ਟਰੱਕ ਯੂਨੀਅਨ ਭਵਾਨੀਗੜ੍ਹ ਦੀ ਚੋਣ ’ਚ ਰਿਸ਼ਵਤਖੋਰੀ ਦੇ ਮਾਮਲੇ ਸਬੰਧੀ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ
ਸੰਗਰੂਰ, 5 ਮਾਰਚ
ਟਰੱਕ ਯੂਨੀਅਨ ਭਵਾਨੀਗੜ੍ਹ ਦੀ ਪ੍ਰਧਾਨਗੀ ਲਈ ਕਥਿਤ ਤੌਰ ’ਤੇ ਪੈਸੇ ਦਾ ਲੈਣ-ਦੇਣ ਹੋਣ ਅਤੇ ਟਰੱਕ ਅਪਰੇਟਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਖ਼ਿਲਾਫ਼ ਕਾਰਵਾਈ ਕਰਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ, ਪੀੜਤ ਪਰਿਵਾਰ ਅਤੇ ਇਲਾਕੇ ਦੇ ਲੋਕਾਂ ਵੱਲੋਂ ਅੱਜ ਇੱਥੇ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਸੋਮਵਾਰ ਨੂੰ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕਰਨ ਅਤੇ ਰਾਜਪਾਲ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਹਲਕਾ ਵਿਧਾਇਕ ਖ਼ਿਲਾਫ਼ ਤੁਰੰਤ ਕੇਸ ਦਰਜ ਕੀਤਾ ਜਾਵੇ, ਟਰੱਕ ਯੂਨੀਅਨ ਭਵਾਨੀਗੜ੍ਹ ਵਿੱਚ ਕਰੋੜਾਂ ਦੇ ਹੋਏ ਗਬਨ ਦੀ ਜਾਂਚ ਕੀਤੀ ਜਾਵੇ, ਪ੍ਰਧਾਨ ਦੀ ਹੋਈ ਚੋਣ ਰੱਦ ਕੀਤੀ ਜਾਵੇ ਅਤੇ ਪੰਜ ਮੈਂਬਰੀ ਕਮੇਟੀ ਬਣਾਈ ਜਾਵੇ।
ਇਸ ਮੌਕੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੌਜੂਦਾ ਸਰਕਾਰ ’ਚ ਆਮ ਲੋਕਾਂ ਲਈ ਕਾਨੂੰਨ ਹੋਰ ਹਨ ਪਰ ‘ਆਪ’ ਲੀਡਰਾਂ ਲਈ ਹੋਰ ਹਨ। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੋਸ਼ ਲਾਇਆ ਕਿ ਹਰ ਫਰੰਟ ’ਤੇ ਫੇਲ੍ਹ ਹੋਈ ਸਰਕਾਰ ਦੀ ਤਿੰਨ ਸਾਲ ਬਾਅਦ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਚਲਾਉਣ ਲਈ ਜਾਗ ਖੁੱਲ੍ਹੀ ਹੈ, ਜਦੋਂ ਕਿ ਸਰਕਾਰ ਦੇ ‘ਆਪਣਿਆਂ’ ਵਲੋਂ ਪ੍ਰਧਾਨਗੀਆਂ ਵੇਚੀਆਂ ਜਾ ਰਹੀਆਂ ਹਨ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਦਾਅਵਾ ਕੀਤਾ ਕਿ ਹਲਕਾ ਵਿਧਾਇਕ, ਪੈਸੇ ਮੋੜਨ ਵਾਲੇ ਗੁਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਕਾਕਾ ਵਿਚਕਾਰ ਹੋਈ ਗੱਲਬਾਤ ਦੀਆਂ 180 ਕਾਲ ਰਿਕਾਰਡਿੰਗਾਂ ਉਨ੍ਹਾਂ ਕੋਲ ਹਨ। ਧਰਨੇ ਵਿੱਚ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਪੁੱਜੇ, ਜਿਨ੍ਹਾਂ ਨੂੰ ਧਰਨਾਕਾਰੀਆਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ।