲਾ ਸੀ ਜਦੋਂ ਜਰਨੈਲ ਨੇ ਖ਼ੁਦ ਫ਼ੈਸਲੇ ਲੈਣ ਤੇ ਨਿਭਾਉਣ ਦੀ ਜਾਚ ਸਿੱਖੀ ਸੀ। ਮੁੱਢਲੀ ਸਟੇਜ ’ਤੇ ਹੀ ਆਪਣੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਾਉਣ ਦਾ ਫ਼ੈਸਲਾ ਲੈ ਲਿਆ, ਪਰ ਪਿਤਾ ਜੀ ਨੇ ਰੋਕ ਦਿੱਤਾ, ਆਖਿਆ, ‘‘ਪੁੱਤਰ ਜੀ ਅਜੇ ਪ੍ਰਦਰਸ਼ਨੀ ਲਾਉਣ ਦਾ ਵੇਲਾ ਨਹੀਂ ਆਇਆ। ਹੋਰ ਮਿਹਨਤ ਕਰੋ।’’
ਆਪਣੀਆਂ ਯਾਦਾਂ ਦੇ ਰਾਹ ਮੁੜਦਿਆਂ ਉਸ ਨੇ ਦੱਸਿਆ ਕਿ ਸਭ ਤੋਂ ਪਹਿਲੀ ਤਸਵੀਰ ਉਸ ਨੇ ਤੂੰਬੀ ਵਜਾ ਰਹੇ ਇੱਕ ਮੁੰਡੇ ਦੀ ਬਣਾਈ ਸੀ। ਘਰ ਉਹ ਤਸਵੀਰ ਆਈ ਕਿੱਥੋਂ ਸੀ? ਇਹ ਨਹੀਂ ਪਤਾ। ਫਿਰ 1974 ਵਿੱਚ ਆਪਣੇ ਪਿਤਾ ਜੀ ਦੀ ਬਣਾਈ ਤਸਵੀਰ ਤੋਂ ਹੀ ਵੇਖ ਕੇ ਫੁਲਕਾਰੀ ਕੱਢਦੀ ਇੱਕ ਮੁਟਿਆਰ ਚਿਤਰੀ। ਉਸ ਵੇਲੇ ਸਰਦਾਰ ਕਿਰਪਾਲ ਸਿੰਘ ਐਂਗਲੋ ਸਿੱਖ ਵਾਰ ਮੈਮੋਰੀਅਲ ਦੇ ਪ੍ਰਾਜੈਕਟ ’ਤੇ ਕੰਮ ਕਰ ਰਹੇ ਸਨ ਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਘਰੇ ਆਉਂਦੇ ਜਾਂਦੇ ਰਹਿੰਦੇ ਸਨ। ਇਹ ‘ਵਾਰ ਮੈਮੋਰੀਅਲ’ ਫਿਰੋਜ਼ਪੁਰ ਤਲਵੰਡੀ ਰੋਡ ’ਤੇ ਫਿਰੋਜ਼ਸ਼ਾਹ ਪਿੰਡ ਵਿਖੇ ਸਥਿਤ ਹੈ।
ਡਾਕਟਰ ਰੰਧਾਵਾ ਨੇ ਪੁੱਛਿਆ, ‘‘ਕਾਕੇ ਤੂੰ ਕੀ ਕਰਦਾ ਹੁੰਨੈ?’’ ਉਨ੍ਹਾਂ ਪੁੱਛਿਆ, ‘‘ਨੌਕਰੀ ਤਾਂ ਨਹੀਂ ਕਰਦਾ?’’ ‘‘ਜੀ ਨਹੀਂ।’’ ਕਹਿੰਦੇ ‘‘ਪੁੱਤ ਕਰੀਂ ਵੀ ਨਾ। ਸਾਰਾ ਟੈਲੈਂਟ ਉੱਡ ਜੂ।’’ ਇਸ ਗੱਲ ਨੂੰ ਪੱਲੇ ਬੰਨ੍ਹ ਕੇ ਜਰਨੈਲ ਨੇ ਅਜੇ ਤੱਕ ਕਦੀ ਵੀ ਕੋਈ ਨੌਕਰੀ ਨਹੀਂ ਕੀਤੀ। ਇੱਕ ਵਾਰ ਪਿਤਾ ਜੀ ਦੀ ਮੌਤ ਮਗਰੋਂ 1991-92 ਵਿੱਚ ਸਰਦਾਰ ਮਨਜੀਤ ਸਿੰਘ ਕਲਕੱਤਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਕਰਨ ਦਾ ਸੱਦਾ ਮਿਲਿਆ, ਪਰ ਉਹ ਨਹੀਂ ਗਿਆ। ਇਸੇ ਤਰ੍ਹਾਂ ਕਲਾ ਦੇ ਖੇਤਰ ਤੋਂ ਬਾਹਰ ਨੌਕਰੀ ਮਿਲੀ ਵੀ ਸੀ। ਆਰਡਰ ਵੀ ਜਾਰੀ ਹੋ ਗਏ, ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲੱਗੀ ਪ੍ਰਦਰਸ਼ਨੀ ਵਿੱਚ ਜਰਨੈਲ ਸਿੰਘ ਦੀਆਂ ਕੁਝ ਤਸਵੀਰਾਂ ਵਿਕ ਗਈਆਂ ਤੇ ਉਹ ਨੌਕਰੀ ਦੇਣ ਵਾਲਿਆਂ ਨੂੰ ਜੁਆਬ ਦੇ ਆਇਆ।
ਲਲਿਤ ਕਲਾ ਅਕੈਡਮੀ ਦੇ ਪ੍ਰਧਾਨ ਹੁੰਦਿਆਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਉਸ ਦੀ ਇੱਕ ਤਸਵੀਰ ਤਿੰਨ ਸੌ ਰੁਪਏ ਵਿੱਚ ਵਿਕਵਾ ਦਿੱਤੀ, ਜਿਸ ਵਿੱਚ ਕੁੜੀਆਂ ਦਾ ਇੱਕ ਸਮੂਹ ਸੀ ਅਤੇ ਉਹ ਚੱਕੀ ਪੀਹ ਰਹੀਆਂ ਸਨ। ਇਸ ਨਾਲ ਉਸ ਦਾ ਹੌਸਲਾ ਹੋਰ ਵਧ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਜਾਇਬ ਘਰ ਲਈ ਤਸਵੀਰਾਂ ਬਣਾਈਆਂ। ਪੰਜਾਬ ਕਲਾ ਭਵਨ ਚੰਡੀਗੜ੍ਹ ਲਈ ਕੰਮ ਕੀਤਾ। ਇਹ ਸਾਰੇ ਦਾ ਸਾਰਾ ਕੰਮ ਪੰਜਾਬੀ ਸੱਭਿਆਚਾਰ ਦੀ ਝਲਕ ਪਾਉਂਦਾ ਸੀ। ਇਹੋ ਖੇਤਰ ਵਿੱਚ ਕੰਮ ਮਿਲਿਆ ਤੇ ਇਸੇ ਵਿੱਚ ਦਿਲਚਸਪੀ ਸੀ। ਉਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਇਸ ਖੇਤਰ ਵਿੱਚ ਕੰਮ ਹੋ ਨਹੀਂ ਰਿਹਾ ਸੀ ਤੇ ਲੋਕਾਂ ਵਿੱਚ ਇਨ੍ਹਾਂ ਕਲਾਕ੍ਰਿਤਾਂ ਦੀ ਭੁੱਖ ਵੀ ਸੀ। ਜਰਨੈਲ ਦੀ ਕਲਾ ਨੇ ਇਸ ਖਲਾਅ ਨੂੰ ਪੂਰਿਆ ਤੇ ਉਹ ਸਿੱਧਾ ਪੰਜਾਬੀ ਲੋਕਾਂ ਦੇ ਦਿਲ ਅੰਦਰ ਪੀੜ੍ਹੀ ਡਾਹ ਕੇ ਬੈਠ ਗਿਆ। ਜਰਨੈਲ ਸਿੰਘ ਦਾ ਕਹਿਣਾ ਸੀ ਕਿ ਉਸ ਦੀਆਂ ਕਲਾਕ੍ਰਿਤਾਂ ਭਾਵੇਂ ਕਲਾ ਦੇ ਅਖੀਰਲੇ ਪੱਧਰ ਤੱਕ ਨਹੀਂ ਵੀ ਸਨ, ਪਰ ਫਿਰ ਵੀ ਲੋਕਾਂ ਦੀਆਂ ਉਮੀਦਾਂ ਦੇ ਹਾਣ ਦੀਆਂ ਅਤੇ ਕੁਝ ਉਮੀਦਾਂ ਤੋਂ ਉੱਪਰ ਵੀ ਹੋ ਨਿੱਬੜੀਆਂ।
ਜਰਨੈਲ ਭਾਵੇਂ ਕਿਸੇ ਅਦਾਰੇ ਦਾ ਕਰਮਚਾਰੀ ਨਹੀਂ ਸੀ, ਪਰ ਫਿਰ ਵੀ ਉਸ ਨੇ ਇਕੱਲੇ ਕਲਾਕਾਰ ਦੇ ਤੌਰ ’ਤੇ ਆਪਣੇ ਆਪ ਨੂੰ ਸਥਾਪਤ ਕੀਤਾ। ਮੈਂ ਪੁੱਛਿਆ ਕਿ ਇਸ ਸਥਾਪਤੀ ਦਾ ਜਾਦੂ ਕੀ ਹੈ। ਕਹਿੰਦੇ, ‘‘ਜੀ ਮੈਂ ਕੰਮ ਹੀ ਏਨਾ ਕੀਤਾ। ਤਸਵੀਰਾਂ ਹੀ ਏਨੀਆਂ ਬਣਾ ਦਿੱਤੀਆਂ ਕਿ ਲੋਕ ਅੱਖੋਂ ਪਰੋਖੇ ਕਰ ਹੀ ਨਹੀਂ ਸਕੇ। ਵੇਖੋ, ਤਸਵੀਰਾਂ ਹਰ ਇਨਸਾਨ ਦੀ ਮੁੱਢਲੀ ਲੋੜ ਤਾਂ ਹਨ ਨਹੀਂ। ਪਰ ਫਿਰ ਵੀ ਆਪਣੇ ਕਮਾਏ ਪੈਸਿਆਂ ਵਿੱਚੋਂ ਲੋਕਾਂ ਨੇ ਮੇਰੀਆਂ ਤਸਵੀਰਾਂ ਖ਼ਰੀਦੀਆਂ ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਸੰਦ ਸਨ। ਲੋਕਾਂ ਨੇ ਸ਼ੌਕ ਖ਼ਰੀਦਿਆ।’’
ਦਿਲਚਸਪ ਗੱਲ ਇਹ ਹੈ ਕਿ ਜਰਨੈਲ ਸਿੰਘ ਦੀ ਕੰਮ ਕਰਨ ਦੀ ਸਪੀਡ ਬਹੁਤ ਸੀ। ਇੱਕ ਵਾਰ ਤਾਂ ਉਸ ਨੇ ਚੰਡੀਗੜ੍ਹ ਵਿੱਚ ਲੱਗਣ ਵਾਲੀ ਇੱਕ ਵਰਕਸ਼ਾਪ ਲਈ ਦੋ ਘੰਟੇ ਵਿੱਚ ਤਸਵੀਰ ਤਿਆਰ ਕਰ ਦਿੱਤੀ ਅਤੇ ਉਸ ਵਰਕਸ਼ਾਪ ਵਿੱਚ ਸਭ ਤੋਂ ਪਹਿਲਾਂ ਵਿਕਣ ਵਾਲੀ ਤਸਵੀਰ ਵੀ ਇਹੋ ਸੀ। ਇਹ ਵਰਕਸ਼ਾਪ ਕਾਰਗਿਲ ਜੰਗ ਲਈ ਚੰਦਾ ਇਕੱਠਾ ਕਰਨ ਵਾਸਤੇ ਲਗਾਈ ਗਈ ਸੀ। 1981-82 ਵਿੱਚ ਬਣਾਈ ਗਈ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕੱਢੇ ਗਏ ਜਲੂਸ ਦੀ ਤਸਵੀਰੀ ਕਲਪਨਾ ਸੀ। ਉਸ ਨੇ ਇਤਿਹਾਸ ’ਚੋਂ ਅੰਕੜੇ ਲੈ ਕੇ ਅਜਿਹੀ ਚੀਜ਼ ਪੇਸ਼ ਕੀਤੀ ਕਿ ਲੋਕ ਹੈਰਾਨ ਹੋ ਗਏ।
ਸ਼ੁਰੂ ਸ਼ੁਰੂ ’ਚ ਉਸ ਦੀ ਜ਼ਿੰਦਗੀ ਸੰਘਰਸ਼ਮਈ ਵੀ ਸੀ, ਪਰ ਮੁੱਢਲੀਆਂ ਲੋੜਾਂ ਰੋਟੀ, ਕੱਪੜਾ, ਮਕਾਨ ਲਈ ਉਸ ਨੂੰ ਸੰਘਰਸ਼ ਨਹੀਂ ਕਰਨਾ ਪਿਆ। ਮਾਣ ਸਨਮਾਨ ਅਤੇ ਸ਼ੁਹਰਤ ਬਹੁਤ ਮਿਲੇ। ਜਰਨੈਲ ਸਿੰਘ ਇਸ ਗੱਲੋਂ ਸੰਤੁਸ਼ਟ ਸੀ। ਉਹ ਸਾਲ 2000 ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਮਿਲਣ ਮਗਰੋਂ ਪਰਿਵਾਰ ਸਮੇਤ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਵਸ ਗਿਆ। ਇੱਥੇ ਸਿੰਘ ਸਭਾ ਗੁਰਦੁਆਰਾ ਸਾਹਿਬ ਲਈ ਪੰਦਰਾਂ ਤੇ ਬਾਈ ਫੁੱਟ ਦੇ ਵੱਡੇ ਮਿਉਰਲ ਬਣਾਏ। ਸਿੱਖ ਧਰਮ ਦੇ ਵਿਕਾਸ ਤੇ ਸੇਵਾ ਭਾਵਨਾ ਦਾ ਸੁਨੇਹਾ ਦਿੰਦੀਆਂ ਤਸਵੀਰਾਂ ਤੇ ਮਿਉਰਲ ਚਿਤਰੇ। ਭਾਈ ਘਨੱਈਆ ਜੀ ਦੀ ਸੇਵਾ ਬਾਰੇ ਚਿੱਤਰ ਬਣਾਇਆ। ਇਹ ਸਾਰਾ ਕੰਮ ਸਿੱਖ ਇਤਿਹਾਸ ਦਾ ਸੁਚੱਜਾ ਚਿਤਰਣ ਹੋ ਨਿੱਬੜਿਆ। ‘ਸਿਟੀ ਆਫ ਸਰੀ’ ਦੇ 10 ਸਾਲਾ ਸਰੀ ਬੈਨਰ ਮੁਕਾਬਲੇ ਵਿੱਚ ਉਸ ਦਾ ਬੈਨਰ ਚੁਣਿਆ ਗਿਆ ਤੇ ਸ਼ਹਿਰ ਦੇ ਚਾਰ ਚੁਫ਼ੇਰੇ ਤੋਂ ਆਉਂਦੀਆਂ ਸੜਕਾਂ ’ਤੇ ਲਗਾਇਆ ਗਿਆ। ਸਿਟੀ ਆਫ ਸਰੀ ਦੀ ਪਬਲਿਕ ਆਰਟਸ ਅਡਵਾਈਜ਼ਰੀ ਕਮੇਟੀ ਦਾ ਮੈਂਬਰ ਬਣਿਆ। ਆਰਟਸ ਕੌਂਸਲ ਬੋਰਡ ਆਫ ਡਾਇਰੈਕਟਰਜ਼ ਵਿੱਚ ਸ਼ਾਮਲ ਰਿਹਾ। ਸਰੀ ਚੈਂਬਰ ਆਫ ਕਾਮਰਸ ਵੱਲੋਂ ਸਰਵੋਤਮ ਨਵੇਂ ਉੱਦਮੀ ਯਾਨੀ ‘ਬੈਸਟ ਨਿਊ ਐਂਟਰਪਰੀਨਿਉਰ’ ਵਿੱਚ ਫਾਈਨਲਿਸਟ ਬਣਿਆ।
ਜਰਨੈਲ ਸਿੰਘ ਸਿਰਫ਼ ਰੰਗਾਂ ਦਾ ਜਾਦੂਗਰ ਹੀ ਨਹੀਂ ਸਗੋਂ ਸ਼ਬਦਾਂ ਦਾ ਜਾਦੂਗਰ ਵੀ ਸੀ। ਉਸ ਨੇ ਪੰਜਾਬੀ ਸਾਹਿਤ ਅਤੇ ਪੰਜਾਬੀ ਬਾਲ ਸਾਹਿਤ ਦੀ ਝੋਲੀ ਦੋ ਕਿਤਾਬਾਂ ਕ੍ਰਮਵਾਰ ‘ਵਿਸ਼ਵ ਦੇ ਪ੍ਰਸਿੱਧ ਚਿੱਤਰਕਾਰ, ਸ਼ਾਹਕਾਰ’ (2011) ਅਤੇ ‘ਪੰਜਾਬੀ ਚਿੱਤਰਕਾਰ’ (1990-91) ਪਾਈਆਂ ਹਨ। ਹੁਣ ਤੱਕ ਉਹ ਵੱਖ ਵੱਖ ਅਖ਼ਬਾਰਾਂ ਲਈ ਪੰਜਾਹ ਤੋਂ ਵੱਧ ਲੇਖ ਲਿਖ ਚੁੱਕਿਆ ਹੈ। ਜਰਨੈਲ ਦੀ ਕਿਸੇ ਖ਼ਾਸ ਵਿਸ਼ੇ ਵਿੱਚ ਮੁਹਾਰਤ ਜਾਂ ਦਿਲਚਸਪੀ ਨਹੀਂ ਸੀ ਸਗੋਂ ਉਹ ਪੋਰਟਰੇਟ ਤੋਂ ਲੈ ਕੇ ਲੈਂਡ ਸਕੇਪ ਤੱਕ ਹਰ ਤਰ੍ਹਾਂ ਦਾ ਕੰਮ ਬਾਖ਼ੂਬੀ ਅਤੇ ਦਿਲਚਸਪੀ ਨਾਲ ਕਰਦਾ ਸੀ। ਜਿਹੜਾ ਇਨਸਾਨ ਮਨ ਨੂੰ ਨਾ ਭਾਵੇ ਉਹਦੇ ਨਾਲ ਕੰਮ ਕਰਨਾ ਪਸੰਦ ਨਹੀਂ ਕਰਦਾ ਸੀ। ਉਸ ਨੇ ਪੰਜਾਬੋਂ ਦੂਰ ਵਸੇ ਪਰਵਾਸੀਆਂ ਦੇ ਮਹਿਲਨੁਮਾਂ ਘਰਾਂ ਦੇ ਡਰਾਇੰਗ ਰੂਮ ਵਿੱਚ ਖੂਹਾਂ, ਬਲਦਾਂ, ਤੂਤਾਂ ਤੇ ਡੰਗਰ ਚਾਰਦੇ ਪੇਂਡੂਆਂ ਦੀਆਂ ਤਸਵੀਰਾਂ ਬਣਾ ਕੇ ਪੰਜਾਬੀਆਂ ਦੇ ਅੰਦਰਲਾ ਖ਼ਲਾਅ ਭਰਨ ਦੀ ਪੂਰੀ ਕੋਸ਼ਿਸ਼ ਕੀਤੀ। ਨਵੀਂ ਪੀੜ੍ਹੀ ਵਿੱਚੋਂ ਕਲਾਕਾਰ ਪੈਦਾ ਕਰਨ ਦੇ ਉੱਦਮ ਵਜੋਂ ਆਥਣ ਵੇਲੇ ਬੱਚਿਆਂ ਦੀਆਂ ‘ਆਰਟ ਕਲਾਸਾਂ’ ਲੈਂਦਾ ਸੀ ਤੇ ਕਈ ਬੱਚੇ ਉਸ ਕੋਲ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਆ ਰਹੇ ਸਨ।
ਇਸ ਵਿਸ਼ਵ ਪ੍ਰਸਿੱਧ ਕਲਾਕਾਰ ਦੀ ਪਤਨੀ ਬਲਜੀਤ ਕੌਰ ਵੀ ਫਾਈਨ ਆਰਟਸ ਦੀ ਗ੍ਰੈਜੂਏਟ ਹੈ ਅਤੇ ਆਪਣੀਆਂ ਕਲਾਕ੍ਰਿਤਾਂ ਰਾਹੀਂ ਔਰਤਾਂ ਦਾ ਜੀਵਨ ਚਿਤਰ ਰਹੀ ਹੈ। ਪੁੱਤਰ ਸ਼ਾਨਦਾਰ ਫੋਟੋਗ੍ਰਾਫਰ ਹੈ ਅਤੇ ਧੀ ਗ੍ਰਫਿਕ ਡਿਜ਼ਾਈਨਰ ਹੈ। ਉਹ ਕਹਿੰਦਾ ਹੁੰਦਾ ਸੀ ਕਿ ਕਲਾ, ਸਾਹਿਤ ਤੇ ਸੰਗੀਤ ਜ਼ਿੰਦਗੀ ਨੂੰ ਜਿਊਣ ਜੋਗਾ ਬਣਾਉਂਦੇ ਨੇ। ਇਸ ਲਈ ਪਦਾਰਥਕ ਦੌੜ ਤੋਂ ਹਟ ਕੇ ਜ਼ਿੰਦਗੀ ਦਾ ਸੁਆਦ ਚੱਖਣ ਵਾਲੇ ਹੀ ਇਹ ਨਜ਼ਾਰਾ ਲੈ ਸਕਦੇ ਹਨ। ਉਸ ਨੇ ਪੰਜਾਬੀ ਸੱਭਿਆਚਾਰ ਦੇ ਹੋਰ ਕਿੰਨੇ ਹੀ ਰੂਪਾਂ ਨੂੰ ਅਜੇ ਰੂਪਮਾਨ ਕਰਨਾ ਸੀ, ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਰੰਗਾਂ ਦੀ ਦੁਨੀਆ ਵਿੱਚ ਇਹ ਰੰਗਲਾ ਕਲਾਕਾਰ ਹਮੇਸ਼ਾ ਜਿਊਂਦਾ ਰਹੇਗਾ।