ਭਾਰਤੀ ਸੁਪਰਸਟਾਰ ਵਿਰਾਟ ਕੋਹਲੀ ਨੇ ਪਾਕਿਸਤਾਨ ਖ਼ਿਲਾਫ਼ ਚੈਂਪੀਅਨਜ਼ ਟਰਾਫ਼ੀ ਮੁਕਾਬਲੇ ਦੌਰਾਨ ਇਤਿਹਾਸ ਰਚ ਦਿੱਤਾ ਹੈ। ਉਹ ਸਚਿਨ ਤੇਂਦੁਲਕਰ ਦੇ ਪਿਛਲੇ ਰਿਕਾਰਡ ਨੂੰ ਤੋੜਦਿਆਂ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਤੇਜ਼ 14,000 ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ।
ਕੋਹਲੀ ਹੁਣ ਇੱਕ ਰੋਜ਼ਾ ਕ੍ਰਿਕਟ ਵਿੱਚ 14,000 ਤੋਂ ਵੱਧ ਦੌੜਾਂ ਬਣਾਉਣ ਵਾਲਾ ਤੀਜਾ ਬੱਲੇਬਾਜ਼ ਹੈ। ਭਾਰਤ ਦਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ (18,246) ਅਤੇ ਸ੍ਰੀਲੰਕਾ ਦਾ ਕੁਮਾਰ ਸੰਗਕਾਰਾ (14,234) ਨਾਲ ਉਸ ਤੋਂ ਅੱਗੇ ਹੈ। ਵਿਰਾਟ ਕੋਹਲੀ ਨੇ 287 ਪਾਰੀਆਂ ਵਿੱਚ 14,000 ਦੌੜਾਂ ਪੂਰੀਆਂ ਕੀਤੀਆਂ, ਜਦਕਿ ਤੇਂਦੁਲਕਰ ਨੇ 350 ਅਤੇ ਸੰਗਕਾਰਾ ਨੇ 378 ਪਾਰੀਆਂ ਵਿੱਚ ਇਹ ਅੰਕੜਾ ਹਾਸਲ ਕੀਤਾ ਹੈ।
ਕੋਹਲੀ ਅਤੇ ਤੇਂਦੁਲਕਰ ਦੋਵਾਂ ਨੇ ਹੀ ਪਾਕਿਸਤਾਨ ਖ਼ਿਲਾਫ਼ 14,000ਵੀਂ ਦੌੜ ਬਣਾਈ। ਕੋਹਲੀ ਨੂੰ ਇਸ ਅੰਕੜੇ ਤੱਕ ਪਹੁੰਚਣ ਲਈ 15 ਦੌੜਾਂ ਦੀ ਲੋੜ ਸੀ ਅਤੇ 13ਵੇਂ ਓਵਰ ਵਿੱਚ ਚੌਕਾ ਜੜ੍ਹ ਕੇ ਉਹ ਇੱਥੋਂ ਤੱਕ ਪਹੁੰਚਿਆ।
ਕੋਹਲੀ ਨੇ ਸਤੰਬਰ 2023 ਵਿੱਚ ਪਾਕਿਸਤਾਨ ਖ਼ਿਲਾਫ਼ ਕੋਲੰਬੋ ’ਚ ਏਸ਼ੀਆ ਕੱਪ ਦੌਰਾਨ 13,000 ਇੱਕ ਰੋਜ਼ਾ ਦੌੜਾਂ ਪੂਰੀਆਂ ਕੀਤੀਆਂ ਸਨ। ਕੋਹਲੀ ਦੇ ਨਾਮ ਇੱਕ ਰੋਜ਼ਾ ਵਿੱਚ 50 ਸੈਕੜਿਆਂ ਦਾ ਰਿਕਾਰਡ ਵੀ ਹੈ। ਉਸ ਨੇ 2023 ਵਿਸ਼ਵ ਕੱਪ ਚੈਂਪੀਅਨਸ਼ਿਪ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਮੁੰਬਈ ’ਚ ਤੇਂਦੁਲਕਰ ਦਾ ਰਿਕਾਰਡ ਤੋੜਿਆ ਸੀ।
—
ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
ਵਿਰਾਟ ਕੋਹਲੀ (100) ਦੇ ਨਾਬਾਦ ਸੈਂਕੜੇ ਤੇ ਸ਼੍ਰੇਅਰ ਅੱਈਅਰ (56) ਦੇ ਅਰਧ ਸੈਂਕੜੇ ਅਤੇ ਇਸ ਤੋਂ ਪਹਿਲਾਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇਥੇ ਦੁਬਾਈ ਵਿਚ ਚੈਂਪੀਅਨ ਟਰਾਫੀ ਦੇ ਗਰੁੱਪ ਏ ਦੇ ਮਹਾਂ ਮੁਕਾਬਲੇ ਵਿਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ।
ਇਸ ਜਿੱਤ ਨਾਲ ਭਾਰਤ ਨੇ ਜਿੱਥੇ ਚੈਂਪੀਅਨਜ਼ ਟਰਾਫ਼ੀ ਦੇ ਸੈਮੀ ਫਾਈਨਲ ਲਈ ਥਾਂ ਪੱਕੀ ਕਰ ਲਈ ਹੈ, ਉਥੇ ਮੇਜ਼ਬਾਨ ਪਾਕਿਸਤਾਨ ਟੂਰਨਾਮੈਂਟ ’ਚੋਂ ਲਗਪਗ ਬਾਹਰ ਹੋ ਗਿਆ। ਹਾਲਾਂਕਿ ਦੋਵਾਂ ਟੀਮਾਂ ਦਾ ਗਰੁੱਪ ਗੇੜ ਦਾ ਇਕ ਇਕ ਮੈਚ ਬਾਕੀ ਹੈ। ਭਾਰਤ ਆਪਣਾ ਅਗਲਾ ਗਰੁੱਪ ਮੁਕਾਬਲਾ 2 ਮਾਰਚ ਨੂੰ ਨਿਊਜ਼ੀਲੈਂਡ ਖਿਲਾਫ਼ ਖੇਡੇਗਾ।