ਨਿਊਯਾਰਕ/ਵਾਸ਼ਿੰਗਟਨ, 5 ਮਾਰਚ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰੂਸ ਤੋਂ ਮਜ਼ਬੂਤ ਸੰਕੇਤ ਮਿਲੇ ਹਨ ਕਿ ਉਹ ਸ਼ਾਂਤੀ ਲਈ ਤਿਆਰ ਹੈ। ਉਧਰ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਵੀ ਉਨ੍ਹਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਵਾਰਤਾ ਤੇ ਖਣਿਜ ਤੇ ਸੁਰੱਖਿਆ ਸਬੰਧੀ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਤਿਆਰ ਹੈ। ਟਰੰਪ ਨੇ ਇਹ ਬਿਆਨ ਮੰਗਲਵਾਰ ਰਾਤ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਦਿੱਤਾ। ਉਨ੍ਹਾਂ ਕਿਹਾ, ‘‘ਮੈਂ ਯੂਕਰੇਨ ’ਚ ਜਾਰੀ ਜੰਗ ਖ਼ਤਮ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹਾਂ। ਇਸ ਜੰਗ ’ਚ ਲੱਖਾਂ ਯੂਕਰੇਨੀ ਤੇ ਰੂਸੀ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ। ਜੰਗ ਦਾ ਕੋਈ ਅੰਤ ਦਿਖਾਈ ਨਹੀਂ ਦੇ ਰਿਹਾ ਹੈ।’’ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਜ਼ੇਲੈਂਸਕੀ ਦਾ ਪੱਤਰ ਮਿਲਿਆ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ‘ਯੂਕਰੇਨ ਸ਼ਾਂਤੀ ਲਈ ਛੇਤੀ ਤੋਂ ਛੇਤੀ ਗੱਲਬਾਤ ਦੀ ਮੇਜ਼ ’ਤੇ ਆਉਣ ਲਈ ਤਿਆਰ ਹੈ।