ਟੋਰਾਂਟੋ (ਬਲਜਿੰਦਰ ਸੇਖਾ )-ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਉਨ੍ਹਾਂ ਦੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਵੀਰਵਾਰ ਨੂੰ ਆਪਣੀ ਤੀਜੀ ਸਿੱਧੀ ਬਹੁਮਤ ਵਾਲੀ ਵੱਡੀ ਜਿੱਤ ਹਾਸਲ ਕੀਤੀ।ਅਮਰੀਕੀ ਟੈਰਿਫ ਦੇ ਡਰ ਦੇ ਵਿਚਕਾਰ ਮੱਧਕਾਲੀ ਸਰਦੀਆਂ ਦੀ ਚੋਣ ਲੜੀ ਗਈ। ਓਨਟਾਰੀਓ ਵਿੱਚ 1959 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪਾਰਟੀ ਦੇ ਨੇਤਾ ਨੇ ਲਗਾਤਾਰ ਤਿੰਨ ਵਾਰ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੋਵੇ। ਇਹ ਜਿੱਤ ਓਨਟਾਰੀਓ ਦੇ ਰਾਜਨੀਤਿਕ ਇਤਿਹਾਸ ਵਿੱਚ ਫੋਰਡ ਦੇ ਸਥਾਨ ਨੂੰ ਸੁਰੱਖਿਅਤ ਕਰ ਗਈ।
ਇਲੈਕਸ਼ਨਜ ਓਨਟਾਰੀਓ ਨੇ ਅਨੁਸਾਰ ਕਿ ਬਹੁਮਤ ਦੇ ਸਹੀ ਆਕਾਰ ਦੀ ਪੁਸ਼ਟੀ ਸ਼ੁੱਕਰਵਾਰ ਤੱਕ ਨਹੀਂ ਕੀਤੀ ਜਾਵੇਗੀ ਕਿਉਂਕਿ ਡਾਕ ਵੋਟਾਂ ਅਤੇ ਵਿਸ਼ੇਸ਼ ਬੈਲਟ ਅਜੇ ਵੀ ਕਈ ਹਲਕਿਆਂ ਵਿੱਚ ਬਕਾਇਆ ਹਨ।
ਡੱਗ ਫੋਰਡ ਦੀ ਅਗਵਾਈ ਵਾਲੀ ਪੀ ਸੀ ਪਾਰਟੀ ਨੇ 80 ਸੀਟਾਂ ਹਾਸਿਲ ਕੀਤੀਆਂ। ਪੰਜਾਬੀ ਮੂਲ ਦੇ ਪ੍ਰਭਮੀਤ ਸਿੰਘ ਸਰਕਾਰੀਆ, ਅਮਰਜੋਤ ਸੰਧੂ ,ਹਰਦੀਪ ਗਰੇਵਾਲ,ਦੀਪਕ ਅਨੰਦ , ਨੀਨਾ ਤਾਂਗੜੀ ਨੇ ਵੱਡੇ ਫਰਕ ਨਾਲ ਆਪਣੀਆਂ ਸੀਟਾਂ ਤੇ ਜਿੱਤ ਹਾਸਿਲ ਕੀਤੀ। ਐਨ ਡੀ ਪੀ 27 ਸੀਟਾਂ ਜਿੱਤ ਕੇ ਵਿਰੋਧੀ ਪਾਰਟੀ ਬਣੀ ।ਲਿਬਰਲ ਪਾਰਟੀ ਦੀ ਆਗੂ ਬੌਨੀ ਕਰੋਂਬੀ ਆਪਣੀ ਸੀਟ ਵੀ ਹਾਰ ਗਈ। ਲਿਬਰਲ ਦੇ ਵਿੱਕੀ ਢਿੱਲੋਂ, ਦਰਸ਼ਨ ਬੱਗਾ ਚੋਣ ਹਾਰ ਗਏ ਹਨ । ਲਿਬਰਲ ਨੇ ਕੁਲ 15 ਸੀਟਾਂ ਜਿੱਤੀਆਂ। ਗਰੀਨ ਪਾਰਟੀ ਨੇ 2 ਸੀਟਾਂ ਜਿੱਤੀਆਂ।
ਪਿਛਲੀ ਵਾਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 40 ਫੀਸਦ ਵੋਟਾਂ ਹਾਸਲ ਕੀਤੀਆਂ ਸਨ। ਇਸ ਵਾਰ ਉਸ ਨੂੰ 43 ਫੀਸਦ ਵੋਟ ਪਈ। ਐੱਨਡੀਪੀ ਨੂੰ 20 ਫੀਸਦ ਦੇ ਕਰੀਬ ਵੋਟਾਂ ਪਈਆਂ। ਪਿਛਲੀ ਵਾਰ ਲਿਬਰਲ ਪਾਰਟੀ ਨੂੰ 21 ਫੀਸਦ ਵੋਟਾਂ ਪਈਆਂ ਸੀ, ਪਰ ਇਸ ਵਾਰ ਉਸ ਦਾ ਵੋਟ ਫੀਸਦ ਵਧ ਕੇ 30 ਫੀਸਦ ਹੋਣ ਦੇ ਬਾਵਜੂਦ ਸੀਟਾਂ ਘਟ ਗਈਆਂ ਹਨ। ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਬਰੈਂਪਟਨ ਤੋਂ ਆਪਣੀ ਸੀਟ ਵੱਡੇ ਫਰਕ ਨਾਲ ਜਿੱਤੀ ਹੈ। ਬਰੈਂਪਟਨ ਪੂਰਬੀ ਹਲਕੇ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਗਰੇਵਾਲ ਨੇ ਮੁੜ ਸੀਟ ਜਿੱਤੀ ਹੈ। ਬਰੈਂਪਟਨ ਪੱਛਮੀ ਤੋਂ ਅਮਰਜੋਤ ਸਿੰਘ ਸੰਧੂ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਐਂਡ੍ਰਿਊ ਕਾਨੀਆ ਖ਼ਿਲਾਫ਼ ਜਿੱਤ ਦਰਜ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਡੱਗ ਫੋਰਡ ਵੱਲੋਂ ਕੈਨੇਡਿਆਈ ਲੋਕਾਂ ਨੂੰ ਅਮਰੀਕਾ ਖ਼ਿਲਾਫ਼ ਇਕਜੁੱਟ ਹੋਣ ਦਾ ਦਿੱਤਾ ਸੱਦਾ ਹੀ ਉਸ ਦੀ ਵੱਡੀ ਜਿੱਤ ਦਾ ਕਾਰਨ ਬਣਿਆ ਹੈ।