ਵੈਨਕੂਵਰ -ਕਿਸੇ ਸਮੇਂ ਅਕਾਲੀ ਦਲ ਬਾਦਲ ਵੱਲੋਂ ਲਗਾਏ ਗਏ ਅਤੇ ਹੁਣ ਉਹਨਾਂ ਵੱਲੋਂ ਹੀ ਹਟਾਏ ਗਏ ਜਥੇਦਾਰਾਂ ; ਭਾਈ ਹਰਪ੍ਰੀਤ ਸਿੰਘ, ਭਾਈ ਰਘਬੀਰ ਸਿੰਘ ਤੇ ਭਾਈ ਸੁਲਤਾਨ ਸਿੰਘ ਨੂੰ ਜਿਸ ਤਰੀਕੇ ਨਾਲ ਅਯੋਗ ਕਰਾਰ ਦਿੱਤਾ ਗਿਆ ਹੈ, ਉਹ ਸ਼ਰਮਨਾਕ ਅਤੇ ਸਾਜਸ਼ੀ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਜਦੋਂ ਵੀ ਜਥੇਦਾਰ ਕਠਪੁਤਲੀਆਂ ਬਣਨ ਤੋਂ ਇਨਕਾਰੀ ਹੋਣਗੇ, ਉਹਨਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਏਗਾ।
ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ, ਗੱਲ ਸ਼੍ਰੋਮਣੀ ਅਕਾਲੀ ਦਲ ਸੰਸਥਾ ਦੇ ਵਕਾਰ ਦੀ ਹੈ, ਬਾਦਲ ਪਰਿਵਾਰ ਦੇ ਕਬਜ਼ੇ ਤੋਂ ਛੁਟਕਾਰੇ ਦੀ ਹੈ। ਹਾਲਾਤ ਨਾਜ਼ੁਕ ਹਨ। ਅਸਲ ਮਸਲਾ ਦੋ ਦਸੰਬਰ 2024 ਨੂੰ ਜਥੇਦਾਰਾਂ ਵੱਲੋਂ ਲਏ ਗਏ ਫੈਸਲਿਆਂ ਦਾ ਹੈ।
ਜਥੇਦਾਰਾਂ ਨੇ ਇਤਿਹਾਸਿਕ ਫੈਸਲੇ ਦਿੱਤੇ, ਜਿੰਨਾ ‘ਚ ਅਕਾਲੀ ਦਲ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ, ਸਾਬਕਾ ਮੁੱਖ ਮੰਤਰੀ ਬਾਦਲ ਦੇ ਕਾਰਜ-ਕਾਲ ਦੌਰਾਨ, ਨੌਜਵਾਨ ਸਿੱਖਾਂ ਦੀਆਂ ਹੱਤਿਆਵਾਂ ਦੇ ਮਾਮਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਵੱਡੇ ਅਹੁਦੇ ਦੇਣੇ, ਸੌਦਾ ਸਾਧ ਨੂੰ ਮੁਆਫੀ ਦੇਣੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸੰਗਤਾਂ ਦੇ ਗੋਲੀਆਂ ਚਲਾਉਣੀਆਂ ਆਦਿ। ਇਹਨਾਂ ਮਾਮਲਿਆਂ ਦੀ ਰੌਸ਼ਨੀ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ‘ਪੰਥ ਰਤਨ’ ਖਿਤਾਬ ਵਾਪਸ ਲਿਆ ਜਾਣਾ।
ਇਹ ਪੰਥਕ ਵਰਤਾਰਾ ਅਕਾਲੀ ਦਲ ਬਾਦਲ ਨੂੰ ਰਾਸ ਨਹੀਂ ਸੀ ਆ ਰਿਹਾ ਅਤੇ ਇਹਨਾਂ ਫੈਸਲਿਆਂ ਨੂੰ ਮੂਲੋਂ ਹੀ ਖਤਮ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ।
ਨਵੇਂ ਨਿਯੁਕਤ ਜਥੇਦਾਰਾਂ ਰਾਹੀਂ ਚਾਹੇ ਇਹ ਫੈਸਲੇ ਵੀ ਬਦਲ ਲਏ ਜਾਣ, ਪ੍ਰੰਤੂ ਲੋਕ ਮਨਾਂ ਵਿੱਚ ਬਾਦਲਕਿਆਂ ਦੀ ਜੋ ਤਸਵੀਰ ਬਣ ਚੁੱਕੀ ਹੈ, ਉਹ ਕਦੇ ਵੀ ਨਹੀਂ ਬਦਲੇਗੀ। ਦੁਖਦਾਈ ਪੱਖ ਹੈ ਕਿ ਪਰਿਵਾਰ ਦੇ ਰਾਹੀਂ ਪੰਥ ਦੀ ਬਰਬਾਦੀ ਹੋ ਰਹੀ ਹੈ।
ਕਿਸੇ ਸਮੇਂ “ਪੰਥ ਵਸੇ ਮੈਂ ਉਜੜਾਂ, ਮਨ ਚਾਉ ਘਨੇਰਾ” ਕਿਹਾ ਜਾਂਦਾ ਸੀ, ਪਰ ਅੱਜ “ਪੰਥ ਉਜੜੇ ਮੈਂ ਵਸਾਂ” ਵਾਲੀ ਗੱਲ ਹੋ ਚੁੱਕੀ ਹੈ। ਅਜਿਹੇ ਹਾਲਾਤ ਵਿੱਚ ਗੁਨਾਹਗਾਰਾਂ ਦਾ ਸਾਥ ਦੇਣ ਵਾਲਿਆਂ ਨੂੰ ਵੀ ਇਤਿਹਾਸ ਕਦੇ ਮਾਫ ਨਹੀਂ ਕਰੇਗਾ।