ਸੁਖਵਿੰਦਰ ਸਿੰਘ ਚੋਹਲਾ-
ਆਮ ਕਹਾਵਤ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ। ਪਰ ਇਸਦੇ ਬਾਵਜੂਦ ਜੰਗਬਾਜ਼ ਆਪਣੀ ਹਾਊਮੈਂ ਤੇ ਮੁਫਾਦਾਂ ਲਈ ਮੁਲਕ ਦੇ ਸਵੈਮਾਣ ਤੇ ਰੱਖਿਆ ਦੇ ਨਾਮ ਹੇਠ ਲੋਕਾਂ ਨੂੰ ਜੰਗ ਦੀ ਭੱਠੀ ਵਿਚ ਝੋਕਣ ਤੋਂ ਬਾਜ ਨਹੀ ਆਉਂਦੇ।ਪੁਰਾਣੇ ਸਮਿਆਂ ਵਿਚ ਰਾਜੇ ਮਹਾਰਾਜੇ ਆਪਣੇ ਰਾਜ ਦੀਆਂ ਸੀਮਾਵਾਂ ਵਧਾਉਣ, ਧਨ ਦੌਲਤ ਦੇ ਢੇਰ ਇਕੱਠੇ ਕਰਨ ਜਾਂ ਹੋਰ ਮਨ ਆਈਆਂ ਕਰਨ ਲਈ ਆਪਣੇ ਲੋਕਾਂ ਨੂੰ ਜੰਗ ਦਾ ਬਾਲਣ ਬਣਾਉਂਦੇ ਸਨ।ਪਰ ਅਜੋਕੇ ਸਮੇਂ ਵਿਚ ਲੋਕਾਂ ਦੀਆਂ ਵੋਟਾਂ ਰਾਹੀਂ ਚੁਣੇ ਜਾਣ ਵਾਲੇ ਸਿਆਸਤਦਾਨ ਵੀ ਆਪਣੇ ਨਿੱਜੀ ਹਿੱਤਾਂ ਜਾਂ ਸਿਆਸੀ ਰੰਜਿਸ਼ਾਂ ਲਈ ਹਜਾਰਾਂ -ਲੱਖਾਂ ਮਨੁੱਖੀ ਜਾਨਾਂ ਨੂੰ ਦਾਅ ਤੇ ਲਗਾ ਸਕਦੇ ਹਨ, ਬਾਰੇ ਜਾਣਕੇ ਪ੍ਰੇਸ਼ਾਨ ਹੋਇਆ ਜਾ ਸਕਦਾ ਹੈ। ਪ੍ਰੇਸ਼ਾਨ ਹੋਇਆ ਜਾ ਸਕਦਾ ਹੈ ਕਿ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਹੋਏ ਲੋਕ ਪ੍ਰਤੀਨਿਧ, ਕੁਰਸੀ ਤੇ ਬੈਠਦਿਆਂ ਹੀ ਤਾਨਾਸ਼ਾਹ ਹਾਕਮ ਕਿੰਝ ਬਣ ਜਾਂਦੇ ਹਨ। ਕਹਿਣ ਨੂੰ ਤਾਂ ਵਿਸ਼ਵ ਭਰ ਦੇ ਮੁਲਕਾਂ ਦੀ ਵੰਡ ਜਾਂ ਗੁਟਬੰਦੀ ਵਿਚਾਰਧਾਰਕ ਮਾਨਤਾਵਾਂ ਤਹਿਤ ਹੈ ਪਰ ਆਪੋ ਆਪਣੀ ਵਿਚਾਰਧਾਰਾ ਨੂੰ ਪ੍ਰਣਾਏ ਤੇ ਬੇਹਤਰ ਸ਼ਾਸਨ ਪ੍ਰਣਾਲੀ ਦੇਣ ਦੇ ਦਾਅਵੇਦਾਰਾਂ ਦਾ ਮਾਨਸਿਕ ਪੱਧਰ ਕੋਈ ਬਹੁਤਾ ਭਿੰਨ ਨਹੀ ਹੈ। ਨਿੱਜੀ ਹਊਮੈਂ ਤੇ ਨਿੱਜੀ ਹਿੱਤ ਸਭ ਦੇ ਇਕ ਹਨ।
ਵਿਸ਼ਵ ਰਾਜਨੀਤੀ ਦੇ ਤਾਜਾ ਚਿਤਰਪਟ ਉਪਰ ਇਜ਼ਰਾਈਲ-ਫਲਸਤੀਨ ਅਤੇ ਯੂਕਰੇਨ- ਰੂਸ ਜੰਗਾਂ ਦੀ ਸਥਿਤੀ ਤੇ ਕਾਰਣਾਂ ਨੂੰ ਸਮਝਣ ਦਾ ਯਤਨ ਕਰਦਿਆਂ ਲੋਕ ਪ੍ਰਤੀਨਿਧਾਂ ਤੋਂ ਹਾਕਮ ਬਣੇ ਤਾਜਦਾਰਾਂ ਦੀ ਨਿੱਜੀ ਹਾਊਮੈਂ ਤੇ ਨਿੱਜੀ ਲਾਭਾਂ ਨੂੰ ਵੇਖਿਆ ਜਾ ਸਕਦਾ ਹੈ। ਅਮਰੀਕਾ ਦੇ ਮੁੜ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਜੋ 20 ਜਨਵਰੀ ਤੋਂ ਸੱਤਾ ਸੰਭਾਲਦਿਆਂ ਹੀ ਆਪਣੇ ਸ਼ਾਸਨ ਪ੍ਰਬੰਧ ਨੂੰ ਕਿਸੇ ਰਾਜੇ ਮਹਾਰਾਜੇ ਦੀ ਤਰਾਂ ਚਲਾਉਣ ਤੇ ਨਿੱਤ ਦਿਨ ਨਵੇਂ ਫੁਰਮਾਨ ਜਾਰੀ ਕਰਦੇ ਹਨ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਂਨਸਕੀ ਨੂੰ ਤਾਨਾਸ਼ਾਹ ਦੱਸ ਰਹੇ ਹਨ। ਤਾਨਾਸ਼ਾਹ ਇਸ ਲਈ ਕਿ ਉਹ ਰਾਸ਼ਟਰਪਤੀ ਟਰੰਪ ਦੇ ਹੁਕਮ ਤੇ ਅੱਖਾਂ ਮੀਟੀ ਸਹੀ ਨਹੀ ਪਾ ਰਿਹਾ। ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿਚ ਆਉਂਦਿਆਂ ਹੀ 24 ਘੰਟਿਆਂ ਵਿਚ ਯੂਕਰੇਨ- ਰੂਸ ਦੀ ਜੰਗ ਬੰਦ ਕਰਵਾ ਦੇਣਗੇ। ਉਹਨਾਂ ਪਿਛਲੇ ਬਾਇਡਨ ਪ੍ਰਸ਼ਾਸਨ ਤੋਂ ਉਲਟ ਰੂਸ ਨਾਲ ਚੰਗੇ ਸਬੰਧ ਬਣਾਉਣ ਤੇ ਕੂਟਨੀਤਕ ਪੈਂਤੜੇਬਾਜੀ ਤਹਿਤ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਫੋਨ ਤੇ ਗੱਲ ਵੀ ਕੀਤੀ ਤੇ ਜੰਗ ਦੇ ਖਾਤਮੇ ਲਈ ਭਰੋਸਾ ਵੀ ਲਿਆ। ਭਾਵੇਂਕਿ ਉਹਨਾਂ ਉਪਰ ਸ਼ੁਰੂ ਤੋਂ ਹੀ ਪੁਤਿਨ ਪੱਖੀ ਹੋਣ ਦੇ ਦੋਸ਼ ਲਗਦੇ ਰਹੇ ਹਨ। ਉਹਨਾਂ ਅਮਰੀਕੀ ਪ੍ਰਸ਼ਾਸਨ ਵਲੋਂ ਜੰਗ ਦੇ ਖਾਤਮੇ ਲਈ ਸਾਉਦੀ ਅਰਬ ਵਿਚ ਸਕੱਤਰ ਪੱਧਰ ਦੀਆਂ ਮੀਟਿੰਗਾਂ ਵੀ ਆਰੰਭ ਕਰਵਾ ਦਿੱਤੀਆਂ। ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਦਾ ਬਿਆਨ ਆਇਆ ਕਿ ਸਾਡੀ ਗੈਰਹਾਜ਼ਰੀ ਤੋਂ ਬਿਨਾਂ ਰੂਸ ਨਾਲ ਜੰਗਬੰਦੀ ਦਾ ਸਮਝੌਤਾ ਕਿਵੇਂ। ਅਸੀਂ ਨਹੀਂ ਮੰਨਾਂਗੇ ਇਹ ਸਮਝੌਤਾ। ਵਾਈਟ ਹਾਊਸ ਨੇ ਰਾਸ਼ਟਰਪਤੀ ਜੇਲੈਨਸਕੀ ਨੂੰ ਸੱਦਾ ਭੇਜ ਦਿੱਤਾ ਕਿ ਆਕੇ ਗੱਲ ਕਰੋ। ਨਾਲੇ ਹੁਣ ਤੱਕ ਅਰਬਾਂ ਡਾਲਰ ਦੀ ਦਿੱਤੀ ਫੌਜੀ ਸਹਾਇਤਾ ਦੇ ਇਵਜ਼ ਵਿਚ ਯੂਕਰੇਨੀ ਖਣਿਜਾਂ ਤੱਕ ਕੇਵਲ ਅਮਰੀਕੀ ਪਹੁੰਚ ਦਾ ਸੌਦਾ ਵੀ ਤੈਅ ਕਰ ਲਵੋ। ਪਰ ਇਸ ਦੌਰਾਨ ਵਾਈਟ ਹਾਊਸ ਵਿਚ ਜੋ ਕੁਝ ਵਾਪਰਿਆ ਉਹ ਅੱਜ ਤੱਕ ਕਿਸੇ ਨੇ ਨਾ ਸੁਣਿਆ ਨਾ ਵੇਖਿਆ। ਅਮਰੀਕੀ ਮੀਡੀਆ ਦੀ ਲਾਈਵ ਕਵਰੇਜ ਮੌਕੇ ਰਾਸ਼ਟਰਪਤੀ ਟਰੰਪ ਤੇ ਉਪ ਰਾਸ਼ਟਰਪਤੀ ਵੈਨਸ ਸਾਹਮਣੇ ਦੁਬਕਿਆ ਬੈਠਾ ਯੂਕਰੇਨੀ ਰਾਸ਼ਟਰਪਤੀ ਝਿੜਕਾਂ ਖਾਂਦਾ ਤੇ ਸੁੱਕੇ ਬੁੱਲਾਂ ਦੇ ਜੀਭ ਫੇਰਦਾ ਸਭ ਨੇ ਵੇਖਿਆ। ਉਂਗਲੀ ਖੜੀ ਕਰਕੇ ਰਾਸ਼ਟਰਪਤੀ ਟਰੰਪ ਉਸਨੂੰ ਸੱਚੀਆਂ ਸੁਣਾਉਂਦਾ ਰਿਹਾ ਕਿ ਜੇ ਅਸੀਂ ਨਾ ਹੁੰਦੇ ਤਾਂ ਤੁਸੀਂ ਰੂਸ ਦੀ ਫੌਜ ਅੱਗੇ ਦੋ ਹਫਤੇ ਨਾ ਟਿਕਦੇ। ਜਦੋਂ ਜੇਲੈਨਸਕੀ ਨੇ ਇਹ ਦੱਸਣ ਦਾ ਯਤਨ ਕੀਤਾ ਕਿ ਜੰਗ ਤੋਂ ਕੋਈ ਵੀ ਅਭਿਜ ਨਹੀ ਰਹਿੰਦਾ, ਤੁਸੀਂ ਵੀ ਭਵਿੱਖ ਵਿਚ ਇਸਦਾ ਸੇਕ ਮਹਿਸੂਸ ਕਰੋਗੇ ਤਾਂ ਰਾਸ਼ਟਰਪਤੀ ਟਰੰਪ ਨੇ ਯੂਕਰੇਨੀ ਰਾਸ਼ਟਰਪਤੀ ਦਾ ਸਵਾਂਗ ਲਗਾਉਣ ਦੀ ਵੀ ਕਸਰ ਨਾ ਛੱਡੀ- ‘’ਅਖੇ ਮੈਂ ਨੀ ਮੰਨਦਾ, ਮੈਂ ਨਹੀ ਜੰਗਬੰਦੀ ਕਰਦਾ।‘’ ਟਰੰਪ ਨੇ ਦੱਸਿਆ ਕਿ ਅਮਰੀਕਾ ਹੁਣ ਤੱਕ ਸਾਢੇ ਤਿੰਨ ਸੌ ਅਰਬ ਡਾਲਰ ਦੀ ਇਮਦਾਦ ਯੂਕਰੇਨ ਨੂੰ ਦੇ ਚੁੱਕਾ ਹੈ। ਉਸਨੇ ਹੀ ਯੂਕਰੇਨ ਨੂੰ ਟੈਂਕ ਤੋੜੂ ਜੈਵਲਿਨ ਮੁਹੱਈਆ ਕਰਵਾਈ ਹੈ ਨਾਕਿ ਉਬਾਮਾ ਪ੍ਰਸ਼ਾਸਨ ਵਾਂਗ ਕੇਵਲ ਸੁੱਕੇ ਭਰੋਸੇ ਦਿੱਤੇ ਹਨ। ਅਮਰੀਕਾ ਨਾ ਹੁੰਦਾ ਤਾਂ ਅੱਜ ਯੂਕਰੇਨ ਦਾ ਕੀ ਹਾਲ ਹੁੰਦਾ, ਸਮਝ ਜਾਵੋ। ਸਥਿਤੀ ਇਹ ਵੀ ਬਣੀ ਕਿ ਟਰੰਪ ਨੇ ਜੇਲੈਨਸਕੀ ਦੇ ਮੋਢੇ ਤੇ ਹੱਥ ਲਗਾਉਂਦਿਆਂ ਕਿਹਾ ਕਿ ਤੁਸੀਂ ਲੱਖਾਂ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹੋ। ਤੁਸੀਂ ਤੀਸਰੀ ਵਿਸ਼ਵ ਜੰਗ ਨੂੰ ਸੱਦਾ ਦੇ ਰਹੇ ਹੋ। ਜੇ ਤੁਸੀਂ ਮਜ਼ਬੂਤ ਦਿਖਾਈ ਦਿੰਦੇ ਹੋ ਤਾਂ ਅਮਰੀਕਾ ਕਰਕੇ। ਤੇ ਹੁਣ ਤੁਸੀਂ ਅਮਰੀਕਾ ਦਾ ਅਪਮਾਨ ਕਰ ਰਹੇ ਹੋ। ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਉਹ ਯੂਕਰੇਨ-ਰੂਸ ਦੀ ਜੰਗ ਪਿਛੇ ਅਸਲੀ ਹੱਥਾਂ ਦਾ ਵੀ ਖੁਲਾਸਾ ਕਰ ਗਏ। ਇਸ ਦੌਰਾਨ ਉਪ ਰਾਸ਼ਟਰਪਤੀ ਵੈਨਸ ਨੇ ਜੇਲੈਨਸਕੀ ਨੂੰ ਅਮਰੀਕੀ ਚੋਣਾਂ ਦੌਰਾਨ ਪੈਨਸਲਵੇਨੀਆ ਦਾ ਦੌਰਾ ਕਰਨ ਅਤੇ ਉਹਨਾਂ ਦੇ ਵਿਰੋਧੀ ਬਾਇਡਨ ਦੀ ਇਮਦਾਦ ਕਰਨਾ ਵੀ ਯਾਦ ਕਰਾਇਆ। ਉਂਜ ਉਹ ਮੀਡੀਆ ਸਾਹਮਣੇ ਜੇਲੈਨਸਕੀ ਦੇ ਵਿਵਹਾਰ ਨੂੰ ਅਮਰੀਕਾ ਦਾ ਅਪਮਾਨ ਕਹਿ ਰਹੇ ਸਨ ਪਰ ਇਸਦੇ ਨਾਲ ਉਹ ਇਹ ਵੀ ਜਾਹਰ ਕਰ ਗਏ ਕਿ ਉਹਨਾਂ ਦਾ ਜੇਲੈਨਸਕੀ ਖਿਲਾਫ ਗੁੱਸਾ ਕੇਵਲ ਜੰਗਬੰਦੀ ਤੇ ਸਹੀ ਪਾਉਣ ਤੋਂ ਇਨਕਾਰੀ ਹੋਣਾ ਹੀ ਨਹੀ ਬਲਿਕ ਅਮਰੀਕੀ ਚੋਣਾਂ ਦੌਰਾਨ ਬਾਇਡਨ ਟੀਮ ਦੀ ਇਮਦਾਦ ਕਰਨਾ ਵੀ ਹੈ। ਜਿਕਰਯੋਗ ਹੈ ਕਿ ਯੂਕਰੇਨੀ ਰਾਸ਼ਟਰਪਤੀ ਦੀ ਬਾਇਡਨ ਪ੍ਰਸ਼ਾਸ਼ਨ ਨਾਲ ਵਧੇਰੇ ਨੇੜਤੇ ਰਹੀ ਹੈ। ਇਹ ਨੇੜਤਾ ਟਰੰਪ ਲਈ ਪ੍ਰੇਸ਼ਾਨੀ ਦਾ ਕਾਰਣ ਰਹੀ ਹੈ। ਆਪਣੀ ਪਿਛਲੀ ਟਰਮ ਵੇਲੇ ਜਦੋਂ ਟਰੰਪ ਨੇ ਰਾਸ਼ਟਰਪਤੀ ਜੇਲੈਨਕਸੀ ਨੂੰ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦੇ ਪੁੱਤਰ ਹੰਟਰ ਬਾਇਡਨ ਦੀ ਸ਼ਮੂਲੀਅਤ ਵਾਲੀ ਇਕ ਯੂਕਰੇਨੀ ਊਰਜਾ ਕੰਪਨੀ ਖਿਲਾਫ ਜਾਂਚ ਖੋਹਲੇ ਜਾਣ ਦੀ ਮੰਗ ਕੀਤੀ ਤਾਂ ਸੀ ਉਸਨੇ ਇਸਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਟਰੰਪ ਵਲੋਂ ਜੇਲੈਨਸਕੀ ਨੂੰ ਕੀਤੇ ਗਏ ਫੋਨ ਨੂੰ ਰਾਸ਼ਟਰਪਤੀ ਦੇ ਅਧਿਕਾਰਾਂ ਦੀ ਦੁਰਵਰਤੋਂ ਦਾ ਮੁੱਦਾ ਬਣਾਉਂਦਿਆਂ ਹੀ ਟਰੰਪ ਖਿਲਾਫ ਮਹਾਂਦੋਸ਼ ਦਾ ਕੇਸ ਸਾਹਮਣੇ ਆਇਆ ਸੀ। ਭਾਵੇਂਕਿ ਉਸ ਸਮੇਂ ਟਰੰਪ ਮਹਾਂਦੋਸ਼ ਦੇ ਸੰਕਟ ਚੋਂ ਬਾਹਰ ਨਿਕਲ ਆਏ ਸਨ ਪਰ ਯੂਕਰੇਨੀ ਰਾਸ਼ਟਰਪਤੀ ਨਾਲ ਉਹਨਾਂ ਦਾ ਇਹ ਪੁਰਾਣਾ ਹਿਸਾਬ ਹੀ ਹੈ ਜੋ ਉਹ ਸ਼ਾਇਦ ਹੁਣ ਚੁੱਕਤਾ ਕਰ ਰਹੇ ਹਨ।ਅਮਰੀਕਾ ਦੇ ਸਭ ਤੋਂ ਨੇੜਲੇ ਤੇ ਇਤਿਹਾਸਕ ਭਾਈਵਾਲ ਕੈਨੇਡਾ ਖਿਲਾਫ ਸਜਾ ਵਾਲੇ ਟੈਰਿਫ ਲਗਾਉਣ ਦੀਆਂ ਧਮਕੀਆਂ ਪਿੱਛੇ ਵੀ ਟਰੰਪ ਦਾ ਕੈਨੇਡੀਅਨ ਲਿਬਰਲ ਆਗੂਆਂ ਨਾਲ ਆਪਣਾ ਹਿਸਾਬ-ਕਿਤਾਬ ਬਰਾਬਰ ਕਰਨਾ ਵੀ ਇਕ ਪੱਖ ਹੈ। ਦੁਨੀਆ ਦਾ ਹਰ ਸ਼ਾਂਤੀਪਸੰਦ ਸ਼ਹਿਰੀ ਭਾਵੇਂਕਿ ਯੂਕਰੇਨ-ਰੂਸ ਵਿਚਾਲੇ ਤੁਰੰਤ ਜੰਗਬੰਦੀ ਜਾਂ ਦੁਨੀਆ ਦੇ ਹੋਰ ਕਿਸੇ ਵੀ ਖਿੱਤੇ ਵਿਚ ਸ਼ਾਂਤੀ ਦੀ ਕਾਮਨਾ ਕਰਦਾ ਹੈ ਪਰ ਇਹ ਜੰਗਬੰਦੀ ਜਾਂ ਸ਼ਾਂਤੀ ਉਦੋਂ ਹੀ ਸੰਭਵ ਹੈ ਜਦੋਂ ਸਿਆਸਤਦਾਨ ਤੋਂ ਹਾਕਮ ਬਣੇ ਤਾਜਦਾਰਾਂ ਦੇ ਆਪਣੇ ਹਿੱਤ ਜਾਂ ਸਿਆਸੀ ਹਾਊਮੈਂ ਨੂੰ ਸ਼ਾਂਤੀ ਰਾਸ ਆਉਂਦੀ ਹੋਈ।