ਜੁਗਿੰਦਰ ਸਿੰਘ ਸੁੰਨੜ-
ਦੁਬਈ- ਇਸ ਸਾਲ ਫਰਵਰੀ 17 ਤੋ 21 ਤੱਕ ਦੁਬਈ ਜਾਣ ਦਾ ਸਬੱਬ ਬਣਿਆ। 19 ਫਰਵਰੀ ਨੂੰ ਸਵੇਰੇ ਲਗਭਗ ਸਾਢੇ ਚਾਰ ਵਜੇ ਗੁਰੂ ਨਾਨਕ ਦਰਬਾਰ ਦੁਬਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਸਵੇਰ ਦੇ ਵਕਤ ਪੰਜ ਬਾਣੀਆਂ ਦਾ ਪਾਠ ਚੱਲ ਰਿਹਾ ਸੀ। ਸ਼ਹਿਰ ਤੋ 40-50 ਕਿਲੋਮੀਟਰ ਜੱਬਲ ਅਲੀ ਨਾਂ ਦੇ ਇਲਾਕੇ ਵਿਚ ਗੁਰਦੁਆਰਾ ਸਾਹਿਬ ਸਥਿਤ ਹੈ। ਇੱਥੇ ਭਾਰਤੀ ਲੋਕ ਜ਼ਿਆਦਾ ਰਹਿੰਦੇ ਹਨ। ਇਸ ਦੇ ਨਾਲ ਹੀ ਹਿੰਦੂ ਮੰਦਿਰ ਤੇ ਈਸਾਈਆਂ ਦਾ ਚਰਚ ਵੀ ਨਾਲ ਹੀ ਹੈ। ਇੱਥੋਂ ਦੇ ਸ਼ੇਖਾਂ ਨੇ ਸਾਰਿਆਂ ਨੂੰ ਆਪਣੇ ਮਜਹਬ ਨੂੰ ਮੰਨਣ ਦੀ ਆਜ਼ਾਦੀ ਦਿੱਤੀ ਹੋਈ ਹੈ। ਮੈਂ1976-77 ਵਿਚ ਦੁਬਈ ਤੋਂ ਇਰਾਕ ਗਿਆ ਸੀ। ਇੱਥੇ ਜ਼ਿਆਦਾਤਰ ਰੇਗਿਸਤਾਨੀ ਇਲਾਕਾ ਹੀ ਸੀ ਜੋ ਹੁਣ ਬਹੁਤ ਵੱਡੀਆਂ ਬਿਲਡਿੰਗਾਂ ਨਾਲ ਘਿਰਿਆ ਹੋਇਆ ਹੈ। ਉਸ ਵਕਤ ਵੱਖਰੇ ਧਰਮ ਨੂੰ ਮੰਨਣ ਵਾਲਿਆਂ ਨੂੰ ਆਜ਼ਾਦੀ ਨਹੀਂ ਸੀ ਸਿਰਫ਼ ਇਸਲਾਮ ਧਰਮ ਨੂੰ ਮੰਨਣ ਦੀ ਆਜ਼ਾਦੀ ਸੀ। ਉਸ ਵਕਤ 1973-74 ਵਿਚ ਸਾਉਦੀ ਅਰਬ ਵਿਚ ਆਉਣ ਵਾਲੇ ਸਿੱਖਾਂ ਨੇ ਜਦ ਧਾਰਮਿਕ ਆਜਾਦੀ ਚਾਹੀ ਤਾਂ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਲਗਭਗ 50 ਸਾਲ ਤੋਂ ਬਾਦ ਇੱਥੋਂ ਦੇ ਸ਼ੇਖ਼ਾਂ ਨੇ ਹਰੇਕ ਧਰਮ ਨੂੰ ਮੰਨਣ ਦੀ ਇਜਾਜ਼ਤ ਦਿੱਤੀ ਹੈ ਅਤੇ ਜ਼ਮੀਨ ਅਲਾਟ ਕਰਕੇ ਗੁਰਦੁਆਰਾ, ਮੰਦਿਰ ਤੇ ਮਸੀਤ ਬਣਾਉਣ ਦੀ ਖੁੱਲ ਦਿੱਤੀ ਹੈ ਜੋ ਸ਼ਲਾਘਾਯੋਗ ਕਦਮ ਹੈ। ਇੱਥੇ ਕਾਨੂੰਨ ਬਹੁਤ ਸਖ਼ਤ ਹੈ। ਜੁਰਮ ਬਿਲਕੁਲ ਨਹੀਂ ਹੈ। ਦੋਸ਼ੀ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਂਦੀਆਂ ਹਨ ਤੇ ਕੋਈ ਜੁਰਮ ਕਰਨ ਦਾ ਹੀਆ ਨਹੀਂ ਕਰਦਾ। ਇੱਥੇ ਵੱਖਰੇ ਵੱਖਰੇ ਮੁਲਕ ਆਕੇ ਨਿਵੇਸ਼ ਕਰ ਸਕਦੇ ਹਨ ਟੈਕਸ ਨਹੀਂ ਹੈ। ਟੂਰਿਸਟ ਪੱਖ ਤੋਂ ਵੇਖੀਏ ਤਾਂ ਬਹੁਤ ਵਧੀਆ ਸਥਾਨ ਹੈ। ਬੁਰਜ ਖ਼ਲੀਫ਼ਾ 150 ਤੋਂ ਵੱਧ ਮੰਜ਼ਲਾਂ ਨਾਲ ਉਸਾਰਿਆ ਸ਼ਾਨਦਾਰ ਤੇ ਮਨ ਮੋਹਣ ਵਾਲਾ ਖਿੱਚ ਦਾ ਕੇਂਦਰ ਹੈ। ਇਸਦੀ ਉਸਾਰੀ 2005 ਵਿਚ ਸ਼ੁਰੂ ਹੋਈ ਜੋ 2012 ਵਿਚ ਮੁਕੰਮਲ ਹੋਈ। ਇੱਥੋਂ ਚਾਰੇ ਪਾਸੇ ਦਾ ਨਜ਼ਾਰਾ ਖ਼ੂਬਸੂਰਤ ਹੈ। ਰਾਤ ਨੂੰ ਤਾਂ ਅਲੌਕਿਕ ਨਜ਼ਾਰਾ ਹੁੰਦਾ ਹੈ। ਇੱਥੇ ਭਾਰਤ ਅਤੇ ਪਾਕਿਸਤਾਨ ਤੋਂ ਆਕੇ ਲੋਕ ਮਜ਼ਦੂਰੀ ਕਰਦੇ ਹਨ।
20 ਫਰਵਰੀ ਨੂੰ ਕਸ਼ਮੀਰ ਸਿੰਘ ਧਾਲੀਵਾਲ (ਸਕੱਤਰ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਬੇਟੇ ਦੀ ਰਿਸੈਪਸ਼ਨ ਪਾਰਟੀ ਸੀ।
20 ਫਰਵਰੀ ਨੂੰ 200 ਮਹਿਮਾਨਾਂ ਵਾਲੀ ਖ਼ੂਬਸੂਰਤ ਬੋਟ ਵਿਚ ਸ਼ਾਮ ਦਾ ਨਜ਼ਾਰਾ ਬਹੁਤ ਹੀ ਮਨਮੋਹਕ ਸੀ। ਵੈਨਕੂਵਰ, ਇੰਗਲੈਂਡ ਤੇ ਹੋਰ ਦੇਸ਼ਾਂ ਤੋਂ ਗਏ ਲੋਕਾਂ ਨੇ ਇਸ ਦਾ ਅਨੰਦ ਮਾਣਿਆ । ਮੈਂ ਵੀ ਉਨ੍ਹਾਂ ਦੇ ਸੱਦਾ ਪੱਤਰ ਤੇ ਹਾਜ਼ਰੀ ਲੁਆਈ ਤੇ 21 ਫਰਵਰੀ ਨੂੰ ਭਾਰਤ ਲਈ ਰਵਾਨਾ ਹੋਇਆ। ਇੱਥੇ ਦੁਬਈ ਮਾਲ 4 ਮੰਜ਼ਿਲਾਂ ਦਾ ਹੈ ਜਿਸ ਨੂੰ ਦੇਖਣ ਲਈ ਸਾਰਾ ਦਿਨ ਲੱਗ ਜਾਂਦਾ ਹੈ। ਇੱਥੇ ਦੀ ਅਰਥ ਵਿਵਸਥਾ ਬਹੁਤ ਵਧੀਆ ਹੈ। ਯੂਰਪੀਅਨ ਦੇਸ਼ਾਂ ਤੋਂ ਲੋਕ ਇੱਥੇ ਛੁੱਟੀਆਂ ਕੱਟਣ ਆਉਂਦੇ ਹਨ। ਦੁਬਈ ਦਾ ਇਹ ਟੂਰ ਦੋਸਤਾਂ ਮਿੱਤਰਾਂ ਦੇ ਸਾਥ ਨਾਲ ਤੇ ਮੌਸਮ ਦਾ ਆਨੰਦ ਮਾਣਦਿਆਂ ਯਾਦਗਾਰੀ ਬਣ ਗਿਆ।