Headlines

ਅੰਤਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ

ਹਰਦਮ ਮਾਨ

ਸਰੀ: ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਬੀਤੇ ਦਿਨੀਂ ਆਪਣਾ 20ਵਾਂ ਸਾਲਾਨਾ ਅੰਤਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ। ਇਸ ਸਬੰਧ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਪਲੀ ਦੇ ਸਰਗਰਮ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਸ਼ਾਮਲ ਹੋਏ।

ਸਮਾਗਮ ਦਾ ਆਗਾਜ਼ ਹਰਮਨ ਪੰਧੇਰ ਨੇ ਕੀਤਾ। ਪਲੀ ਦੇ ਮੀਤ ਪ੍ਰਧਾਨ ਡਾ. ਸਾਧੂ ਬਿਨਿੰਗ ਨੇ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਪੰਜਾਬੀ ਬੋਲੀ ਦੀ ਹੋਂਦ ਵੀਹਵੀਂ ਸਦੀ ਦੇ ਸ਼ੁਰੂ ਤੋਂ ਹੈ ਅਤੇ ਇਸ ਬੋਲੀ ਨੇ ਇਸ ਮੁਲਕ ਦੇ ਵਿਕਾਸ ਵਿੱਚ ਪਿਛਲੇ 125 ਸਾਲ ਹਿੱਸਾ ਪਾਇਆ ਹੈ। ਸਾਡੀ ਸਭ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਪੰਜਾਬੀ ਬੋਲੀ ਨੂੰ ਕੈਨੇਡਾ ਵਿੱਚ ਕੌਮੀ ਪੱਧਰ ’ਤੇ ਸਰਕਾਰੀ ਮਾਨਤਾ ਮਿਲੇ। ਇਹ ਇੱਕ ਵਿਦੇਸ਼ੀ ਬੋਲੀ ਵਜੋਂ ਨਹੀਂ ਇੱਕ ਕੈਨੇਡੀਅਨ ਬੋਲੀ ਵਜੋਂ ਜਾਣੀ ਤੇ ਸਤਿਕਾਰੀ ਜਾਵੇ।

ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੀ ਨਿਊਟਨ ਦੀ ਐੱਮ.ਐੱਲ.ਏ. ਜੈਸੀ ਸੁੱਨੜ ਨੇ ਪੰਜਾਬੀ ਬਾਰੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਰਜਿੰਦਰ ਪੰਧੇਰ ਨੇ ਪੰਜਾਬੀ ਪੜ੍ਹਨ ਲਈ ਸਭ ਨੂੰ ਪ੍ਰੇਰਿਤ ਕੀਤਾ ਅਤੇ ਸਮਾਗਮ ਦੌਰਾਨ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੈਸ ਮਾਰਗ੍ਰੇਟ ਸਕੂਲ ਦੀ ਵਿਦਿਆਰਥਣ ਜਪਜੀ ਔਜਲਾ ਅਤੇ ਸਰੀਨਾ ਨਾਗਰਾ ਨੇ ਪੰਜਾਬੀ ਸੱਭਿਆਚਾਰ ਵਿੱਚ ‘ਪੱਖੀ ਦੀ ਮਹੱਤਤਾ’ ਬਾਰੇ ਗੱਲਬਾਤ ਕੀਤੀ। ਸਰੀ ਸਕੂਲ ਬੋਰਡ ਟਰੱਸਟੀ ਗੈਰੀ ਥਿੰਦ ਅਤੇ ਡੈਲਟਾ ਤੋਂ ਨਿੰਮੀ ਡੌਲਾ ਨੇ ਸਕੂਲਾਂ ਵਿੱਚ ਪੰਜਾਬੀ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਸਰੀ ਪੁਲੀਸ ਇੰਸਪੈਕਟਰ ਜੈਗ ਖੋਸਾ ਨੇ ਅਜੋਕੀ ਨੌਜਵਾਨ ਪੀੜ੍ਹੀ ਨਾਲ ਜੁੜਨ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਯੂ.ਬੀ.ਸੀ. ਦੇ ਲਾਇਬ੍ਰੇਰੀਅਨ ਸਰਬਜੀਤ ਰੰਧਾਵਾ ਨੇ ਏਸ਼ੀਅਨ ਲਾਇਬ੍ਰੇਰੀ ਦੀ ਜਾਣਕਾਰੀ ਦਿੱਤੀ। ਸਿਟੀ ਆਫ ਸਰੀ ਦੇ ਮਲਟੀਕਲਚਰਲ ਮੀਡੀਆ ਵਿਭਾਗ ਦੇ ਪ੍ਰਭਜੋਤ ਕਾਹਲੋਂ ਨੇ ਪੰਜਾਬੀ ਭਾਸ਼ਾ ਵਿੱਚ ਉਪਲੱਬਧ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਕੇ.ਪੀ.ਯੂ. ਦੇ ਵਿਦਿਆਰਥੀ ਰੌਨਿਕ ਬਿਰਕ ਨੇ ‘ਪੰਜਾਬੀ ਪੜ੍ਹਨ ਦੀ ਮਹੱਤਤਾ’ ਬਾਰੇ ਵਿਚਾਰ ਪੇਸ਼ ਕੀਤੇ। ਪਲੀ ਦੀ ਮੈਂਬਰ ਪ੍ਰਭਜੋਤ ਕੌਰ ਸਿੰਘ ਨੇ ਆਪਣੀ ਨਵੀਂ ਕਿਤਾਬ ਬਾਰੇ ਅਤੇ ਹਰਮਨ ਪੰਧੇਰ ਨੇ ਆਪਣੀਆਂ ਲਿਖੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ। ਯੂ.ਬੀ.ਸੀ. ਦੇ ਵਿਦਿਆਰਥੀ ਗੁਰਫਤਹਿ ਸਿੰਘ ਨੇ ਪੰਜਾਬੀ ਮਾਂ ਬੋਲੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਐੱਸ.ਐੱਫ਼.ਯੂ. ਦੀ ਵਿਦਿਆਰਥਣ ਕੇਲੀ ਗੈਡੀਜ਼ ਨੇ ਵੀ ਆਪਣੇ ਵਿਚਾਰ ਰੱਖੇ।

ਗੁਰਵੀਰ ਸਿੰਘ ਮੱਕੜ ਨੇ ਅਜਮੇਰ ਰੋਡੇ ਦੀ ਕਵਿਤਾ ‘ਲੇਬਲ’, ਗਾਇਕ ਸੁੱਖੀ ਲਾਲੀ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ, ਗੁਰਮਨ ਸਿੰਘ ਡੌਡ ਨੇ ਸਾਧੂ ਬਿਨਿੰਗ ਦੀ ਕਵਿਤਾ ‘ਸੀਨਾ ਪਾਟਣ ਦੀ ਗੱਲ’, ਸਤਕਾਰ ਸਿੰਘ ਸੋਢੀ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਹਵਾ ਦਾ ਜੀਵਨ’ ਅਤੇ ਪ੍ਰਿੰਸੈਸ ਮਾਰਗ੍ਰੇਟ ਸਕੂਲ ਦੀਆਂ ਵਿਦਿਆਰਥਣਾਂ ਮੰਨਤ ਜਿੰਦਲ ਅਤੇ ਦਿਲਜੋਤ ਗਿੱਲ ਨੇ ਪੰਜਾਬੀ ਬੋਲੀ ’ਤੇ ਲਿਖੀ ਕਵਿਤਾ ਪੇਸ਼ ਕੀਤੀ। ਐੱਸ.ਐੱਫ.ਯੂ. ਦੇ ਵਿਦਿਆਰਥੀ ਜੇਡਨ ਅਤੇ ਰੋਹਨ ਗਿੱਲ ਨੇ ਪੰਜਾਬੀ ਪੜ੍ਹਨ ਬਾਰੇ ਇੱਕ ਵੀਡੀਓ ਦਿਖਾਈ।

ਅੰਤ ਵਿੱਚ ਐੱਲ.ਏ. ਮੈਥਿਸਨ ਸਕੂਲ ਦੀ ਅਧਿਆਪਕਾ ਗੁਰਪ੍ਰੀਤ ਕੌਰ ਬੈਂਸ ਨੇ ਆਏ ਦਰਸ਼ਕਾਂ, ਕੁਲਤਾਰ ਥਿਆੜਾ, ਪੰਜਾਬੀ ਦੀਆਂ ਕਿਤਾਬਾਂ ਬਾਰੇ ਜਾਣਕਾਰੀ ਦੇਣ ਲਈ ਸਰੀ ਪਬਲਿਕ ਲਾਇਬ੍ਰੇਰੀ ਵੱਲੋਂ ਅਤੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸਤੀਸ਼ ਗੁਲਾਟੀ ਵੱਲੋਂ ਲਾਏ ਕਿਤਾਬਾਂ ਦੇ ਸਟਾਲਾਂ ਲਈ ਅਤੇ ਗੁਰਜਿੰਦਰ ਸੇਖੋਂ ਵੱਲੋਂ ਪਲੀ ਦੀ ਸਟੇਜ ਨੂੰ ਸਜਾਉਣ ਲਈ ਪਾਏ ਯੋਗਦਾਨ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਪਲੀ ਦੇ ਮੈਂਬਰ ਰਣਬੀਰ ਜੌਹਲ, ਪਾਲ ਬਿਨਿੰਗ, ਗੁਰਿੰਦਰ ਮਾਨ, ਅਮਨਦੀਪ ਛੀਨਾ ਅਤੇ ਰੀਤਿੰਦਰ ਕੌਰ ਦਾ ਧੰਨਵਾਦ ਕੀਤਾ।

ਸੰਪਰਕ: +1 604 308 6663

Leave a Reply

Your email address will not be published. Required fields are marked *