ਸਰੀ ਸਿਟੀ ਕਰੇਗਾ 2026 ਕਰਲਿੰਗ ਕੈਨੇਡਾ ਮਿਕਸਡ ਡਬਲਜ਼ ਚੈਂਪੀਅਨਸ਼ਿਪ ਦੀ ਮੇਜ਼ਬਾਨੀ

ਸਰੀ ( ਪ੍ਰਭਜੋਤ ਕਾਹਲੋਂ)-. – ਸਰੀ ਸ਼ਹਿਰ ਇਹ ਐਲਾਨ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ ਕਿ ਉਸ ਨੂੰ 2026 ਕਰਲਿੰਗ ਕਨੇਡਾ ਮਿਕਸਡ ਡਬਲਜ਼ ਚੈਂਪਿਅਨਸ਼ਿਪ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। 21-27 ਮਾਰਚ, 2026 ਦਰਮਿਆਨ ਕਨੇਡਾ ਦੀਆਂ ਚੋਟੀ ਦੀਆਂ ਮਿਕਸਡ ਡਬਲਜ਼ ਟੀਮਾਂ ਰਾਸ਼ਟਰੀ ਖਿਤਾਬ ਲਈ ਮੁਕਾਬਲਾ ਕਰਨਗੀਆਂ, ਜਿਸ ਵਿੱਚ ਜੇਤੂ ਟੀਮ 2027 ਵਿਸ਼ਵ ਮਿਕਸਡ ਡਬਲਜ਼ ਚੈਂਪੀਅਨਸ਼ਿਪ ਵਿੱਚ ਕਨੇਡਾ ਦੀ ਨੁਮਾਇੰਦਗੀ ਕਰੇਗੀ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਅਸੀਂ ਸਰੀ ਵਿੱਚ 2026 ਕਰਲਿੰਗ ਕੈਨੇਡਾ ਮਿਕਸਡ ਡਬਲਜ਼ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਾਂ। “ਇਹ ਸਾਡੇ ਸ਼ਹਿਰ ਲਈ ਇੱਕ ਮਹੱਤਵਪੂਰਨ ਸਮਾਗਮ ਹੋਵੇਗਾ, ਜਿੱਥੇ ਅਸੀਂ ਕੈਨੇਡਾ ਭਰ ਦੇ ਖਿਡਾਰੀਆਂ ਦਾ ਸੁਆਗਤ ਕਰਨ ਲਈ ਉਤਸੁਕ ਹਾਂ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਵਿਲੱਖਣ ਪ੍ਰਤਿਭਾ ਨਾਲ, ਪ੍ਰਸ਼ੰਸਕਾਂ ਨੂੰ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲਣਗੇ । ਮੈਂ ਕਲੋਵਰਡੇਲ ਕਰਲਿੰਗ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਪ੍ਰਸਿੱਧ ਮੁਕਾਬਲਿਆਂ ਨੂੰ ਸਰੀ ਵਿੱਚ ਲਿਆਉਣ ਲਈ ਸ਼ਾਨਦਾਰ ਕੰਮ ਕੀਤਾ”। ਇਹ ਮੁਕਾਬਲੇ ਕਲੋਵਰਡੇਲ ਕਰਲਿੰਗ ਕਲੱਬ ਵਿੱਚ ਹੋਣਗੇ , ਜੋ ਇੱਕ ਅਤਿ ਆਧੁਨਿਕ ਸਹੂਲਤ ਹੈ, ਤੇ ਇੱਥੇ ਖਿਡਾਰੀਆਂ ਅਤੇ ਦਰਸ਼ਕਾਂ ਦੋਵਾਂ ਨੂੰ ਸ਼ਾਨਦਾਰ ਤਜਰਬਾ ਹਾਸਿਲ ਕਰਨ ਦਾ ਮੌਕਾ ਮਿਲੇਗਾ । 2026 ਚੈਂਪੀਅਨਸ਼ਿਪ ਵਿੱਚ ਗਤੀਸ਼ੀਲ ਅਤੇ ਤੇਜ਼-ਰਫਤਾਰ ਮਿਕਸਡ ਡਬਲਜ਼ ਮੁਕਾਬਲੇ ਹੋਣਗੇ, ਜੋ ਹੁਨਰ, ਰਣਨੀਤੀ ਅਤੇ ਟੀਮਵਰਕ ਦਾ ਸੁਮੇਲ ਹੈ। ਉਤਸ਼ਾਹਪੂਰਣ ਆਈਸ ਮੁਕਾਬਲਿਆਂ ਤੋਂ ਇਲਾਵਾ, ਚੈਂਪਿਅਨਸ਼ਿਪ ਵਿੱਚ ਦਰਸ਼ਕਾਂ ਲਈ ਕਈ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਹੋਣਗੀਆਂ, ਜੋ ਉਨ੍ਹਾਂ ਲਈ ਇੱਕ ਯਾਦਗਾਰ ਅਨੁਭਵ ਲੈ ਕੇ ਆਵੇਗਾ ।

ਕਰਲ ਬੀਸੀ (Curl BC ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸਕਾਟ ਬ੍ਰੇਲੀ ਨੇ ਕਿਹਾ, “ਸਰੀ ਸਿਟੀ ਅਤੇ ਕਲੋਵਰਡੇਲ ਕਰਲਿੰਗ ਕਲੱਬ ਨੇ 2026 ਕੈਨੇਡੀਅਨ ਮਿਕਸਡ ਡਬਲਜ਼ ਚੈਂਪੀਅਨਸ਼ਿਪ ਲਈ ਬਹੁਤ ਹਿੰਮਤ ਕੀਤੀ ਹੈ, ਜਿਸ ਨੂੰ Curl BC ਨੇ ਪੂਰੀ ਹਮਾਇਤ ਦਿੱਤੀ, ਅਤੇ ਅਸੀਂ ਇਹ ਦੇਖ ਕੇ ਬਹੁਤ ਉਤਸ਼ਾਹਿਤ ਹਾਂ ਕਿ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ”। “ਸਰੀ ਵਿੱਚ ਸਮਰਪਿਤ ਕਰਲਿੰਗ ਕਮਿਊਨਿਟੀ ਹੈ, ਜੋ ਇਸ ਚੈਂਪੀਅਨਸ਼ਿਪ ਵਿਚ ਸ਼ਿਰਕਤ ਕਰਨ ਵਾਲੇ ਹਰ ਇਕ ਲਈ ਰੌਚਕ ਪਲ਼ ਬਣਾਵੇਗੀ ।

ਸਰੀ ਦੀਆਂ ਉਤਸ਼ਾਹਪੂਰਣ, ਸਵਾਗਤਯੋਗ ਅਤੇ ਪੁਰਸਕਾਰ ਜੇਤੂ ਸਹੂਲਤਾਂ ਇਸ ਨੂੰ ਖੇਡ ਸਮਾਗਮਾਂ ਦੀ ਮੇਜ਼ਬਾਨੀ ਲਈ ਇੱਕ ਪ੍ਰਮੁੱਖ ਮੰਜ਼ਿਲ ਬਣਾਉਂਦੀਆਂ ਹਨ। ਸ਼ਹਿਰ ਦੀ “ਸਪੋਰਟ ਟੂਰਿਜ਼ਮ ਰਣਨੀਤੀ” ਵਿਕਸਤ ਕਰਨ ਦਾ ਮਕਸਦ ਹੀ ਖੇਡ ਸੈਰ-ਸਪਾਟਾ ਇੰਡਸਟਰੀ ਵਿੱਚ ਆਗੂ ਬਣਨ, ਆਰਥਿਕ ਲਾਭ ਵਧਾਉਣ ਅਤੇ ਖੇਡ ਵਿਕਾਸ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨਾ ਹੈ।

ਸਰੀ ਵਿੱਚ ਸਪੋਰਟ ਟੂਰਿਜ਼ਮ” ਬਾਰੇ ਜਾਣਕਾਰੀ ਲਈ, surrey.ca/sportsurrey ‘ਤੇ ਜਾਓ।