ਸਰੀ, 4 ਮਾਰਚ (ਹਰਦਮ ਮਾਨ)-ਪੰਜਾਬੀ ਦੇ ਨਾਮਵਰ ਸ਼ਾਇਰ ਕ੍ਰਿਸ਼ਨ ਭਨੋਟ ਦੇ ਅਚਾਨਕ ਸਦੀਵੀ ਵਿਛੋੜੇ ਉੱਪਰ ਪੰਜਾਬੀ ਸਾਹਿਤਕਾਰਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਵੱਖ ਵੱਖ ਲੇਖਕਾਂ ਵੱਲੋਂ ਸ਼ੋਕ ਮੀਟਿੰਗਾਂ ਕਰ ਕੇ ਮਰਹੂਮ ਸ਼ਾਇਰ ਨੂੰ ਯਾਦ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਭਨੋਟ ਲੰਮੇਂ ਸਮੇਂ ਤੋਂ ਸਰੀ (ਕੈਨੇਡਾ) ਵਿਖੇ ਰਹਿ ਰਹੇ ਸਨ। ਉਹ ਸਾਹਿਤ ਸਭਾ ਸਰੀ ਦੇ ਪ੍ਰਧਾਨ ਸਨ ਅਤੇ ਗ਼ਜ਼ਲ ਮੰਚ ਸਰੀ ਦੇ ਮੁੱਢਲੇ ਮੈਂਬਰ ਸਨ। ਦੁਨੀਆਂ ਭਰ ਵਿਚ ਉਨ੍ਹਾਂ ਦੇ ਅਨੇਕਾਂ ਸ਼ਾਗਿਰਦਾਂ ਨੇ ਗ਼ਜ਼ਲ ਅਤੇ ਪਿੰਗਲ-ਅਰੂਜ਼ ਦੀ ਮੁੱਢਲੀ ਸਿੱਖਿਆ ਉਨ੍ਹਾਂ ਤੋਂ ਗ੍ਰਹਿਣ ਕੀਤੀ। ਉਹ ਹਰ ਇਕ ਨਵੇਂ ਗ਼ਜ਼ਲਗੋ ਦੀ ਯੋਗ ਅਗਵਾਈ ਕਰਨ ਵਿਚ ਖੁਸ਼ੀ ਮਹਿਸੂਸ ਕਰਦੇ ਸਨ। ਪਿਛਲੇ ਕੁਝ ਕੁ ਦਿਨਾਂ ਤੋਂ ਬੀਮਾਰ ਸਨ ਅਤੇ ਬੀਤੇ ਦਿਨ ਅਚਾਨਕ ਸਭ ਨੂੰ ਅਲਵਿਦਾ ਕਹਿ ਗਏ।
ਗ਼ਜ਼ਲ ਮੰਚ ਸਰੀ ਦੇ ਬਹੁਤ ਸ਼ਾਇਰ ਇਨ੍ਹਾਂ ਦਿਨਾਂ ਵਿਚ ਪੰਜਾਬ ਆਏ ਹੋਏ ਹਨ। ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦੇ ਵਿਛੋੜੇ ਕਾਰਨ ਉਹ ਦੁੱਖ ਵਿਚ ਹਨ। ਵੱਖ ਵੱਖ ਸ਼ੋਕ ਸੁਨੇਹਿਆਂ ਰਾਹੀਂ ਗ਼ਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਮਾਨ, ਦਸ਼ਮੇਸ਼ ਗਿੱਲ ਫ਼ਿਰੋਜ਼, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਗੁਰਮੀਤ ਸਿੱਧੂ ਅਤੇ ਬਲਦੇਵ ਸੀਹਰਾ ਨੇ ਮੰਚ ਦੇ ਸਤਿਕਾਰਤ ਮੈਂਬਰ ਅਤੇ ਬਹੁਤ ਹੀ ਨਿੱਘੇ ਦੋਸਤ ਕ੍ਰਿਸ਼ਨ ਭਨੋਟ ਦੇ ਰੁਖ਼ਸਤ ਹੋ ਜਾਣ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ (ਅਮਰੀਕਾ) ਦੇ ਪ੍ਰਧਾਨ ਅਤੇ ਉੱਘੇ ਗ਼ਜ਼ਲਗੋ ਕੁਲਵਿੰਦਰ ਅਤੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਵੀ ਕ੍ਰਿਸ਼ਨ ਭਨੋਟ ਦੇ ਅਚਾਨਕ ਚਲੇ ਜਾਣ ‘ਤੇ ਦੁੱਖ ਪ੍ਰਗਟ ਕੀਤਾ ਹੈ।
ਵੈਨਕੂਵਰ ਵਿਚਾਰ ਮੰਚ ਸਰੀ ਦੇ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ, ਚਮਕੌਰ ਸਿੰਘ ਸੇਖੋਂ, ਪਰਮਜੀਤ ਸਿੰਘ ਸੇਖੋਂ, ਮੰਗਾ ਬਾਸੀ ਅਤੇ ਨਵਦੀਪ ਗਿੱਲ ਨੇ ਆਪਣੇ ਸ਼ੋਕ ਸੁਨੇਹਿਆਂ ਰਾਹੀਂ ਮਰਹੂਮ ਸ਼ਾਇਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।