Headlines

ਯੁੱਧ ਨਸ਼ੇ ਵਿਰੁੱਧ: ਪੰਜਾਬ ਦੀਆਂ ਜੇਲ੍ਹਾਂ ’ਚ ਬੰਦੀਆਂ ਦਾ ਘੜਮੱਸ

ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਮਗਰੋਂ ਬੰਦੀਆਂ ਦੀ ਆਮਦ ਵਧੀ

ਚਰਨਜੀਤ ਭੁੱਲਰ

ਚੰਡੀਗੜ੍ਹ, 5 ਮਾਰਚ

ਪੰਜਾਬ ਦੀਆਂ ਜੇਲ੍ਹਾਂ ’ਚ ਹੁਣ ਬੰਦੀਆਂ ਦੀ ਆਮਦ ਵਧ ਗਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਦਿਨ ਪਹਿਲਾਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੂੰ ਉੱਚ ਪੱਧਰੀ ਮੀਟਿੰਗ ਕਰਕੇ ਨਸ਼ੇ ਰੋਕਣ ਸਬੰਧੀ ਹਦਾਇਤਾਂ ਦਿੱਤੀਆਂ ਸਨ। ਪੰਜਾਬ ਸਰਕਾਰ ਨੇ ਨਸ਼ਿਆਂ ਦੀ ਰੋਕਥਾਮ ਲਈ ਪੰਜ ਮੈਂਬਰੀ ਕੈਬਨਿਟ ਕਮੇਟੀ ਵੀ ਬਣਾਈ ਹੈ।

ਜਿਉਂ-ਜਿਉਂ ਨਸ਼ਾ ਤਸਕਰੀ ਦੇ ਕੇਸ ਦਰਜ ਹੋ ਰਹੇ ਹਨ, ਜੇਲ੍ਹਾਂ ਵਿੱਚ ਬੰਦੀਆਂ ਦਾ ਅੰਕੜਾ ਵਧਣ ਲੱਗਾ ਹੈ। ਕਰੀਬ ਦੋ ਹਫ਼ਤਿਆਂ ’ਚ ਸੂਬੇ ਦੀਆਂ ਜੇਲ੍ਹਾਂ ’ਚ 1074 ਨਵੇਂ ਬੰਦੀ ਆਏ ਹਨ। ਅੱਜ ਇੱਕੋ ਦਿਨ ’ਚ ਜੇਲ੍ਹਾਂ ’ਚ 259 ਬੰਦੀ ਆਏ ਹਨ ਜਦੋਂ ਕਿ ਲੰਘੇ ਦਿਨ ’ਚ 314 ਬੰਦੀ ਪੁੱਜੇ ਸਨ।

ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦੀ ਜ਼ਿਆਦਾ ਹਨ, ਜਦੋਂ ਕਿ ਸਮਰੱਥਾ ਘੱਟ ਹੈ। ਸੂਤਰ ਦੱਸਦੇ ਹਨ ਕਿ ਜੇਲ੍ਹ ਪ੍ਰਸ਼ਾਸਨ ਅਗਾਊਂ ਵਿਉਂਤਬੰਦੀ ਕਰਨ ਲੱਗਿਆ ਹੈ ਕਿ ਜੇ ਆਉਂਦੇ ਦਿਨਾਂ ’ਚ ਐੱਨਡੀਪੀਐੱਸ ਦੇ ਕੇਸਾਂ ਦੀ ਗਿਣਤੀ ਵਧਦੀ ਹੈ ਤਾਂ ਬੰਦੀਆਂ ਨੂੰ ਰੱਖਣ ਲਈ ਨਵੇਂ ਇੰਤਜ਼ਾਮ ਕਰਨੇ ਪੈਣਗੇ। ਪੁਰਾਣੇ ਸਮਿਆਂ ’ਚ ਜਦੋਂ ਵੀ ਜੇਲ੍ਹਾਂ ਵਿੱਚ ਇਕਦਮ ਬੰਦੀਆਂ ਦਾ ਘੜਮੱਸ ਪਿਆ ਤਾਂ ਕਈ ਜੇਲ੍ਹਾਂ ’ਚ ਤੰਬੂ ਵੀ ਲੱਗਦੇ ਰਹੇ ਹਨ। ਉੱਪਰੋਂ ਹੁਣ ਪੰਜਾਬ ਪੁਲੀਸ ਨੇ ਕਿਸਾਨ ਆਗੂਆਂ ਦੀ ਫੜੋ-ਫੜੀ ਵੀ ਸ਼ੁਰੂ ਕੀਤੀ ਹੋਈ ਹੈ।

ਪੰਜਾਬ ਪੁਲੀਸ ਨੇ ਪੰਜ ਦਿਨਾਂ ਤੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਨ੍ਹਾਂ ਦਿਨਾਂ ਵਿੱਚ ਪੁਲੀਸ ਨੇ 547 ਨਸ਼ਾ ਤਸਕਰ ਕਾਬੂ ਕੀਤੇ ਹਨ। ਪੰਜਾਬ ਪੁਲੀਸ ਵੱਲੋਂ ਭਗੌੜੇ ਤਸਕਰਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਹੁਣ ਕਿਸਾਨ ਧਿਰਾਂ ਵੀ ਸੜਕਾਂ ’ਤੇ ਹਨ ਅਤੇ ਪੁਲੀਸ ਦੀ ਸਖ਼ਤੀ ਹੋਣ ਦੀ ਸੂਰਤ ਵਿੱਚ ਜੇਲ੍ਹਾਂ ’ਚ ਭੀੜ ਵਧ ਸਕਦੀ ਹੈ। ਇਸ ਸਬੰਧ ’ਚ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਿਰਫ਼ ਇੰਨਾ ਹੀ ਕਿਹਾ ਕਿ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਦਾ ਅਸਰ ਦਿਖਾਈ ਦੇਣ ਲੱਗਾ ਹੈ।

ਪੰਜਾਬ ਦੀਆਂ ਜੇਲ੍ਹਾਂ ’ਚ 31,407 ਬੰਦੀ

ਪੰਜਾਬ ਦੀਆਂ ਜੇਲ੍ਹਾਂ ’ਚ ਅੱਜ ਬੁੱਧਵਾਰ ਸ਼ਾਮ ਤੱਕ ਕੁੱਲ 31,407 ਬੰਦੀ ਹਨ, ਜਦੋਂ ਕਿ 20 ਫਰਵਰੀ ਨੂੰ ਇਹ ਅੰਕੜਾ 30,337 ਸੀ। ਲੁਧਿਆਣਾ ਜੇਲ੍ਹ ’ਚ ਅੱਜ ਇੱਕੋ ਦਿਨ ’ਚ 45 ਨਵੇਂ ਬੰਦੀ ਆਏ ਹਨ ਅਤੇ ਇਸ ਕੇਂਦਰੀ ਜੇਲ੍ਹ ’ਚ ਕੁੱਲ 4,467 ਬੰਦੀ ਹਨ। ਕਪੂਰਥਲਾ ਜੇਲ੍ਹ ਵਿੱਚ ਬੰਦੀਆਂ ਦੀ ਗਿਣਤੀ 3,963 ਹੈ ਜਦੋਂ ਕਿ ਪਟਿਆਲਾ ਜੇਲ੍ਹ ਵਿੱਚ 2,334 ਬੰਦੀ ਹਨ।

Leave a Reply

Your email address will not be published. Required fields are marked *