ਸੁਪਾਰੀ ਦੇ ਕੇ ਕਤਲ ਕਰਾਉਣ ਪਿੱਛੇ ਕਿਹੜੀਆਂ ਤਾਕਤਾਂ ਸ਼ਾਮਿਲ? ਇਹ ਸਵਾਲ ਜਿਉਂਦਾ ਤਿਉਂ ਬਰਕਰਾਰ!
ਵੈਨਕੂਵਰ, (ਡਾ. ਗੁਰਵਿੰਦਰ ਸਿੰਘ)-ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਅਦਾਲਤ ਨੇ ਕੈਨੇਡਾ ਦੇ ਸਿੱਖ ਭਾਈ ਰਿਪੁਦਮਨ ਸਿੰਘ ਮਲਿਕ ਦੀ 14 ਜੁਲਾਈ 2022 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਭਾੜੇ ਦੇ ਕਾਤਲ ਐਬਸਫੋਰਡ ਵਾਸੀ ਅਪਰਾਧੀ 26 ਸਾਲਾ ਹੋਸੇ ਲੁਪੇਜ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਨੂੰ 20 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ। ਇਸ ਮਾਮਲੇ ਵਿੱਚ ਪਹਿਲੇ ਦੋਸ਼ੀ 24 ਸਾਲਾ ਟੈਨਰ ਫੋਕਸ ਨੂੰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਵੇਲੇ ਦੂਜੇ ਕਾਤਲ ਹੋਸੇ ਲੁਪੇਜ਼ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ ਗਿਆ ਸੀ। ਇਸ ਦੌਰ ਅਦਾਲਤ ਵਿੱਚ ਮੌਜੂਦ ਭਾਈ ਮਲਿਕ ਦੀ ਨੂੰਹ ਬੀਬੀ ਸੰਦੀਪ ਕੌਰ ਧਾਲੀਵਾਲ ਨੇ ਦੋਸ਼ੀ ਤੋਂ ਪੁੱਛਿਆ ਸੀ ਕਿ ਉਹ ਉਹਨਾਂ ਨਾਵਾਂ ਨੂੰ ਨਸ਼ਰ ਕਰੇ, ਜਿਨਾਂ ਦੇ ਕਹਿਣ ਤੇ ਉਸਨੇ ਸੁਪਾਰੀ ਲੈ ਕੇ ਉਹਨਾਂ ਦੇ ਪਿਤਾ ਦਾ ਕਤਲ ਕੀਤਾ ਸੀ। ਅੱਜ ਦੁਬਾਰਾ ਅਦਾਲਤ ਵਿੱਚ ਹਾਜ਼ਰ ਹੋਈ ਸੰਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਉਹ ਇਸ ਦੁਖਦਾਈ ਘਟਨਾ ਵਿੱਚ ਮੁੜ ਆਪਣੇ “ਡੈਡੀ ਜੀ” ਦੇ ਕਾਤਲਾਂ ਦੀ ਸਜ਼ਾ ਮੌਕੇ ਹਾਜ਼ਰ ਹਨ। ਉਹਨਾਂ ਇਨਸਾਫ ਦੀ ਮੰਗ ਕੀਤੀ ਅਤੇ ਕਤਲ ਪਿੱਛੇ ਤਾਕਤਾਂ ਦੀ ਨਿਸ਼ਾਨਦੇਹੀ ਲਈ ਆਵਾਜ਼ ਉਠਾਈ।
ਮਰਹੂਮ ਰਿਪੁਦਮਨ ਸਿੰਘ ਮਲਿਕ ਦੀ ਧੀ ਕੀਰਤ ਕੌਰ ਮਲਿਕ ਨੇ ਕਿਹਾ ਕਿ ਉਸਦੇ ਪਿਤਾ ਭਾਈਚਾਰੇ ਦਾ ਥੰਮ ਸਨ, ਜਿਨਾਂ ਆਪਣਾ ਜੀਵਨ ਭਾਈਚਾਰੇ ਦੇ ਲੇਖੇ ਲਾਇਆ ਅਤੇ ਜ਼ਿੰਦਗੀ ਸਿੱਖੀ ਦੇ ਪ੍ਰਚਾਰ ਅਤੇ ਵਿੱਦਿਆ ਨੂੰ ਸਮਰਪਿਤ ਕੀਤੀ। ਪਹਿਲੇ ਕਾਤਲ ਟੈਨਰ ਫੋਕਸ ਦੀ ਸਜ਼ਾ ਮੌਕੇ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਵਕੀਲ ਜਸਪ੍ਰੀਤ ਸਿੰਘ ਮਲਿਕ ਨੇ ਅਦਾਲਤ ਬਾਹਰ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹਨਾਂ ਦੇ ਪਰਿਵਾਰ ‘ਤੇ ਖੌਫ ਕਾਇਮ ਹੈ ਅਤੇ ਇਸ ਗੱਲ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਹਨਾਂ ਭਾੜੇ ਦੇ ਕਾਤਲਾਂ ਨੂੰ ਕਿੰਨਾ ਤਾਕਤਾਂ ਨੇ ਵਰਤਿਆ।
ਜਸਪ੍ਰੀਤ ਸਿੰਘ ਮਲਿਕ ਨੇ ਸਪੱਸ਼ਟ ਰੂਪ ‘ਚ ਆਖਿਆ ਸੀ ਕਿ ਪਿਛਲੇ ਸਾਲ, 2024 ਮਈ ਮਹੀਨੇ ਸੀਬੀਸੀ ਨੇ ਆਪਣੀ ਰਿਪੋਰਟ ਵਿੱਚ ਇੰਕਸ਼ਾਫ ਕੀਤਾ ਸੀ ਕਿ ਆਰ ਸੀ ਐਮ ਪੀ ਭਾੜੇ ਦੇ ਕਾਤਲਾਂ ਅਤੇ ਭਾਰਤ ਸਰਕਾਰ ਵਿਚਕਾਰ ਸੰਬੰਧਾਂ ਦੀ ਜਾਂਚ ਕਰ ਰਹੀ ਹੈ। ਉਹਨਾਂ ਕਾਤਲਾਂ ਤੋਂ ਮੰਗ ਕੀਤੀ ਕਿ ਉਹ ਸੱਚ ਆਰਸੀਐਮਪੀ ਨੂੰ ਦੱਸਣ ਕਿ ਉਹਨਾਂ ਨੂੰ ਕਿਸ ਨੇ ਕਾਤਲ ਲਈ ਸੁਪਾਰੀ ਦਿੱਤੀ ਸੀ, ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਸਮੇਂ ਭਾਰਤ ਦੇ ਮੀਡੀਏ ਵੱਲੋਂ ਇਹ ਬਿਰਤਾਂਤ ਖੜਾ ਕੀਤਾ ਗਿਆ ਸੀ ਕਿ ਖਾਲਿਸਤਾਨੀ ਧਿਰ ਦੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿਝਰ ਨੇ ਮਲਿਕ ਨੂੰ ਕਤਲ ਕਰਾਇਆ ਹੈ। ਮਗਰੋਂ ਭਾਈ ਹਰਦੀਪ ਸਿੰਘ ਨਿਝਰ ਦੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ 18 ਜੂਨ 2023 ਨੂੰ ਭਾੜੇ ਦੇ ਕਾਤਲਾਂ ਰਾਹੀਂ ਸਾਜਿਸ਼ੀ ਢੰਗ ਨਾਲ ਹੱਤਿਆ ਕਰ ਦਿੱਤੀ ਗਈ ਸੀ।
ਭਾਈ ਹਰਦੀਪ ਸਿੰਘ ਨਿਝਰ ਦੇ ਕਤਲ ਬਾਰੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਪਿੱਛੇ, ਭਾਰਤੀ ਸਰਕਾਰ ਦੀ ਏਜੰਟਾਂ ਦੇ ਹੱਥ ਦੇ ਸਪਸ਼ਟ ਦੋਸ਼ ਲਾਏ ਸਨ। ਕੈਨੇਡਾ ਵੱਸਦਾ ਸਿੱਖ ਭਾਈਚਾਰਾ ਆਸਬੰਦ ਹੈ ਕਿ ਇਨਾਂ ਕਤਲਾਂ ਪਿੱਛੇ ਜਿਹੜੀਆਂ ਤਾਕਤਾਂ ਸ਼ਾਮਿਲ ਹਨ, ਉਹ ਅੱਜ ਨਹੀਂ ਤਾਂ ਕੱਲ, ਜ਼ਰੂਰ ਜਨਤਕ ਹੋਣਗੀਆਂ।