ਉਘੇ ਟੀਵੀ ਹੋਸਟ ਜੋਗਰਾਜ ਸਿੰਘ ਕਾਹਲੋਂ ਦੀ ਬੀਸੀ ਕੰਸਰਵੇਟਿਵ ਪਾਰਟੀ ਦੇ ਕਮਿਊਨੀਕੇਸ਼ਨ ਆਫੀਸਰ ਵਜੋਂ ਨਿਯੁਕਤੀ

ਵਿਕਟੋਰੀਆ- ਪ੍ਰਾਈਮ ਏਸ਼ੀਆ ਟੀਵੀ ਦੇ ਹੋਸਟ ਤੇ ਉਘੇ ਪੱਤਰਕਾਰ ਜੋਗਰਾਜ ਸਿੰਘ ਕਾਹਲੋਂ ਨੂੰ ਬੀਸੀ ਦੀ ਮੁੱਖ ਵਿਰੋਧੀ ਕੰਸਰਵੇਟਿਵ ਪਾਰਟੀ ਵਲੋਂ ਵਿਧਾਨ ਸਭਾ ਵਿਚ ਪਾਰਟੀ ਕੌਕਸ ਦਾ ਕਮਿਊਨੀਕੇਸ਼ਨ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੀ ਇਹ ਨਿਯੁਕਤੀ ਪਾਰਟੀ ਆਗੂ ਜੌਹਨ ਰਸਟੈਡ ਵਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜੋਗਰਾਜ ਕਾਹਲੋਂ ਪੰਜਾਬ ਦੇ ਸ਼ਹਿਰ ਬਟਾਲਾ ਨੇੜੇ ਪਿੰਡ ਭਾਗੋਵਾਲ ਦਾ ਜੰਮਪਲ ਹੈ। ਉਹ ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀ ਵਜੋਂ ਆਇਆ ਸੀ। ਇਥੇ ਆਪਣੀ ਪੜਾਈ ਖਤਮ ਕਰਨ ਉਹ ਪਿਛਲੇ 5-6 ਸਾਲ ਤੋਂ ਪ੍ਰਾਈਮ ਏਸ਼ੀਆ ਟੀਵੀ ਨਾਲ ਜੁੜਿਆ ਹੋਇਆ ਹੈ। ਆਪਣੇ ਪੱਤਰਕਾਰੀ ਦੇ ਪੇਸ਼ੇ ਦੇ ਨਾਲ ਉਹ ਸਮਾਜ ਸੇਵੀ ਕਾਰਜਾਂ ਵਿਚ ਵੀ ਵੱਧ ਚੜਕੇ ਹਿੱਸਾ ਲੈਂਦਾ ਆ ਰਿਹਾ ਹੈ। ਕਾਹਲੋਂ ਦੀ ਇਸ ਨਿਯੁਕਤੀ ਲਈ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਹਨ।

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਵਲੋਂ ਵਧਾਈਆਂ-

ਬਟਾਲਾ ਸ਼ਹਿਰ ਦੇ ਨੇੜੇ ਪੈਂਦੇ ਪ੍ਰਸਿੱਧ ਪਿੰਡ ਭਾਗੋਵਾਲ ਦੇ ਵਸਨੀਕ ਸਰਦਾਰ ਗੁਰਭਿੰਦਰ ਸਿੰਘ ਕਾਹਲੋ (ਸ਼ਾਹ ਜੀ) ਦੇ ਹੋਣਹਾਰ ਸਪੁੱਤਰ ਅਤੇ ਉੱਘੇ ਸਮਾਜ ਸੇਵੀ ਰੁਪਿੰਦਰ ਸਿੰਘ ਸ਼ਾਮਪੁਰਾ ਦੇ ਦਾਮਾਦ ਜੋਗਰਾਜ ਸਿੰਘ ਕਾਹਲੋ ਦੀ ਬੀਸੀ ਕੰਸਰਵੇਟਿਵ ਪਾਰਟੀ ਦੇ  ਕਮਿਊਨਿਕੇਸ਼ਨ ਅਫਸਰ ਵਜੋਂ ਹੋਈ  ਨਿਯੁਕਤੀ ਨੇ ਜਿਥੇ ਮਾਪਿਆਂ, ਸਹੁਰੇ ਪਰਿਵਾਰ ਅਤੇ ਇਲਾਕੇ ਦਾ ਨਾਮ ਉੱਚਾ ਕੀਤਾ ਹੈ ਉਥੇ ਸਮੁੱਚੇ ਪੰਜਾਬੀਆਂ ਅਤੇ ਖਾਸਕਰ ਸਿੱਖ ਭਾਈਚਾਰੇ ਦਾ ਨਾਮ ਵੀ ਬੁਲੰਦ ਕੀਤਾ ਹੈ । ਉਹਨਾਂ ਦੀ ਇਸ ਨਿਯੁਕਤੀ ਲਈ ਬਾਬਾ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕਾ ਹਾਲੀ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ) ਵਲੋਂ ਸ  ਗੁਰਭਿੰਦਰ ਸਿੰਘ ਕਾਹਲੋ ਸ਼ਾਹ  ਅਤੇ ਸ ਰੁਪਿੰਦਰ ਸਿੰਘ ਸ਼ਾਮਪੁਰਾ  ਨੂੰ ਵਧਾਈਆਂ ਦਿੱਤੀਆਂ ਗਈਆਂ ਹਨ ।