ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਸਵਰਗੀ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਸੱਭਿਆਚਾਰਕ ਕਲੱਬ ਰਜਿਸਟਡ ਵਲੋਂ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ਦੀ 37ਵੀਂ ਬਰਸੀ ਮੌਕੇ ਵਿਸ਼ਾਲ ਸੱਭਿਆਚਾਰਕ ਮੇਲਾ 8 ਮਾਰਚ 2025 ਸ਼ਨੀਵਾਰ ਸਵੇਰੇ 10 ਵਜੇ ਤੋਂ ਪਿੰਡ ਦੁੱਗਰੀ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਗਾਇਕ ਮੁਹੰਮਦ ਸਦੀਕ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਭੁਪਿੰਦਰ ਗਿੱਲ, ਜੈਸਮੀਨ ਅਖਤਰ, ਅਮਨ ਰੋਜੀ, ਜੈਲੀ, ਸੁਰਿੰਦਰ ਮਾਨ -ਕਰਮਜੀਤ ਕੰਮੋ, ਸੁਖਪ੍ਰੀਤ ਬੁੱਟਰ, ਜੁਗਨੀ ਢਿੱਲੋਂ, ਸਰਬੀ ਕੇ, ਬੂਟਾ ਮੁਹੰਮਦ, ਸਪਨਾ ਬਰਾੜ ਤੇ ਸਾਡੀ ਜੋੜੀ ਆਪਣੇ ਪ੍ਰੋਗਰਾਮ ਦਾ ਪ੍ਰਦਰਸ਼ਨ ਕਰੇਗੀ। ਬਲਕਾਰ ਅਣਖੀਲਾ – ਮਨਜਿੰਦਰ ਗੁਲਸ਼ਨ ਨੂੰ ਸਵਰਗੀ ਅਮਰ ਸਿੰਘ ਚਮਕੀਲਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ । ਗੀਤਕਾਰ ਜਸਵੀਰ ਗੁਣਾਚੌਰੀਆ ਨੂੰ ਵੀ ਵਿਸ਼ੇਸ਼ ਗੀਤਕਾਰੀ ਪੁਰਸਕਾਰ ਦੇ ਕੇ ਨਿਵਾਜਿਆ ਜਾਵੇਗਾ। ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਲੁਧਿਆਣਾ, ਸਰਦਾਰ ਕੁਲਵੰਤ ਸਿੰਘ ਸਿੱਧੂ ਐਮਐਲਏ ਆਤਮ ਨਗਰ ਅਤੇ ਕਲੱਬ ਦੇ ਉਪ ਚੇਅਰਮੈਨ, ਸਰਦਾਰ ਗੁਰਦੇਵ ਸਿੰਘ ਦੇਵ ਮਾਨ ਐਮਐਲਏ ਨਾਭਾ ਅਤੇ ਕਲੱਬ ਚੇਅਰਮੈਨ, ਮੁੱਖ ਮਹਿਮਾਨ ਮਾਹੀ ਸ਼ਰਮਾ ਅਦਾਕਾਰਾ, ਵਿਸ਼ੇਸ਼ ਮਹਿਮਾਨ ਅਮਲ ਰੋਜੀ ਹੋਣਗੇ। ਸਰਪ੍ਰਸਤ ਬੀਬੀ ਗੁਰਮੇਲ ਕੌਰ ਪਤਨੀ ਸਵਰਗੀ ਅਮਰ ਸਿੰਘ ਚਮਕੀਲਾ ਜੀ ਦੀ ਅਗਵਾਈ ਹੇਠ ਪ੍ਰੋਗਰਾਮ ਸਵਰਗੀ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਜੀ ਨੂੰ ਯਾਦ ਕਰਦਿਆਂ ਹਰ ਵਰ੍ਹੇ ਦੀ ਤਰ੍ਹਾਂ ਪੂਰੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾਵੇਗਾ। ਜਿਸ ਵਿੱਚ ਵਿਸ਼ਵ ਭਰ ਤੋਂ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੇ ਬੋਲਾਂ ਦੇ ਫੈਨ ਹੁੰਮ ਹੁਮਾ ਕੇ ਪੁੱਜ ਰਹੇ ਹਨ । ਸੋਸ਼ਲ ਮੀਡੀਆ ਤੇ ਇਸ ਮੇਲੇ ਦਾ ਪੋਸਟਰ ਪ੍ਰਸਿੱਧ ਗੀਤਕਾਰ ਪਾਲੀ ਦੇਤਵਾਲੀਆ ਸਮੇਤ ਵਿਧਾਇਕ ਨਾਭਾ ਸਰਦਾਰ ਗੁਰਦੇਵ ਸਿੰਘ ਮਾਨ ਜੋ ਕਲੱਬ ਦੇ ਚੇਅਰਮੈਨ ਹਨ ਵੱਲੋਂ ਵੀ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਸਾਰੇ ਸਰੋਤਿਆਂ ਨੂੰ ਇਸ ਮੇਲੇ ਵਿੱਚ ਪੁੱਜਣ ਦੀ ਪੁਰਜੋਰ ਅਪੀਲ ਕੀਤੀ ਗਈ ਹੈ।
ਪਿੰਡ ਦੁੱਗਰੀ ਲੁਧਿਆਣਾ ‘ਚ ਸਵ. ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਯਾਦ ਵਿੱਚ ਵਿਸ਼ਾਲ ਸੱਭਿਆਚਾਰਕ ਮੇਲਾ 8 ਮਾਰਚ ਨੂੰ
